ਨਕਾਬਪੋਸ਼ਾਂ ਨੇ ਸੁਨਿਆਰੇ ਦੀ ਦੁਕਾਨ ’ਤੇ ਚਲਾਈਆਂ ਗੋਲੀਆਂ
ਹਰਜੀਤ ਸਿੰਘ ਪਰਮਾਰ
ਬਟਾਲਾ, 24 ਜੁਲਾਈ
ਅੱਜ ਦੁਪਹਿਰੇ ਸਥਾਨਕ ਸਿਟੀ ਰੋਡ ਬਾਜ਼ਾਰ ਵਿੱਚ ਸੁਨਿਆਰੇ ਦੀ ਦੁਕਾਨ ’ਤੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋ ਗਏ। ਗੋਲੀ ਦੁਕਾਨ ਦੇ ਸ਼ੀਸ਼ੇ ਉੱਪਰ ਲੱਗੀ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮਾਮਲਾ ਫਿਰੌਤੀ ਦਾ ਦੱਸਿਆ ਜਾ ਰਿਹਾ ਹੈ। ਕੁੱਝ ਦਿਨ ਪਹਿਲਾਂ ਇਸ ਸੁਨਿਆਰੇ ਦੇ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਵੀ ਨਕਾਬਪੋਸ਼ਾਂ ਨੇ ਗੋਲੀਆਂ ਚਲਾਈਆਂ ਸਨ। ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਿੱਤ ਦਿਨ ਸ਼ਹਿਰ ਅੰਦਰ ਸ਼ਹਿਰ ਵਾਪਰ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੀੜਤ ਦੁਕਾਨਦਾਰ ਨਰੇਸ਼ ਲੂਥਰਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਨੂੰ ਫੋਨ ’ਤੇ ਫਿਰੌਤੀ ਲਈ ਧਮਕੀਆਂ ਮਿਲ ਰਹੀਆਂ ਸਨ ਅਤੇ ਕੁੱਝ ਦਿਨ ਪਹਿਲਾਂ ਉਸ ਦੇ ਬੱਸ ਅੱਡੇ ਨੇੜੇ ਇਮੀਗਰੇਸ਼ਨ ਦਫ਼ਤਰ ’ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਪੁਲੀਸ ਨੇ ਉਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਡੀਐੱਸਪੀ ਸਿਟੀ ਏਡੀ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ਾਂ ਨੇ ਨਰੇਸ਼ ਜਿਊਲਰਜ਼ ਦੀ ਦੁਕਾਨ ’ਤੇ ਇੱਕ ਗੋਲੀ ਚਲਾਈ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ 32 ਬੋਰ ਦਾ ਇੱਕ ਚੱਲਿਆ ਕਾਰਤੂਸ ਬਰਾਮਦ ਕੀਤਾ ਹੈ ਅਤੇ ਸ਼ਹਿਰ ਦੇ ਸਾਰੇ ਪੁਆਇੰਟਾਂ ’ਤੇ ਨਾਕੇ ਲਗਾ ਦਿੱਤੇ ਹਨ ਅਤੇ ਗੁਆਂਢੀ ਜ਼ਿਲ੍ਹਿਆਂ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਡੀਐੱਸਪੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।