ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲ ਸਮਾਪਤ
ਸੰਜੀਵ ਬੱਬੀ
ਚਮਕੌਰ ਸਾਹਿਬ, 22 ਦਸੰਬਰ
ਇੱਥੇ ਚੱਲ ਰਹੇ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੇ ਅੱਜ ਅੰਤਿਮ ਦਿਨ ਗੁਰਦੁਆਰਾ ਗੜ੍ਹੀ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਇਸ ਦੇ ਨਾਲ ਹੀ ਨਿਹੰਗ ਸਿੰਘਾਂ ਨੇ ਵੀ ਮਹੱਲਾ ਕੱਢਿਆ ਜਿਸ ਮਗਰੋਂ ਸ਼ਹੀਦੀ ਸਮਾਗਮ ਸਮਾਪਤ ਹੋ ਗਿਆ। ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਤਿੰਨ ਪਿਆਰਿਆਂ ਅਤੇ ਹੋਰ ਸ਼ਹੀਦ ਸਿੰਘਾਂ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ। ਇਸ ਮੌਕੇ ਅਰਦਾਸ ਜਥੇਦਾਰ ਤਖ਼ਤ ਕੇਸਗੜ੍ਹ ਸਾਹਿਬ ਗਿਆਨੀ ਸੁਲਤਾਨ ਸਿੰਘ ਵੱਲੋਂ ਕੀਤੀ ਗਈ। ਨਗਰ ਕੀਰਤਨ ਗੁਰਦੁਆਰਾ ਕਤਲਗੜ੍ਹ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਰਣਜੀਤਗੜ੍ਹ ਸਾਹਿਬ ਅਤੇ ਗੁਰਦੁਆਰਾ ਤਾੜੀ ਸਾਹਿਬ ਸਣੇ ਹੋਰ ਗੁਰਧਾਮਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਕਤਲਗੜ੍ਹ ਸਾਹਿਬ ਪਹੁੰਚ ਕੇ ਸੰਪੂਰਨ ਹੋਇਆ।
ਨਗਰ ਕੀਰਤਨ ਦੌਰਾਨ ਮੀਰੀ-ਪੀਰੀ ਅਖਾੜਾ ਅਤੇ ਅਕਾਲ ਅਕੈਡਮੀ ਦੇ ਸਿੰਘਾਂ ਨੇ ਗਤਕੇ ਦੇ ਜੌਹਰ ਦਿਖਾਏ। ਜੋੜ ਮੇਲ ਦੇ ਤਿੰਨ ਦਿਨਾਂ ਦੀ ਨਿਗਰਾਨੀ ਜ਼ਿਲ੍ਹਾ ਪੁਲੀਸ ਮੁਖੀ ਗੁਰਲੀਨ ਸਿੰਘ ਖੁਰਾਣਾ ਤੇ ਐੱਸਡੀਐੱਮ ਅਮਰੀਕ ਸਿੰਘ ਸਿੱਧੂ ਦੀ ਅਗਵਾਈ ਹੇਠ ਕੀਤੀ ਗਈ। ਇਸੇ ਦੌਰਾਨ ਐੱਸਪੀ (ਐੱਚ) ਰਾਜਪਾਲ ਸਿੰਘ ਹੁੰਦਲ, ਡੀਐੱਸਪੀ ਮਨਜੀਤ ਸਿੰਘ ਔਲਖ ਅਤੇ ਥਾਣਾ ਮੁਖੀ ਰੋਹਿਤ ਸ਼ਰਮਾ ਪੁਲੀਸ ਮੁਲਾਜ਼ਮਾਂ ਸਣੇ ਨਿਹੰਗ ਸਿੰਘਾਂ ਵੱਲੋਂ ਕੱਢੇ ਮਹੱਲੇ ਦੀ ਨਿਗਰਾਨੀ ਕਰ ਰਹੇ ਸਨ। ਸ਼ਹੀਦੀ ਸਮਾਗਮ ਦੇ ਤਿੰਨੇ ਦਿਨ ਦਰਜਨਾਂ ਪਿੰਡਾਂ ਦੀ ਸੰਗਤ ਵੱਲੋਂ ਲੰਗਰ ਵਰਤਾਰੇ ਗਏ।