ਗੁਰਦੁਆਰਾ ਪਰਿਵਾਰ ਵਿਛੋੜਾ ’ਚ ਸ਼ਹੀਦੀ ਸਮਾਗਮ ਭਲਕੇ
ਪੱਤਰ ਪ੍ਰੇਰਕ
ਘਨੌਲੀ, 11 ਦਸੰਬਰ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਜਾਂਦੇ ਸ਼ਹੀਦੀ ਪੰਦਰਵਾੜੇ ਦੀ ਸ਼ੁਰੂਆਤ 13 ਦਸੰਬਰ ਤੋਂ ਹੋ ਰਹੀ ਹੈ। ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਮੈਨੇਜਰ ਸੰਦੀਪ ਸਿੰਘ ਕਲੋਤਾ ਨੇ ਦੱਸਿਆ ਕਿ 13 ਦਸੰਬਰ ਨੂੰ ਸਿਰਸਾ ਨਦੀ ਦੇ ਕਿਨਾਰੇ ਪਿੰਡ ਸਰਸਾ ਨੰਗਲ ਵਿੱਚ ਸਥਿਤ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਭਾਈ ਉਦੈ ਸਿੰਘ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਏ ਜਾਣਗੇ। ਉਨ੍ਹਾਂ ਦੇ 15 ਦਸੰਬਰ ਨੂੰ ਭੋਗ ਪਾਏ ਜਾਣਗੇ। ਇਸ ਦੌਰਾਨ ਉੱਚ ਕੋਟੀ ਦੇ ਰਾਗੀ ਢਾਡੀ ਅਤੇ ਕੀਰਤਨੀ ਜਥੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀਆਂ ਸ਼ਹਾਦਤਾਂ ਸਬੰਧੀ ਸੰਗਤ ਨੂੰ ਜਾਣੂ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤ੍ਰਿਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਮਲਕੀਤ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੀ ਸੰਗਤਾਂ ਦੇ ਸਨਮੁੱਖ ਹੋਣਗੇ।