ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਮਨਾਇਆ
ਪੱਤਰ ਪ੍ਰੇਰਕ
ਪਠਾਨਕੋਟ, 16 ਨਵੰਬਰ
ਇੱਥੇ ਕਿਸਾਨ, ਮਜ਼ਦੂਰ, ਮੁਲਾਜ਼ਮ, ਪੈਨਸ਼ਨਰਜ਼ ਏਕਤਾ ਮੰਚ ਵੱਲੋਂ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸਭ ਤੋਂ ਪਹਿਲਾਂ ਸ਼ਹੀਦ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਦੇਸ਼ ਭਗਤੀ ਦੇ ਗੀਤ ਗਾ ਕੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਇਸ ਮੌਕੇ ਪ੍ਰਧਾਨ ਗੁਰਦਿਆਲ ਸਿੰਘ ਸੈਣੀ, ਮੰਗਤ ਸਿੰਘ ਸੈਣੀ, ਇਕਬਾਲ ਸਿੰਘ, ਅਰਜੁਨ ਸਿੰਘ, ਇੰਦਰ ਗੁਰੰਗ ਸਮੇਤ ਵੱਡੀ ਗਿਣਤੀ ਵਿਚ ਜੁਝਾਰੂ ਸਾਥੀ ਹਾਜ਼ਰ ਸਨ।
ਮਾਸਟਰ ਰਾਜੇਸ਼ ਕੁਮਾਰ ਨੇ ਸ਼ਹੀਦ ਦੇ ਜੀਵਨ ਉਪਰ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਅਮਰੀਕਾ ਦੇ ਸ਼ਹਿਰ ਸਾਨਫਰਾਂਸਿਸਕੋ ਵਿਖੇ ਮਹਾਨ ਗਦਰੀ ਯੋਧਿਆਂ ਬਾਬਾ ਸੋਹਨ ਸਿੰਘ ਭਕਨਾ ਅਤੇ ਲਾਲਾ ਹਰਦਿਆਲ ਨਾਲ ਮਿਲ ਕੇ ਗਦਰ ਪਾਰਟੀ ਦੀ ਸਥਾਪਨਾ ਕੀਤੀ ਅਤੇ ਦੇਸ਼ ਵਿਦੇਸ਼ ਵਿੱਚ ਵੱਸਦੇ ਹਜ਼ਾਰਾਂ ਦੇਸ਼ ਭਗਤਾਂ ਨੇ ਗਦਰ ਪਾਰਟੀ ਦੇ ਝੰਡੇ ਥੱਲੇ ਅੰਗਰੇਜ਼ੀ ਹਕੂਮਤ ਦਾ ਤਖਤਾ ਪਲਟਾਉਣ ਲਈ ਹਥਿਆਰਬੰਦ ਸੰਘਰਸ਼ ਦੀ ਸਹੁੰ ਖਾਧੀ ਸੀ। ਕੁਝ ਕੁ ਗਦਾਰਾਂ ਕਾਰਨ ਅੰਗਰੇਜ਼ ਹਕੂਮਤ ਨੂੰ ਇਸ ਦੀ ਭਿਣਕ ਲਗ ਗਈ ਅਤੇ ਅੰਗਰੇਜ਼ੀ ਸਰਕਾਰ ਨੇ ਭਾਰਤੀ ਸੈਨਿਕਾਂ ਨੂੰ ਬੇਥਿਆਰ ਕਰ ਦਿੱਤਾ। ਸ਼ਹੀਦ ਕਰਤਾਰ ਸਿੰਘ ਸਰਾਭਾ, ਵਿਸ਼ਣੂ ਪਿੰਗਲੇ, ਗੁਰਦਿੱਤ ਸਿੰਘ, ਸੋਹਣ ਸਿੰਘ, ਜਗਤ ਸਿੰਘ, ਕੇਹਰ ਸਿੰਘ, ਕਾਂਸ਼ੀ ਰਾਮ, ਅਮੀਰ ਚੰਦ, ਰਹਿਮਤ ਅਲੀ ਸ਼ਾਹ ਸਮੇਤ ਕੁੱਲ 400 ਕ੍ਰਾਂਤੀਕਾਰੀਆਂ ਨੂੰ ਲਾਹੌਰ ਸਾਜਿਸ਼ ਕੇਸ ਵਿੱਚ ਝੂਠੇ ਕੇਸ ਚਲਾ ਕੇ ਸੈਂਟਰਲ ਜੇਲ੍ਹ ਲਾਹੌਰ ਵਿਚ ਫਾਂਸੀ ਦੇ ਫੰਦੇ ਤੇ ਚੜ੍ਹਾ ਦਿਤਾ ਗਿਆ।
ਜਲੰਧਰ (ਪੱਤਰ ਪ੍ਰੇਰਕ): ਇਥੋਂ ਦੇ ਕੰਨਿਆ ਮਹਾਂ ਵਿਦਿਆਲਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਛੋਟੀ ਉਮਰ ਵਿੱਚ ਹੀ ਦੇਸ਼ ਲਈ ਮਰ-ਮਿਟਣ ਦਾ ਜਜ਼ਬਾ ਬੇਮਿਸਾਲ ਸੀ, ਜਿਸ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਸੰਗਰਾਮ ਵਿੱਚ ਬੜੇ ਉਤਸ਼ਾਹ ਨਾਲ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਵਿਤਾ ਉਚਾਰਨ, ਪੋਸਟਰ ਮੇਕਿੰਗ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਦੇਸ਼ ਭਗਤ ਯਾਦਗਾਰ ਹਾਲ ਵਿੱਚ ਸ਼ਹੀਦੀ ਸਮਾਗਮ ਕਰਵਾਇਆ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸੀਪੀਆਈ (ਐਮ) ਵੱਲੋਂ ਇੱਥੋਂ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗ਼ਦਰ ਲਹਿਰ ਦੇ ਪਹਿਲੇ 7 ਸ਼ਹੀਦਾਂ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਵਿਸ਼ਣੂ ਗਣੇਸ਼ ਪਿੰਗਲੇ, ਸ਼ਹੀਦ ਜਗਤ ਸਿੰਘ, ਸ਼ਹੀਦ ਹਰਨਾਮ ਸਿੰਘ ਸਿਆਲਕੋਟੀ, ਸ਼ਹੀਦ ਬਖਸ਼ੀਸ਼ ਸਿੰਘ, ਸ਼ਹੀਦ ਸੁਰਾਇਣ ਸਿੰਘ (ਵੱਡਾ) ਤੇ ਸ਼ਹੀਦ ਸੁਰਾਇਣ ਸਿੰਘ (ਛੋਟਾ) ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਤੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਸੂਬਾ ਸਕੱਤਰੇਤ ਮੈਂਬਰ, ਭੂਪ ਚੰਦ ਚੰਨੋ, ਗੁਰਦਰਸ਼ਨ ਸਿੰਘ ਖਾਸਪੁਰ, ਰਾਮ ਸਿੰਘ ਨੂਰਪੁਰੀ, ਸੁੱਚਾ ਸਿੰਘ ਅਜਨਾਲਾ, ਮੇਜਰ ਸਿੰਘ ਭਿੱਖੀਵਿੰਡ, ਰੂਪ ਬਸੰਤ ਸਿੰਘ ਬੜੈਚ, ਗੁਰਨੇਕ ਸਿੰਘ ਭੱਜਲ, ਬਲਬੀਰ ਸਿੰਘ ਜਾਡਲਾ, ਸੁਖਪ੍ਰੀਤ ਸਿੰਘ ਜੌਹਲ ਤੇ ਅਬਦੁਲ ਸਤਾਰ ਸ਼ਾਮਲ ਹੋਏ। ਇਸ ਦੌਰਾਨ ਸਮਾਗਮ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਸੀਤਲ ਸਿੰਘ ਸੰਘਾ ਵੱਲੋਂ ਉਦਘਾਟਨੀ ਭਾਸ਼ਣ ਦਿੱਤਾ ਗਿਆ। ਇਸੇ ਤਰ੍ਹਾਂ ਪਿਰਥੀਪਾਲ ਸਿੰਘ ਮਾੜੀਮੇਘਾ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਿਆ ਗਿਆ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ ਨੇ ਨਿਭਾਈ। ਸਮਾਗਮਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਨਿਲੋਤਪਾਲ ਬਾਸੂ ਅਤੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸ਼ਹੀਦਾਂ ਨੇ ਜਿਹੜੇ ਸਮਾਜ ਦਾ ਸੁਫ਼ਨਾ ਲਿਆ ਸੀ, ਉਹ ਅੱਜ ਵੀ ਅਧੂਰਾ ਹੈ। ਇਸ ਦੌਰਾਨ ਪੰਜਾਬ ਦੀ ਗੱਲ ਕਰਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫ਼ਲ ਸਾਬਤ ਹੋਈ ਹੈ। ਇਸ ਦੌਰਾਨ ਕਾਮਰੇਡ ਸੇਖੋਂ ਨੇ ਦੱਸਿਆ ਕਿ ਪਾਰਟੀ ਵੱਲੋਂ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਲੈ ਕੇ 1 ਤੋਂ 15 ਦਸੰਬਰ ਤੱਕ ਸੂਬਾ ਪੱਧਰੀ ਜਥਾ ਮਾਰਚ ਕੀਤਾ ਜਾਵੇਗਾ।