ਚੰਡੀਗੜ੍ਹ ਨਿਗਮ ਦੇ ਐਨਫੋਰਸਮੈਂਟ ਵਿੰਗ ਵਿੱਚ ਵੱਡੇ ਪੱਧਰ ’ਤੇ ਤਬਾਦਲੇ
ਮੁਕੇਸ਼ ਕੁਮਾਰ
ਚੰਡੀਗੜ੍ਹ, 28 ਅਗਸਤ
ਚੰਡੀਗੜ੍ਹ ਨਗਰ ਨਿਗਮ ਵੱਲੋਂ ਐਨਫੋਰਸਮੈਂਟ ਵਿੰਗ ਵਿੱਚ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਗਏ ਹਨ। ਇਸ ਬਾਰੇ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਐਨਫੋਰਸਮੈਟ ਵਿੰਗ ਦੇ ਜ਼ੋਨ ਇੱਕ ਲਈ ਅਵਤਾਰ ਸਿੰਘ ਇੰਸਪੈਕਟਰ ਦੇ ਅਧੀਨ ਸਬ-ਇੰਸਪੈਕਟਰ ਰਤਨ ਸਿੰਘ, ਭੁਪਿੰਦਰ ਕੌਰ, ਦੀਪਕ ਕੁਮਾਰ, ਵਿਵੇਕ ਸੈਣੀ, ਰਵੀ ਇੰਦਰ ਕੁਮਾਰ ਅਤੇ ਵੇਦ ਪ੍ਰਕਾਸ਼ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਸ਼ਹਿਰ ਦੇ ਉੱਤਰੀ ਇਲਾਕਿਆਂ ਦੇ ਸੈਕਟਰਾਂ ਪਿੰਡਾਂ ਕਲੋਨੀਆਂ ਅਤੇ ਸਨਅਤੀ ਖੇਤਰ ਫੇਜ਼ 1 ਵਿੱਚ ਨਾਜਾਇਜ਼ ਕਬਜ਼ਿਆਂ ਤੇ ਨਿਗਰਾਨੀ ਰੱਖਣਗੇ।
ਜ਼ੋਨ ਦੋ ਲਈ ਇੰਸਪੈਕਟਰ ਡੀਪੀ ਸਿੰਘ ਦੇ ਅਧੀਨ ਸਬ-ਇੰਸਪੈਕਟਰ ਲਲਿਤ ਤਿਆਗੀ, ਅਰੁਣ ਗਰਗ, ਸਾਹਿਲ, ਰਜੇਸ਼ ਕੁਮਾਰ, ਰਜਤ ਸ਼ਰਮਾ ਅਤੇ ਨਿਰਮਤ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਸ਼ਹਿਰ ਦੇ ਦੱਖਣੀ ਸੈਕਟਰਾਂ ਸਣੇ ਇੱਥੋਂ ਦੇ ਪਿੰਡਾਂ, ਕਲੋਨੀਆਂ ਅਤੇ ਸਨਅਤੀ ਖੇਤਰ ਫੇਜ਼-2 ਵਿੱਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕਰਨਗੇ। ਐਨਫੋਰਸਮੈਂਟ ਵਿੰਗ ਦੀਆਂ ਟੀਮਾਂ ਦੁਪਹਿਰ 12 ਵਜੇ ਤੋਂ ਰਾਤ 8 ਵਜੇ ਤੱਕ ਆਪੋ-ਆਪਣੇ ਇਲਾਕੇ ਵਿੱਚ ਤਾਇਨਾਤ ਰਹਿਣਗੀਆਂ।
ਦੱਸਣਯੋਗ ਹੈ ਕਿ ਬੀਤੇ ਦਿਨ ਨਿਗਮ ਦੀ ਹਾਊਸ ਮੀਟਿੰਗ ਵਿੱਚ ਕੌਂਸਲਰ ਨੇ ਸ਼ਹਿਰ ਵਿੱਚ ਵੱਡੇ ਪੱਧਰ ’ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਹੰਗਾਮਾ ਕੀਤਾ ਸੀ। ਨਗਰ ਨਿਗਮ ’ਤੇ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਭਾਰੂ ਹੋਣ ਦਾ ਦੋਸ਼ ਲਗਾਇਆ ਸੀ। ਇਸ ਦੇ ਨਾਲ ਹੀ ਨਗਰ ਨਿਗਮ ਦੇ ਸਮੂਹ ਕੌਂਸਲਰ ਨੇ ਸ਼ਹਿਰ ਵਿੱਚ ਨਜਾਇਜ਼ ਕਬਜ਼ਿਆਂ ਤੇ ਨਕੇਲ ਪਾਉਣ ਲਈ ਐਨਫੋਰਸਮੈਟ ਵਿੰਗ ਦੀਆਂ ਟੀਮਾਂ ਦੀ ਡਿਊਟੀ ਵੀ ਦੁਪਹਿਰ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਇਸ ਬਾਰੇ ਦਲੀਲ ਦਿੱਤੀ ਸੀ ਕਿ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਸ਼ਾਮ ਵੇਲੇ ਜ਼ਿਆਦਾ ਵਧ ਜਾਂਦੇ ਹਨ।