ਗੁਰਦੁਆਰਾ ਪੰਜੋਖਰਾ ਸਾਹਿਬ ਵਿੱਚ ਸ਼ਹੀਦੀ ਸਮਾਗਮ
ਰਤਨ ਸਿੰਘ ਢਿੱਲੋਂ
ਅੰਬਾਲਾ, 29 ਦਸੰਬਰ
ਗੁਰੂ ਗੋਬਿੰਦ ਸਿੰਘ , ਮਾਤਾ ਗੁਜਰ ਕੌਰ, ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਫ਼ਰ-ਏ-ਸ਼ਹਾਦਤ ਅਧੀਨ ਇਤਿਹਾਸਕ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਸ਼੍ਰੋਮਣੀ ਅਕਾਲੀ ਦਲ (ਆਜ਼ਾਦ) ਦੇ ਪ੍ਰਧਾਨ ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਸੀ. ਮੀਤ ਪ੍ਰਧਾਨ ਸੁਦਰਸ਼ਨ ਸਿੰਘ ਸਹਿਗਲ ਨੇ ਸ਼ਿਰਕਤ ਕੀਤੀ। ਸਮਾਗਮ ਵਿਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ, ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੰਘ ਨਿਊਯਾਰਕ ਤੋਂ ਬਿਸ਼ਨ ਸਿੰਘ ਜਨਸੂਆ, ਦਮਦਮੀ ਟਕਸਾਲ ਤੋਂ ਭਾਈ ਮੋਹਕਮ ਸਿੰਘ, ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੋਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਾਬ ਧਰਮ ਪ੍ਰਚਾਰ ਇੰਚਾਰਜ ਮਨਜੀਤ ਸਿੰਘ ਭੋਮਾ ਅਤੇ ਪਦਮਸ੍ਰੀ ਜਗਜੀਤ ਸਿੰਘ ਦਰਦੀ ਨੇ ਸੰਗਤ ਨੂੰ ਸੰਬੋਧਨ ਕੀਤਾ। ਸਮਾਗਮ ਦੌਰਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਕੂਲ ਦੇ ਵਿਦਿਆਰਥੀਆਂ ਜਸ਼ਨਪ੍ਰੀਤ ਸਿੰਘ, ਅਮ੍ਰਿਤਪ੍ਰੀਤ ਕੌਰ, ਰਬਦੀਪ ਸਿੰਘ ਤੇ ਕਨਿਕਾ ਨੇ ਇਕੱਠਿਆਂ ਗਰੁੱਪ ਵਿਚ ਗੁਰੂ ਗੋਬਿੰਦ ਸਿੰਘ ਅਤੇ ਸਾਹਿਬਜ਼ਾਦਿਆਂ ਸਬੰਧੀ ਵੈਰਾਗ ਅਤੇ ਕਰੁਣਾ ਭਰਪੂਰ ਕਵਿਤਾਵਾਂ ਗਾ ਕੇ ਸ਼ਰਧਾਂਜਲੀ ਪੇਸ਼ ਕੀਤੀ।
ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕਈ ਥਾਈਂਂਂ ਂਲੰਗਰ ਲਗਾਏ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀਆਂ ਮਹਾਨ ਕੁਰਬਾਨੀਆਂ ਦੀ ਯਾਦ ਨੂੰ ਸਮਰਪਿਤ ਅੱਜ ਦਸ਼ਮੇਸ਼ ਆਈ ਸੈਂਟਰ ਮੁੱਲਾਂਪੁਰ ਗਰੀਬਦਾਸ ਵੱਲੋਂ ਚਾਹ, ਬਰੈਡ, ਪਕੌੜਿਆਂ ਸਦੇ ਦਾਲ ਪ੍ਰਸ਼ਾਦੇ ਅਤੇ ਦੁੱਧ ਦੇ ਲੰਗਰ ਤੋਂ ਇਲਾਵਾ ਅੱਖਾਂ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਲਈ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ। ਡਾਇਰੈਕਟਰ ਬਲਜਿੰਦਰ ਕੌਰ ਮਾਵੀ ਨੇ ਦੱਸਿਆ ਕਿ ਕੈਂਪ ਦੌਰਾਨ ਕਾਫ਼ੀ ਲੋਕਾਂ ਨੇ ਲਾਹਾ ਖੱਟਿਆ। ਇਸੇ ਦੌਰਾਨ, ਪਿੰਡ ਨਾਡਾ ਦੇ ਗੁੱਜਰ ਭਾਈਚਾਰੇ ਵੱਲੋਂ ਟੀ ਪੁਆਇੰਟ ਮਾਜਰਾ, ਪਿੰਡ ਪੜਛ ਦੀ ਸੰਗਤ ਵੱਲੋਂ ਮੁੱਲਾਂਪੁਰ ਗਰੀਬਦਾਸ ਦੇ ਬੈਰੀਅਰ ਕੋਲ ਅਤੇ ਦੋਜੀ ਯੂਨੀਅਨ ਵੱਲੋਂ ਮੁੱਲਾਂਪੁਰ ਗਰੀਬਦਾਸ ਦੇ ਫਲਾਈਉਵਰ ਕੋਲ ਕੜਾਹ ਪ੍ਰਸ਼ਾਦ, ਦਾਲ, ਰੋਟੀ ਦੇ ਅਤੁੱਟ ਲੰਗਰ ਲਾਏ ਗਏ।