For the best experience, open
https://m.punjabitribuneonline.com
on your mobile browser.
Advertisement

ਸ਼ਹੀਦੀ ਸਮਾਗਮ: ਪੁਲੀਸ ਅਧਿਕਾਰੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

09:57 AM Aug 14, 2024 IST
ਸ਼ਹੀਦੀ ਸਮਾਗਮ  ਪੁਲੀਸ ਅਧਿਕਾਰੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਈਸੜੂ ਵਿੱਚ ਡੀਆਈਜੀ ਧੰਨਪ੍ਰੀਤ ਕੌਰ ਤੇ ਐੱਸਐੱਸਪੀ ਅਸ਼ਵਨੀ ਗੋਟਿਆਲ ਤੇ ਹੋਰ ਅਧਿਕਾਰੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ।
Advertisement

ਪੱਤਰ ਪ੍ਰੇਰਕ
ਪਾਇਲ, 13 ਅਗਸਤ
ਇੱਥੇ ਦੇਰ ਰਾਤ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਸਮਾਗਮ ਮੌਕੇ ਹੋਣ ਵਾਲੇ ‘ਰਾਜ ਪੱਧਰੀ’ ਸਮਾਗਮ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ 15 ਅਗਸਤ ਈਸੜੂ ਫੇਰੀ ਨੂੰ ਲੈ ਕੇ ਡੀਆਈਜੀ ਧੰਨਪ੍ਰੀਤ ਕੌਰ ਅਤੇ ਐੱਸਐਸਪੀ ਖੰਨਾ ਅਸ਼ਵਨੀ ਗੋਟਿਆਲ ਨੇ ਸੁਰੱਖਿਆਂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਦੱਸਣਯੋਗ ਹੈ ਕਿ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਵੱਖ-ਵੱਖ ਰਾਜਨੀਤਕ ਪਾਰਟੀਆਂ, ਕਿਸਾਨ ਤੇ ਜਥੇਬੰਦੀਆਂ ਦੇ ਆਗੂ ਸ਼ਰਧਾਂਜਲੀ ਭੇਟ ਕਰਨਗੇ। ਇਸ ਦੇ ਮੱਦੇਨਜ਼ਰ ਪਿੰਡ ਈਸੜੂ ਵਿੱਚ ਸ਼ਹੀਦ ਦੇ ਆਦਮਕੱਦ ਬੁੱਤ, ਲਾਇਬਰੇਰੀ, ਦਾਣਾ ਮੰਡੀ ਤੇ ਹੈਲੀਪੈਡ ਤੇ ਪੁਲੀਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ, ਸ਼ਹੀਦ ਦੇ ਨਾਂ ’ਤੇ ਬਣੀ ਲਾਇਬਰੇਰੀ ਦਾ ਉਦਘਾਟਨ ਕਰਨ ਤੋਂ ਬਾਅਦ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕਰਨਗੇੇ। ਇਸੇ ਦਿਨ ਕਾਂਗਰਸ ਵੱਲੋਂ ਸੰਸਦ ਮੈਂਬਰ ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਗੁਰਕੀਰਤ ਸਿੰਘ ਕੋਟਲੀ, ਲਖਵੀਰ ਸਿੰਘ ਲੱਖਾ ਤੇ ਹੋਰ ਆਗੂ ਵੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਕਾਂਗਰਸ ਵੱਲੋਂ ਸ਼ਹੀਦੀ ਕਾਨਫਰੰਸ ਪਿੰਡ ਇਕੋਲਾਹਾ ਦੇ ਬਾਦਸ਼ਾਹ ਪੈਲੇਸ ਵਿੱਚ ਕਰਵਾਈ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ’ਚ ਕੋਹੇਨੂਰ ਪੈਲੇਸ ਈਸੜੂ ਵਿੱਚ ਸ਼ਹੀਦੀ ਕਾਨਫਰੰਸ ਕੀਤੀ ਜਾ ਰਹੀ ਹੈ।
ਈਸੜੂ ਕਾਨਫਰੰਸ ਸਬੰਧੀ ਤਿਆਰੀਆਂ ਮੁਕੰਮਲ
ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸਮਰਪਿਤ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਵੱਲੋਂ ਇੱਕ ਸ਼ਹੀਦੀ ਕਾਨਫਰੰਸ 15 ਅਗਸਤ ਨੂੰ ਕੀਤੀ ਜਾ ਰਹੀ ਹੈ। ਇਸ ਬਾਰੇ ਸਹਾਇਕ ਸਕੱਤਰ ਚਮਕੌਰ ਸਿੰਘ ਬਰ੍ਹਮੀ ਨੇ ਦੱਸਿਆ ਕਿ ਐਡਵੋਕੇਟ ਪਰਮਜੀਤ ਸਿੰਘ (ਖੰਨਾ), ਸੂਬਾ ਕੌਸਲ ਮੈਂਬਰ ਭਗਵਾਨ ਸਿੰਘ ਸੋਮਲਖੇੜ੍ਹੀ, ਗੁਰਮੀਤ ਸਿੰਘ ਅਤੇ ਜਗਜੀਤ ਸਿੰਘ ਬੁਆਣੀ ਆਦਿ ਦੀ ਅਗਵਾਈ ਹੇਠ 15 ਅਗਸਤ ਨੂੰ ਹੋਣ ਵਾਲੀ ਕਾਨਫਰੰਸ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਕਾਨਫਰੰਸ ਵਿੱਚ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਲ ਇੰਡੀਆ ਟਰੇਡ ਯੂਨੀਅਨ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ, ਆਲ ਇੰਡੀਆ ਕਿਸਾਨ ਸਭਾ ਦੇ ਨੀਤੀ ਮਾਹਿਰ ਡਾ. ਰਜਿੰਦਰਪਾਲ ਸਿੰਘ ਔਲਖ, ਕੌਮੀ ਕੌਸਲ ਮੈਂਬਰ ਡਾ. ਅਰੁਣ ਮਿੱਤਰਾ, ਜਸਵੀਰ ਸਿੰਘ ਝੱਜ ਸਮੇਤ ਸੂਬੇ ਅਤੇ ਜ਼ਿਲ੍ਹੇ ਦੇ ਆਗੂ ਪਹੁੰਚ ਰਹੇ ਹਨ। ਸਟੇਟ ਕੌਂਸਲ ਮੈਂਬਰ ਰਮੇਸ਼ ਰਤਨ, ਸ਼ਹਿਰੀ ਸਕੱਤਰ ਮਨਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਇਹ ਕਾਨਫਰੰਸ ਪਿਛਲੇ ਸਾਲ ਵਾਲੀ ਥਾਂ ’ਤੇ ਕੀਤੀ ਜਾ ਰਹੀ ਹੈ।

Advertisement
Advertisement
Author Image

Advertisement
×