ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਬੰਦ ਦੇ ਸੱਦੇ ਨੂੰ ਪਟਿਆਲਾ ਵਿੱਚ ਮੱਠਾ ਹੁੰਗਾਰਾ

07:42 AM Aug 22, 2024 IST
ਬਸਪਾ ਮੁਖੀ ਮਾਇਆਵਤੀ ਤੇ ਚੰਦਰ ਸ਼ੇਖਰ ਆਜ਼ਾਦ ਦਾ ਪੁਤਲਾ ਸਾੜਦੇ ਹੋਏ ਵਾਲਮੀਕਿ ਭਾਈਚਾਰੇ ਦੇ ਲੋਕ।

ਗੁਰਨਾਮ ਸਿੰਘ ਅਕੀਦਾ
ਪਟਿਆਲਾ 21 ਅਗਸਤ
‘ਰਿਜ਼ਰਵੇਸ਼ਨ ਬਚਾਓ ਸੰਘਰਸ਼ ਕਮੇਟੀ’ ਨੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਸੀ। ਇਹ ਬੰਦ ਸੁਪਰੀਮ ਕੋਰਟ ਦੇ ਉਸ ਤਾਜ਼ਾ ਫ਼ੈਸਲੇ ਦੇ ਵਿਰੋਧ ਵਿੱਚ ਕੀਤਾ ਗਿਆ ਜਿਸ ਵਿੱਚ ਰਾਖਵਾਂਕਰਨ ਅੰਦਰ ਰਾਖਵਾਂਕਰਨ (ਕੋਟੇ ਅੰਦਰ ਕੋਟਾ) ਨੂੰ ਮਾਨਤਾ ਦਿੱਤੀ ਗਈ ਹੈ। ਭਾਰਤ ਬੰਦ ਦੇ ਇਸ ਸੱਦੇ ਨੂੰ ਪਟਿਆਲਾ ਵਿੱਚ ਮੱਠਾ ਹੁੰਗਾਰਾ ਮਿਲਿਆ। ਇਸ ਮੌਕੇ ਵਾਲਮੀਕਿ ਤੇ ਰਵਿਦਾਸੀਆ ਭਾਈਚਾਰਾ ਆਹਮੋ-ਸਾਹਮਣੇ ਹੋਇਆ ਨਜ਼ਰ ਆਇਆ ਪਰ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਰਿਹਾ।
ਇਸ ਵੇਲੇ ਬਹੁਜਨ ਸਮਾਜ ਪਾਰਟੀ ਦੇ ਹਲਕਾ ਪਟਿਆਲਾ ਦੇ ਇੰਚਾਰਜ ਜਗਜੀਤ ਸਿੰਘ ਛੜਬੜ ਦੀ ਅਗਵਾਈ ਵਿੱਚ ਮਾਰਚ ਕੀਤਾ ਗਿਆ ਅਤੇ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਦੂਜੇ ਪਾਸੇ ਵਾਲਮੀਕਿ ਧਰਮ ਸਭਾ ਦੇ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਨੇ ਪਟਿਆਲਾ ਦੇ ਉਨ੍ਹਾਂ ਦੁਕਾਨਦਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅੱਜ ਬੰਦ ਦੇ ਸੱਦੇ ਦੌਰਾਨ ਵੀ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ। ਸੈਂਟਰ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਪ੍ਰਚਾਰ ਸਕੱਤਰ ਰਾਜੇਸ਼ ਘਾਰੂ ਦੀ ਅਗਵਾਈ ਅਤੇ ਵੀਰ ਰਾਜੇਸ਼ ਕੁਮਾਰ (ਕਾਕਾ) ਪ੍ਰਧਾਨ ਗਾਂਧੀ ਨਗਰ ਪਟਿਆਲਾ ਦੀ ਅਗਵਾਈ ਵਿੱਚ ਰੋਸ ਮੁਜ਼ਾਹਰਾ ਸਥਾਨਕ ਅੰਬੇਡਕਰ ਪਾਰਕ ਪੁਰਾਣਾ ਬੱਸ ਸਟੈਂਡ ਵਿਖੇ ਕੀਤਾ ਗਿਆ। ਇਸ ਦੌਰਾਨ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਅਤੇ ਸੰਸਦ ਮੈਂਬਰ ਚੰਦਰ ਸ਼ੇਖਰ ਆਜ਼ਾਦ ਦਾ ਪੁਤਲਾ ਸਾੜ ਕੇ ਵਿਰੋਧ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵਾਲਮੀਕਿ ਤੇ ਰਵਿਦਾਸੀਆ ਭਾਈਚਾਰਾ ਇਕਮੁੱਠ ਹੈ ਤੇ ਕੋਈ ਸਿਆਸਤ ਇਨ੍ਹਾਂ ਨੂੰ ਵੱਖ ਨਹੀਂ ਕਰ ਸਕਦੀ।
ਬਸਪਾ ਦੇ ਜ਼ਿਲ੍ਹਾ ਇੰਚਾਰਜ ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਿੱਚ ਸੱਤ ਜੱਜਾਂ ਦੇ ਬੈਂਚ ਵੱਲੋਂ ਅਨੁਸੂਚਿਤ ਜਾਤੀ ਸੂਚੀ ਦੇ ਉਪ-ਵਰਗੀਕਰਨ ਦਾ ਆਇਆ ਫ਼ੈਸਲਾ ਸੰਵਿਧਾਨ ਵਿਰੋਧੀ ਹੈ। ਸੁਪਰੀਮ ਕੋਰਟ ਦਾ ਇਹ ਫ਼ੈਸਲਾ ਸੰਵਿਧਾਨ ਦੀ ਧਾਰਾ 341 ਅਤੇ ਧਾਰਾ 342 ਦੀ ਉਲੰਘਣਾ ਹੈ। ਇਹ ਅਨੁਸੂਚਿਤ ਜਾਤੀ ਸੂਚੀ ਨੂੰ ਤੋੜ ਕੇ ਉਪ-ਵਰਗੀਕਰਨ ਕਰਨ ਨਾਲ ਦੇਸ਼ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਵਾਲਾ ਫ਼ੈਸਲਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਟਿੱਬੀ ਸਾਬਕਾ ਐਕਸੀਅਨ, ਮੀਤ ਪ੍ਰਧਾਨ ਰਾਮ ਲਾਲ ਰਾਠੀਆ, ਇੰਚਾਰਜ ਸੁਖ ਲਾਲ, ਸੁਰਜੀਤ ਸਿੰਘ ਗੋਰੀਆ, ਗੁਰਮੀਤ ਸਿੰਘ ਬਹਾਦਰਗੜ੍ਹ, ਕਰਨੈਲ ਸਿੰਘ ਝਿੱਲ, ਐਡਵੋਕੇਟ ਅਮਿਤ ਅਟਵਾਲ ਆਦਿ ਆਗੂ ਤੇ ਵਰਕਰ ਹਾਜ਼ਰ ਸਨ।

Advertisement

Advertisement