For the best experience, open
https://m.punjabitribuneonline.com
on your mobile browser.
Advertisement

ਮਰੀਅਮ ਦਾ ਲਹਿੰਦੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨਾ ਤੈਅ

06:55 AM Feb 23, 2024 IST
ਮਰੀਅਮ ਦਾ ਲਹਿੰਦੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨਾ ਤੈਅ
Advertisement

ਲਾਹੌਰ, 22 ਫਰਵਰੀ
ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ (50) ਦਾ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨਾ ਤੈਅ ਹੈ। ਇਸ ਸਬੰਧ ’ਚ ਸੂਬਾਈ ਵਿਧਾਨ ਸਭਾ ਦਾ ਉਦਘਾਟਨੀ ਇਜਲਾਸ ਸੱਦ ਲਿਆ ਗਿਆ ਹੈ। ਪੰਜਾਬ ਦੇ ਰਾਜਪਾਲ ਬਲਿਗਰ ਰਹਿਮਾਨ ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਸੈਸ਼ਨ ਸੱਦਿਆ ਹੈ ਜਿਸ ’ਚ ਨਵੇਂ ਚੁਣੇ ਗਏ ਮੈਂਬਰਾਂ ਨੂੰ ਹਲਫ਼ ਦਿਵਾਉਣ ਦੇ ਨਾਲ ਨਵੀਂ ਸਰਕਾਰ ਦੇ ਗਠਨ ਦਾ ਅਮਲ ਸ਼ੁਰੂ ਹੋ ਜਾਵੇਗਾ। ਪੀਐੱਮਐੱਲ-ਐੱਨ ਨੇ ਮਰੀਅਮ ਨੂੰ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ। ਪੀਐੱਮਐੱਲ-ਐੱਨ ਨੇ 137 ਜਦਕਿ ਇਮਰਾਨ ਖ਼ਾਨ ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰਾਂ ਨੇ 113 ਸੀਟਾਂ ਜਿੱਤੀਆਂ ਹਨ। ਇਸ ਤੋਂ ਇਲਾਵਾ 20 ਹੋਰ ਆਜ਼ਾਦ ਵਿਧਾਇਕ ਪੀਐੱਮਐੱਲ-ਐੱਨ ’ਚ ਸ਼ਾਮਲ ਹੋ ਗਏ ਹਨ। ਉਧਰ ਮਰੀਅਮ ਦੀ ਪਹਿਲਾਂ ਹੀ ਸੁਰੱਖਿਆ ਵਧਾ ਦਿੱਤੀ ਗਈ ਹੈ ਜੋ ਅਕਸਰ ਮੁੱਖ ਮੰਤਰੀ ਨੂੰ ਦਿੱਤੀ ਜਾਂਦੀ ਹੈ। -ਪੀਟੀਆਈ

Advertisement

ਚੋਣਾਂ ’ਚ ਹੇਰਾ-ਫੇਰੀ ਦੇ ਦੋਸ਼ਾਂ ਦੀ ਕਮੇਟੀ ਵੱਲੋਂ ਜਾਂਚ ਮੁਕੰਮਲ

ਰਾਵਲਪਿੰਡੀ: ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਬਣਾਈ ਗਈ ਉੱਚ ਪੱਧਰੀ ਕਮੇਟੀ ਨੇ ਸੀਨੀਅਰ ਸਰਕਾਰੀ ਅਧਿਕਾਰੀ ਦੇ ਇਥੇ ਚੋਣਾਂ ’ਚ ਹੇਰਾ-ਫੇਰੀ ਦੇ ਲਾਏ ਗਏ ਦੋਸ਼ਾਂ ਦੀ ਜਾਂਚ ਮੁਕੰਮਲ ਕਰ ਲਈ ਹੈ। ਕਮੇਟੀ ਵੱਲੋਂ ਚੋਣ ਕਮਿਸ਼ਨ ਨੂੰ ਛੇਤੀ ਰਿਪੋਰਟ ਸੌਂਪੀ ਜਾਵੇਗੀ। ਰਾਵਲਪਿੰਡੀ ਦੇ ਸਾਬਕਾ ਕਮਿਸ਼ਨਰ ਲਿਆਕਤ ਅਲੀ ਚੱਠਾ ਨੇ ਵੋਟਾਂ ਦੀ ਗਿਣਤੀ ’ਚ ਹੇਰਾ-ਫੇਰੀ ਦੇ ਦੋਸ਼ ਲਾਉਂਦਿਆਂ ਚੋਣ ਕਮਿਸ਼ਨ ਅਤੇ ਨਿਆਂਪਾਲਿਕਾ ’ਤੇ ਸਵਾਲੀਆ ਨਿਸ਼ਾਨ ਲਾਏ ਸਨ। ਚੋਣ ਕਮਿਸ਼ਨ ਨੇ ਐਤਵਾਰ ਨੂੰ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਰਾਵਲਪਿੰਡੀ ਡਵੀਜ਼ਨ ਦੇ ਜ਼ਿਲ੍ਹਾ ਰਿਟਰਨਿੰਗ ਅਫ਼ਸਰਾਂ (ਡੀਆਰਓਜ਼) ਅਤੇ ਰਿਟਰਨਿੰਗ ਅਫ਼ਸਰਾਂ (ਆਰਓਜ਼) ਦੇ ਬਿਆਨ ਦਰਜ ਕੀਤੇ। ਇਕ ਅਧਿਕਾਰੀ ਨੇ ਕਿਹਾ ਕਿ ਡੀਆਰਓਜ਼ ਅਤੇ ਆਰਓਜ਼ ਨੇ ਹੇਰਾ-ਫੇਰੀ ਅਤੇ ਨਤੀਜਿਆਂ ’ਚ ਗੜਬੜੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਜੇਲ੍ਹ ’ਚ ਬੰਦ ਇਮਰਾਨ ਖ਼ਾਨ ਅਤੇ ਉਸ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਵੱਲੋਂ ਚੋਣਾਂ ’ਚ ਹੇਰਾ-ਫੇਰੀ ਦੇ ਲਗਾਤਾਰ ਦੋਸ਼ ਲਾਏ ਜਾ ਰਹੇ ਹਨ। ਇਸ ਦੌਰਾਨ ਪਾਕਿਸਤਾਨ ਦੀ ਕੰਮਚਲਾਊ ਸਰਕਾਰ ਨੇ ਅਧਿਕਾਰੀਆਂ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਚੱਲ ਰਹੀ ਬਿਆਨਬਾਜ਼ੀ ਦੀ ਜਾਂਚ ਲਈ ਸਾਂਝੀ ਜਾਂਚ ਟੀਮ (ਜੇਆਈਟੀ) ਦਾ ਗਠਨ ਕੀਤਾ ਹੈ। ਟੀਮ ਆਪਣੀ ਰਿਪੋਰਟ 15 ਦਿਨਾਂ ’ਚ ਸੌਂਪੇਗੀ। ਉਧਰ ਪਾਕਿਸਤਾਨ ਨੇ ਛੇਵੇਂ ਦਿਨ ਵੀ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਨੂੰ ਬਲਾਕ ਰੱਖਿਆ। -ਪੀਟੀਆਈ

Advertisement

ਇਮਰਾਨ ਦੇ ਵਿਧਾਇਕ ਸੁੰਨੀ ਇਤੇਹਾਦ ਕੌਂਸਲ ’ਚ ਸ਼ਾਮਲ

ਇਸਲਾਮਾਬਾਦ: ਜੇਲ੍ਹ ’ਚ ਬੰਦ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਸਮਰਥਿਤ ਜੇਤੂ ਆਜ਼ਾਦ ਉਮੀਦਵਾਰ ਸੁੰਨੀ ਇਤੇਹਾਦ ਕੌਂਸਲ ’ਚ ਸ਼ਾਮਲ ਹੋ ਗਏ ਤਾਂ ਜੋ ਮਹਿਲਾਵਾਂ ਅਤੇ ਘੱਟ ਗਿਣਤੀਆਂ ਲਈ ਰਾਖਵੀਆਂ ਸੀਟਾਂ ’ਤੇ ਉਹ ਵੀ ਦਾਅਵਾ ਪੇਸ਼ ਕਰ ਸਕਣ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਨੈਸ਼ਨਲ ਅਸੈਂਬਲੀ ਦੇ 89, ਖ਼ੈਬਰ ਪਖ਼ਤੂਨਖਵਾ ਵਿਧਾਨ ਸਭਾ ’ਚ 85, ਪੰਜਾਬ ’ਚ 106 ਅਤੇ ਸਿੰਧ ਅਸੈਂਬਲੀ ’ਚ 9 ਮੈਂਬਰਾਂ ਨੇ ਆਪਣੇ ਹਲਫ਼ਨਾਮੇ ਦਿੱਤੇ ਹਨ। ਪੀਟੀਆਈ ਮੁਖੀ ਬੈਰਿਸਟਰ ਗੌਹਰ ਖ਼ਾਨ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਉਮਰ ਅਯੂਬ ਖ਼ਾਨ ਸੁੰਨੀ ਇਤੇਹਾਦ ਕੌਂਸਲ ’ਚ ਸ਼ਾਮਲ ਨਹੀਂ ਹੋਏ। ਖ਼ੈਬਰ ਪਖ਼ਤੂਨਖਵਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਲੀ ਅਮੀਨ ਗੰਡਾਪੁਰ ਨੇ ਵੀ ਕੌਂਸਲ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਇਸ ਦੌਰਾਨ ਗੌਹਰ ਖ਼ਾਨ ਨੇ ਕਿਹਾ ਕਿ ਪੀਟੀਆਈ ਦੀਆਂ ਜਥੇਬੰਦਕ ਚੋਣਾਂ 3 ਮਾਰਚ ਨੂੰ ਹੋਣਗੀਆਂ। ਆਮ ਚੋਣਾਂ ਹੋਣ ਕਾਰਨ ਪਾਰਟੀ ਨੇ ਇਸ ਮਹੀਨੇ ਆਪਣੀਆਂ ਚੋਣਾਂ ਨਹੀਂ ਕਰਵਾਈਆਂ ਸਨ। -ਪੀਟੀਆਈ

Advertisement
Author Image

joginder kumar

View all posts

Advertisement