ਮਟੌਰ ਵਾਸੀਆਂ ਤੇ ‘ਆਪ’ ਵਰਕਰਾਂ ਨੇ ਮੁਹਾਲੀ ਨਿਗਮ ਦਫ਼ਤਰ ਅੱਗੇ ਕੂੜਾ ਸੁੱਟਿਆ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 7 ਅਕਤੂਬਰ
ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਮੁਹਾਲੀ ਸ਼ਹਿਰ ਨੂੰ ਗੰਦਗੀ ਦਾ ਗ੍ਰਹਿਣ ਲੱਗ ਗਿਆ ਹੈ। ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਅੱਜ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ, ਕੌਂਸਲਰਾਂ ਅਤੇ ਪਿੰਡ ਮਟੌਰ ਦੇ ਵਸਨੀਕਾਂ ਨੇ ਮੁਹਾਲੀ ਨਗਰ ਨਿਗਮ ਦਫ਼ਤਰ ਦੇ ਬਾਹਰ ਕੂੜਾ ਸੁੱਟ ਕੇ ਕਾਂਗਰਸ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਮੇਅਰ ਦਾ ਪੁਤਲਾ ਸਾੜਿਆਂ।
ਇਸ ਮੌਕੇ ‘ਆਪ’ ਦੇ ਕੌਂਸਲਰ ਸਰਬਜੀਤ ਸਿੰਘ ਸਮਾਣਾ, ਗੁਰਪ੍ਰੀਤ ਕੌਰ ਬੈਦਵਾਨ, ਕਰਮਜੀਤ ਕੌਰ, ਪਿੰਡ ਵਾਸੀ ਦਰਸ਼ਨ ਸਿੰਘ, ਜਸਪਾਲ ਸਿੰਘ ਬਿੱਲਾ ਅਤੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ ਜਿਸ ਕਾਰਨ ਮਟੌਰ ਦੇ ਐਂਟਰੀ ਪੁਆਇੰਟ ਅਤੇ ਕਮਿਊਨਿਟੀ ਸੈਂਟਰ ਦੇ ਸਾਹਮਣੇ ਵਾਲੀ ਥਾਂ ਡੰਪਿੰਗ ਗਰਾਉਂਡ ਵਿੱਚ ਤਬਦੀਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੇਅਰ ਕੂੜੇ ਦੀ ਸਮੱਸਿਆ ਦਾ ਹੱਲ ਕਰਨ ਲਈ ਸੁਹਿਰਦ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇ ਮੇਅਰ ਦੇ ਵੱਸ ਦੀ ਗੱਲ ਨਹੀਂ ਹੈ ਤਾਂ ਉਨ੍ਹਾਂ ਨੂੰ ਕੁਰਸੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ‘ਆਪ’ ਕੌਂਸਲਰਾਂ ਨੇ ਹਾਊਸ ਵਿੱਚ ਅਜਿਹੇ ਮੁੱਦੇ ਚੁੱਕੇ ਜਾਂਦੇ ਰਹੇ ਹਨ ਪਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਮੁਹਾਲੀ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਾਂਕਰ ਗਰਗ ਨੇ ਸਪੱਸ਼ਟ ਕੀਤਾ ਕਿ ਆਰਐਮਸੀ ਪੁਆਇੰਟ ਸੈਕਟਰ-71 ਵਿਖੇ ਪੂਰੇ ਸ਼ਹਿਰ ਦਾ ਕੂੜਾ ਨਹੀਂ ਸੁੱਟਿਆਂ ਜਾਂਦਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕੂੜੇ ਦੇ ਪ੍ਰਬੰਧ ਲਈ ਨਗਰ ਨਿਗਮ ਦੀ ਹੱਦ ਅੰਦਰ 14 ਆਰਐਮਸੀ ਪੁਆਇੰਟ ਬਣਾਏ ਗਏ ਹਨ। ਇਸ ਤੋਂ ਇਲਾਵਾ ਆਰਐਮਸੀ ਪੁਆਇੰਟ ਤੋਂ ਲਗਾਤਾਰ ਕੂੜਾ ਚੁੱਕਿਆ ਜਾ ਰਿਹਾ ਹੈ। ਪਿਛਲੇ 10 ਦਿਨਾਂ ਵਿੱਚ ਲਗਪਗ 15 ਤੋਂ 16 ਟਿੱਪਰ/ਟਰਾਲੀ ਇਸ ਪੁਆਇੰਟ ਤੋਂ ਕੂੜੇ ਦੇ ਚੁੱਕੇ ਜਾ ਚੁੱਕੇ ਹਨ।
‘ਸਿਆਸੀ ਸਟੰਟ’ ਰਾਹੀਂ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ: ਜੀਤੀ ਸਿੱਧੂ
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਹ ਸਾਰਾ ਕੁੱਝ ਸਿਆਸੀ ਸਟੰਟ ਹੈ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਚਾਲ ਹੈ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੈ। ਸੈਕਟਰ-71 ਤੋਂ ‘ਆਪ’ ਵਿਧਾਇਕ ਦਾ ਬੇਟਾ ਸਰਬਜੀਤ ਸਿੰਘ ਕੌਂਸਲਰ ਹੈ ਅਤੇ ਪਿੰਡ ਮਟੌਰ ਦੇ ਦੋਵੇਂ ਕੌਂਸਲਰ ਵੀ ‘ਆਪ’ ਦੇ ਹਨ। ਇਹ ਲੋਕ ਹੁਣ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਮੇਅਰ ਨੇ ਕਿਹਾ ਕਿ ਪਿੰਡ ਮਟੌਰ ਦੇ ਵਸਨੀਕ ਖ਼ੁਦ ਹੀ ਗੰਦਗੀ ਫੈਲਾ ਰਹੇ ਹਨ ਅਤੇ ਹੁਣ ਰੌਲਾ ਵੀ ਸਭ ਤੋਂ ਵੱਧ ਉਹੀ ਪਾ ਰਹੇ ਹਨ। ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦੀ ਜ਼ਿੰਮੇਵਾਰ ਹੈ। ਨਿਯਮਾਂ ਉਲਟ ਪਿੰਡ ਵਾਸੀਆਂ ਨੇ 1500 ਪਸ਼ੂ ਰੱਖੇ ਹੋਏ ਹਨ। ਗੋਹਾ ਅਤੇ ਹੋਰ ਗੰਦਗੀ ਸੀਵਰੇਜ ਵਿੱਚ ਸੁੱਟਿਆ ਜਾ ਰਿਹਾ ਹੈ। ਜਦੋਂ ਕਰਮਚਾਰੀ ਪਸ਼ੂਆਂ ਨੂੰ ਫੜਨ ਜਾਂਦੇ ਹਨ ਤਾਂ ਪਿੰਡ ਵਾਸੀ ਡਾਂਗਾ ਲੈ ਕੇ ਪਿੱਛੇ ਪੈ ਜਾਂਦੇ ਹਨ। ਅਜਿਹੇ ਕਈ ਹਾਦਸੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੌਂਸਲਰਾਂ ਨੂੰ ਨਿਗਮ ਦਫ਼ਤਰ ਦੇ ਬਾਹਰ ਕੂੜਾ ਸੁੱਟਣ ਦੀ ਬਜਾਏ ਮੁੱਖ ਮੰਤਰੀ ਦੇ ਘਰ ਅੱਗੇ ਧਰਨਾ ਦੇਣਾ ਚਾਹੀਦਾ ਹੈ।