ਦੇਸ਼ ਭਗਤੀ ਦੀ ਚੇਤਨਾ ਜਗਾਉਂਦੇ ਹਨ ਸ਼ਹੀਦ ਜਵਾਨ: ਕਟਾਰੂਚੱਕ
ਪੱੱਤਰ ਪ੍ਰੇਰਕ
ਪਠਾਨਕੋਟ, 4 ਨਵੰਬਰ
ਭਾਰਤੀ ਸੈਨਾ ਦੇ ਸ਼ਹੀਦ ਸਿਪਾਹੀ ਸੁਨੀਲ ਕੁਮਾਰ ਦਾ 19ਵਾਂ ਸ਼ਰਧਾਂਜਲੀ ਦਿਹਾੜਾ ਅੱਜ ਬੇਗੋਵਾਲ ਤਾਰਾਗੜ੍ਹ ਵਿੱਚ ਸ਼ਹੀਦ ਦੇ ਨਾਂ ’ਤੇ ਬਣੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਰਾਜ ਕੁਮਾਰ ਗੁਪਤਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।
ਸਮਾਗਮ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਇਨ੍ਹਾਂ ਤੋਂ ਇਲਾਵਾ ਸ਼ਹੀਦ ਦੀ ਮਾਤਾ ਜੀਤੋ ਦੇਵੀ, ਪਿਤਾ ਕੈਪਟਨ ਸੋਹਣ ਲਾਲ, ਭਰਾ ਸਤੀਸ਼ ਕੁਮਾਰ, ਭੈਣ ਸੁਮਨ ਕੁਮਾਰੀ, ਭਰਜਾਈ ਕਿਰਨ ਕੁਮਾਰੀ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਸਾਬਕਾ ਸੈਨਿਕ ਲੀਗ ਪੰਜਾਬ ਤੇ ਚੰਡੀਗੜ੍ਹ ਦੇ ਡਿਪਟੀ ਹੈੱਡ ਕੈਪਟਨ ਫਕੀਰ ਸਿੰਘ, ਸਬ ਲੈਫਟੀਨੈਂਟ ਨਿਕੀਤਾ ਸਲਾਰੀਆ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਸੈਣੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ।
ਮੁੱਖ ਮਹਿਮਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸ਼ਹੀਦ ਕੌਮ ਦੇ ਉਹ ਸੂਰਮੇ ਹੁੰਦੇ ਹਨ, ਜੋ ਦੇਸ਼ ਹਿਤ ਵਿੱਚ ਆਪਣੀਆਂ ਜਾਨਾਂ ਵਾਰ ਕੇ ਆਉਣ ਵਾਲੀਆਂ ਪੀੜ੍ਹੀਆਂ ਅੰਦਰ ਦੇਸ਼ ਭਗਤੀ ਦੀ ਚੇਤਨਾ ਜਗਾਉਂਦੇ ਹਨ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹੇ ਨੂੰ ਸ਼ਹੀਦ ਵੀਰਾਂ ਦੀ ਜਨਮ ਭੂਮੀ ਵਜੋਂ ਜਾਣਿਆ ਜਾਂਦਾ ਹੈ, ਜਦੋਂ ਵੀ ਦੇਸ਼ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਹੁੰਦਾ ਹੈ ਤਾਂ ਇੱਥੋਂ ਦੇ ਵੀਰ ਸਪੂਤਾਂ ਨੇ ਬਲੀਦਾਨ ਦਿੱਤੇ। ਇਸ ਮੌਕੇ ਬੱਚਿਆਂ ਵੱਲੋਂ ਦੇਸ਼ ਭਗਤੀ ਨੂੰ ਦਰਸਾਉਂਦਾ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਅੰਤ ਵਿੱਚ ਸ਼ਹੀਦ ਦੇ ਮਾਤਾ-ਪਿਤਾ ਨੂੰ ਸਨਮਾਨਿਤ ਕੀਤਾ ਗਿਆ।