ਮਾਰੂਤੀ ਸੁਜ਼ੂਕੀ ਵੱਲੋਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ
ਨਵੀਂ ਦਿੱਲੀ, 23 ਜਨਵਰੀ
ਦੇਸ਼ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮਐੱਸਆਈ) ਪਹਿਲੀ ਫਰਵਰੀ ਤੋਂ ਆਪਣੀਆਂ ਕਾਰਾਂ ਦੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ਵਿੱਚ 32,500 ਰੁਪਏ ਤੱਕ ਦਾ ਵਾਧਾ ਕਰੇਗੀ। ਕੰਪਨੀ ਨੇ ਅੱਜ ਕਿਹਾ ਕਿ ਇਸ ਨਾਲ ਕੱਚੇ ਮਾਲ ਦੀ ਲਾਗਤ ਵਿੱਚ ਵਾਧੇ ਦੇ ਪ੍ਰਭਾਵ ਨੂੰ ਕੁਝ ਹੱਦ ਤੱਕ ਘਟਾਉਣ ਵਿੱਚ ਮਦਦ ਮਿਲੇਗੀ। ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਹਾ, ‘ਕੱਚੇ ਮਾਲ ਦੀ ਲਾਗਤ ਅਤੇ ਸੰਚਾਲਨ ਖਰਚਿਆਂ ਕਾਰਨ ਕੰਪਨੀ ਪਹਿਲੀ ਫਰਵਰੀ 2025 ਤੋਂ ਕਾਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਲਾਗਤਾਂ ਨੂੰ ਅਨੁਕੂਲ ਬਣਾਉਣ ਅਤੇ ਗਾਹਕਾਂ ’ਤੇ ਪੈਣ ਵਾਲਾ ਪ੍ਰਭਾਵ ਘੱਟ ਕਰਨ ਲਈ ਵਚਨਬੱਧ ਹੈ, ਪਰ ਫਿਰ ਵੀ ਅਸੀਂ ਵਧੇ ਹੋਏ ਖਰਚਿਆਂ ਦਾ ਕੁੱਝ ਹਿੱਸਾ ਬਾਜ਼ਾਰ ’ਤੇ ਪਾਉਣ ਲਈ ਮਜਬੂਰ ਹਾਂ।’
ਸੋਧੀਆਂ ਕੀਮਤਾਂ ਤਹਿਤ ਕੰਪਨੀ ਦੀ ਕੰਪੈਕਟ ਕਾਰ ਸੇਲੈਰੀਓ ਦੀ ਸ਼ੋਅਰੂਮ ਕੀਮਤ ਵਿੱਚ 32,500 ਰੁਪਏ, ਜਦਕਿ ਪ੍ਰੀਮੀਅਮ ਮਾਡਲ ਇਨਵਿਕਟੋ ਦੀ ਕੀਮਤ ’ਚ 30,000 ਰੁਪਏ ਤੱਕ ਦਾ ਵਾਧਾ ਕੀਤਾ ਜਾਵੇਗਾ। ਵੈਗਨ-ਆਰ ਦੀ ਕੀਮਤ 15,000 ਅਤੇ ਸਵਿਫਟ ਦੀ ਕੀਮਤ 5,000 ਰੁਪਏ ਤੱਕ ਵਧੇਗੀ। ਐੱਸਯੂਵੀ ਬ੍ਰੇਜ਼ਾ ਅਤੇ ਗ੍ਰੈਂਡ ਵਿਟਾਰਾ ਦੀਆਂ ਕੀਮਤਾਂ ਵਿੱਚ ਕ੍ਰਮਵਾਰ 20,000 ਰੁਪਏ ਅਤੇ 25,000 ਰੁਪਏ ਦਾ ਵਾਧਾ ਹੋਵੇਗਾ। ਸ਼ੁਰੂਆਤੀ ਪੱਧਰ ਦੀਆਂ ਛੋਟਾਂ ਕਾਰਾਂ ’ਚੋਂ ਆਲਟੋ ਕੇ10 ਦੀ ਕੀਮਤ 19,500 ਰੁਪਏ ਅਤੇ ਐੱਸ-ਪ੍ਰੈਸੋ ਦੀ ਕੀਮਤ 5,000 ਰੁਪਏ ਵਧੇਗੀ। -ਪੀਟੀਆਈ