ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਮੈਚ ਅੱਜ
ਚੰਡੀਗੜ੍ਹ, 22 ਮਾਰਚ
ਇੰਡੀਅਲ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਭਲਕੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਮੁੱਲਾਂਪੁਰ ’ਚ ਹੋਣ ਵਾਲੇ ਮੁਕਾਬਲੇ ’ਚ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਆਹਮੋ-ਸਾਹਮੋ ਹੋਣਗੀਆਂ। ਸਾਰਿਆਂ ਦੀਆਂ ਨਜ਼ਰਾਂ ਦਿੱਲੀ ਦੇ ਕਪਤਾਨ ਰਿਸ਼ਭ ਪੰਤ ’ਤੇ ਹੋਣਗੀਆਂ ਜੋ ਸਤੰਬਰ 2022 ’ਚ ਕਾਰ ਹਾਦਸੇ ਮਗਰੋਂ ਹੁਣ ਕ੍ਰਿਕਟ ਮੈਦਾਨ ’ਚ ਵਾਪਸੀ ਕਰ ਰਿਹਾ ਹੈ। ਦਿੱਲੀ ਦੇ ਕੋਚ ਰਿਕੀ ਪੌਂਟਿੰਗ ਨੇ ਕਿਹਾ,‘‘ਪੰਤ ਨੇ ਇਸ ਵਾਰ ਆਈਪੀਐੱਲ ਤੋਂ ਪਹਿਲਾਂ ਜਿੰਨਾ ਬੱਲੇਬਾਜ਼ੀ ਅਭਿਆਸ ਕੀਤਾ ਹੈ, ਓਨਾ ਸ਼ਾਇਦ ਪਹਿਲਾਂ ਕਦੇ ਨਾ ਕੀਤਾ ਹੋਵੇਗਾ। ਉਹ ਆਪਣੇ ਸ਼ਰੀਰ ਨੂੰ ਪਹਿਲਾਂ ਵਾਲੀ ਲੈਅ ’ਚ ਦੇਖਣਾ ਚਾਹੁੰਦਾ ਹੈ।’’ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਪੰਤ ਵਿਕਟਕੀਪਿੰਗ ਵੀ ਕਰਨਗੇ ਜਾਂ ਨਹੀਂ। ਪੰਜਾਬ ਦੀ ਟੀਮ ਦਿੱਲੀ ਵਾਂਗ ਅਜੇ ਤੱਕ ਆਈਪੀਐੱਲ ਦਾ ਖ਼ਿਤਾਬ ਨਹੀਂ ਜਿੱਤ ਸਕੀ ਹੈ। ਉਹ ਇਕ ਵਾਰ ਫਾਈਨਲ ’ਚ ਪੁੱਜੀ ਹੈ ਜਦੋਂ 2014 ’ਚ ਉਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਹਰਾਇਆ ਸੀ।
ਸ਼ਿਖਰ ਧਵਨ ਦੇ ਰੂਪ ’ਚ ਪੰਜਾਬ ਕੋਲ ਅਜਿਹਾ ਕਪਤਾਨ ਹੈ ਜੋ ਕੌਮੀ ਟੀਮ ਤੋਂ ਬਾਹਰ ਰਹਿਣ ਦੇ ਬਾਵਜੂਦ ਆਪਣੀ ਅਹਿਮੀਅਤ ਸਾਬਿਤ ਕਰਨ ਲਈ ਬੇਤਾਬ ਹੈ। ਗੇਂਦਬਾਜ਼ੀ ’ਚ ਕੈਗਿਸੋ ਰਬਾਡਾ, ਅਰਸ਼ਦੀਪ ਸਿੰਘ, ਹਰਸ਼ਲ ਪਟੇਲ ’ਤੇ ਨਜ਼ਰਾਂ ਰਹਿਣਗੀਆਂ।
ਉਧਰ ਕੋਲਕਾਤਾ ’ਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਸ਼ਨਿਚਰਵਾਰ ਨੂੰ ਮੈਚ ਹੋਵੇਗਾ। -ਪੀਟੀਆਈ