Veer Bal Diwas: ਭਾਰਤੀ ਲੋਕਤੰਤਰ ਸਾਹਿਬਜ਼ਾਦਿਆਂ ਦੀ ਬਹਾਦਰੀ ਤੇ ਸ਼ਹਾਦਤ ’ਤੇ ਉਸਰਿਆ: ਮੋਦੀ
* ਨੌਜਵਾਨਾਂ ਨੂੰ ਏਆਈ ਤੇ ਮਸ਼ੀਨ ਲਰਨਿੰਗ ਜਿਹੇ ਹੁਨਰ ਨਾਲ ਲੈਸ ਕਰਨ ਦਾ ਸੱਦਾ
ਨਵੀਂ ਦਿੱਲੀ, 26 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਵਿੱਖੀ ਪਹੁੰਚ ਦੀ ਲੋੜ ਉੱਤੇ ਜ਼ੋਰ ਦਿੱਤਾ ਤਾਂ ਕਿ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤੇ ਮਸ਼ੀਨ ਲਰਨਿੰਗ ਜਿਹੀਆਂ ਉਭਰਦੀਆਂ ਤਕਨੀਕਾਂ ਜਿਹੇ ਹੁਨਰ ਨਾਲ ਲੈਸ ਕੀਤਾ ਜਾ ਸਕੇ। ਉਨ੍ਹਾਂ ਦੇਸ਼ ਦੀ ਤਰੱਕੀ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ਉੱਤੇ ਵੀ ਰੌਸ਼ਨੀ ਪਾਈ। ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਮੌਕੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਭਾਰਤ ਦਾ ਮਜ਼ਬੂਤ ਲੋਕਤੰਤਰ ਸਾਹਿਬਜ਼ਾਦਿਆਂ ਦੀ ਬਹਾਦਰੀ ਤੇ ਸ਼ਹਾਦਤ ਉੱਤੇ ਉਸਰਿਆ ਹੈ। ਉਨ੍ਹਾਂ ਵੱਖ ਵੱਖ ਖੇਤਰਾਂ ਵਿਚ ਤੇਜ਼ੀ ਨਾਲ ਆਈਆਂ ਤਬਦੀਲੀਆਂ ਤੇ ਚੁਣੌਤੀਆਂ ਅਨੁਸਾਰ ਢਲਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਸਰਕਾਰ ਵੱਲੋਂ ‘ਨੌਜਵਾਨਾਂ ਉੱਤੇ ਕੇਂਦਰਤ’ ਨੀਤੀਆਂ ਤੇ ਕੋਸ਼ਿਸ਼ਾਂ ਦੀ ਦਿਸ਼ਾ ’ਚ ਚੁੱਕਿਆ ਕਦਮ ਹੈ। ਸ੍ਰੀ ਮੋਦੀ ਨੇ ਇਸ ਮੌਕੇ ‘ਸੁਪੋਸ਼ਿਤ ਗ੍ਰਾਮ ਪੰਚਾਇਤ ਅਭਿਆਨ’ ਦੀ ਸ਼ੁਰੂਆਤ ਵੀ ਕੀਤੀ। ਸ੍ਰੀ ਮੋਦੀ ਨੇ ਭਾਰਤ ਮੰਡਪਮ ਵਿਚ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਵਿਧਾਨ ਵਿਚਲਾ ਬਰਾਬਰੀ ਦਾ ਸਿਧਾਂਤ ਗੁਰੂਆਂ ਵੱਲੋਂ ਦਿੱਤੀਆਂ ਸਿੱਖਿਆਵਾਂ ਨਾਲ ਮੇਲ ਖਾਂਦਾ ਹੈ, ਜਿਸ ਵਿਚ ਸਰਬੱਤ ਦੇ ਭਲੇ ਦੀ ਵਕਾਲਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨ ਪ੍ਰਤਿਭਾ ਦੀ ਹਮਾਇਤ ਤੇ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਉਨ੍ਹਾਂ ਗੁਰੂ ਗੋਬਿੰਦ ਸਿੰਘ ਦੇ ਦੋਵਾਂ ਸਾਹਿਬਜ਼ਾਦਿਆਂ ਦੀ ‘ਲਾਸਾਨੀ’ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ‘ਮੁਗਲ ਸਾਮਰਾਜ ਦੇ ਜ਼ੁਲਮ ਅੱਗੇ ਝੁਕਣ ਦੀ ਥਾਂ ਅਟੁੱਟ ਹਿੰਮਤ ਤੇ ਵਿਸ਼ਵਾਸ ਦਾ ਰਾਹ ਚੁਣਿਆ।’’ ਉਨ੍ਹਾਂ ਕਿਹਾ ਕਿ ਵੀਰ ਬਾਲ ਦਿਵਸ ਸਾਨੂੰ ਸਿੱਖਿਆ ਦਿੰਦਾ ਹੈ ਕਿ ‘ਕਿੰਨੇ ਵੀ ਮੁਸ਼ਕਲ ਹਾਲਾਤ ਹੋਣ, ਦੇਸ਼ ਹਿੱਤ ਤੋਂ ਵੱਡਾ ਕੁਝ ਵੀ ਨਹੀਂ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਮਜ਼ਬੂਤ ਲੋਕਤੰਤਰ ਸਾਹਿਬਜ਼ਾਦਿਆਂ ਦੀ ਬਹਾਦਰੀ ਤੇ ਸ਼ਹਾਦਤ ਉੱਤੇ ਉਸਰਿਆ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜਿੱਤਣ ਵਾਲੇ 17 ਬੱਚਿਆਂ ਦੇ ਰੂਬਰੂ ਹੁੰਦਿਆਂ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। -ਪੀਟੀਆਈ
ਮੁਰਮੂ ਵੱਲੋਂ 17 ਬੱਚਿਆਂ ਦਾ ਕੌਮੀ ਬਾਲ ਪੁਰਸਕਾਰਾਂ ਨਾਲ ਸਨਮਾਨ
ਨਵੀਂ ਦਿੱਲੀ:
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬੇਮਿਸਾਲ ਦਲੇਰੀ ਅਤੇ ਕਲਾ, ਸਭਿਆਚਾਰ, ਖੇਡਾਂ ਤੇ ਨਵੀਆਂ ਕਾਢਾਂ ਸਣੇ ਵੱਖ ਵੱਖ ਖੇਤਰਾਂ ਵਿਚ ਸਿਰਮੌਰ ਪ੍ਰਾਪਤੀਆਂ ਲਈ ਅੱਜ 17 ਬੱਚਿਆਂ ਨੂੰ ਪ੍ਰ੍ਰਧਾਨ ਮੰੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਪੁਰਸਕਾਰ ਹਾਸਲ ਕਰਨ ਵਾਲੇ ਬੱਚਿਆਂ ਵਿਚ ਪੰਜਾਬ ਦੇ ਰੂਪਨਗਰ ਦੀ ਪਰਬਤਾਰੋਹੀ ਸਾਨਵੀ ਸੂਦ (10) ਵੀ ਸ਼ਾਮਲ ਹੈ। ਸਾਨਵੀ ਨੂੰ ਇਸ ਨਿੱਕੀ ਉਮਰੇ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਬੇਸ ਕੈਂਪ, ਅਫਰੀਕਾ, ਆਸਟਰੇਲੀਆ, ਰੂਸ ਤੇ ਇਰਾਨ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਸਰ ਕਰਨ ਦਾ ਮਾਣ ਹਾਸਲ ਹੈ। ਉਹ ਮੁਹਾਲੀ ਦੇ ਯਾਦਵਿੰਦਰਾ ਪਬਲਿਕ ਸਕੂਲ ਦੀ ਵਿਦਿਆਰਥਣ ਹੈ।ਪੁਰਸਕਾਰਾਂ ਦੀ ਵੰਡ ਦੌਰਾਨ ਆਪਣੇ ਸੰਬੋਧਨ ਵਿਚ ਰਾਸ਼ਟਰਪਤੀ ਮੁਰਮੂ ਨੇ ਨੌਜਵਾਨ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਬੱਚਿਆਂ ਨੂੰ ਮੌਕੇ ਦੇਣੇ ਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣ ਦੇਣਾ ਹਮੇਸ਼ਾ ਤੋਂ ਸਾਡੀ ਰਵਾਇਤ ਦਾ ਹਿੱਸਾ ਰਿਹਾ ਹੈ। ਇਸ ਰਵਾਇਤ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰੇਕ ਬੱਚਾ ਆਪਣੀ ਪੂਰੀ ਸਮਰੱਥਾ ਨੂੰ ਪਛਾਣੇ।’’ ਯਾਦ ਰਹੇ ਕਿ ਬਾਲ ਪੁਰਸਕਾਰ ਸੱਤ ਵਰਗਾਂ: ਕਲਾ ਤੇ ਸਭਿਆਚਾਰ, ਬਹਾਦਰੀ, ਨਵੀਆਂ ਕਾਢਾਂ, ਵਿਗਿਆਨ ਤੇ ਤਕਨਾਲੋਜੀ, ਸਮਾਜਿਕ ਸੇਵਾ, ਖੇਡਾਂ ਤੇ ਵਾਤਾਵਰਨ ਲਈ ਦਿੱਤੇ ਜਾਂਦੇ ਹਨ। ਇਸ ਸਾਲ ਇਹ ਸਨਮਾਨ ਹਾਸਲ ਕਰਨ ਵਾਲੇ ਬੱਚਿਆਂ ਵਿਚ 14 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸੱਤ ਲੜਕੇ ਤੇ 10 ਲੜਕੀਆਂ ਸ਼ਾਮਲ ਹਨ। ਪੁਰਸਕਾਰ ਵਿਚ ਤਗ਼ਮਾ, ਸਰਟੀਫਿਕੇਟ ਤੇ ਹਵਾਲਾ ਕਿਤਾਬਚਾ ਸ਼ਾਮਲ ਹੈ। ਪੁਰਸਕਾਰ ਪ੍ਰਾਪਤ ਕਰਨ ਵਾਲੇ ਬੱਚਿਆਂ ਵਿਚ 14 ਸਾਲਾ ਲੇਖਕ ਤੇ ਦਿਵਿਆਂਗਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਕੀਆ ਹਾਤਕਰ ਵੀ ਸ਼ਾਮਲ ਹੈ, ਜਿਸ ਨੂੰ ਕਲਾ ਤੇ ਸਭਿਆਚਾਰ ਖੇਤਰ ਵਿਚ ਕੀਤੇ ਕੰਮ ਲਈ ਇਸ ਮਾਣਮੱਤੇ ਪੁਰਸਕਾਰ ਲਈ ਚੁਣਿਆ ਗਿਆ ਹੈ। ਰੀੜ੍ਹ ਦੀ ਮਾਸਪੇਸ਼ੀ ’ਚ ਵਿਗਾੜ ਦੇ ਬਾਵਜੂਦ ਹਾਤਕਰ ਨੇ ‘IM POSSIBLE’ ਤੇ ‘SMA-ART’ ਜਿਹੀਆਂ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਤੇ ਦਿਵਿਆਂਗਤਾ ਨੂੰ ਲੈ ਕੇ ਜਾਗਰੂਕ ਕੀਤਾ। ਪੁਰਸਕਾਰ ਹਾਸਲ ਕਰਨ ਵਾਲੇ ਹੋਰਨਾਂ ਬੱਚਿਆਂ ਵਿਚ ਕਸ਼ਮੀਰ ਤੋਂ ਸੂਫ਼ੀ ਗਾਇਕ ਅਯਾਨ ਸੱਜਾਦ (12), ਸੰਸਕ੍ਰਿਤ ਸਾਹਿਤ ਵਿਚ ਯੋਗਦਾਨ ਪਾਉਣ ਵਾਲ (ਦਿਮਾਗੀ ਤੌਰ ’ਤੇ ਕਮਜ਼ੋਰ) ਵਿਆਸ ਓਮ ਜਿਗਨੇਸ਼ (17), ਤਿੰਨ ਕੁੜੀਆਂ ਨੂੰ ਡੁੱਬਣ ਤੋਂ ਬਚਾਉਣ ਵਾਲਾ ਸੌਰਵ ਕੁਮਾਰ (9), 36 ਜਣਿਆਂ ਨੂੰ ਅੱਗ ਤੋਂ ਬਚਾਉਣ ਵਾਲੀ ਲੋਆਨਾ ਥਾਪਾ(17), ਪਾਰਕਿਨਸਨ ਦੇ ਮਰੀਜ਼ਾਂ ਲਈ ਲੋੜੀਂਦਾ ਯੰਤਰ ਤਿਆਰ ਕਰਨ ਵਾਲੀ ਸਿੰਧੂਰਾ ਰਾਜਾ (15), ਕਸ਼ਮੀਰ ਵਿਚ ਪਹਿਲੀ ਸਾਈਬਰਸਕਿਓਰਿਟੀ ਫਰਮ ਖੜ੍ਹੀ ਕਰਨ ਵਾਲੇ ਸਾਈਬਰਸਕਿਓਰਿਟੀ ਉੱਦਮੀ ਰਿਸ਼ੀਕ ਕੁਮਾਰ (17) ਸ਼ਾਮਲ ਹਨ। ਨਕਸਲ ਪ੍ਰਭਾਵਿਤ ਇਲਾਕੇ ਨਾਲ ਸਬੰਧਤ ਜੂਡੋ ਖਿਡਾਰੀ ਹੇਮਾਵਤੀ ਨਾਗ ਨੂੰ ਖੇਡ ਵਰਗ ਵਿਚ ਇਹ ਪੁਰਸਕਾਰ ਦਿੱਤਾ ਗਿਆ ਹੈ। ਉਸ ਨੇ ਕਈ ਚੁਣੌਤੀਆਂ ਨੂੰ ਪਾਰ ਪਾਉਂਦਿਆਂ ਖੇਲੋ ਇੰਡੀਆ ਨੈਸ਼ਨਲ ਖੇਡਾਂ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ