ਸ਼ਹੀਦੀ ਸਭਾ: ਦੂਜੇ ਦਿਨ ਵੱਡੀ ਗਿਣਤੀ ਸੰਗਤ ਨਤਮਸਤਕ
ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 26 ਦਸੰਬਰ
ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੇ ਅੱਜ ਦੂਜੇ ਦਿਨ ਵੀ ਵੱਡੀ ਗਿਣਤੀ ਵਿੱਚ ਸੰਗਤ ਦੇਸ਼-ਵਿਦੇਸ਼ ਤੋਂ ਪਹੁੰਚੀ ਜਿਨ੍ਹਾਂ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ, ਗੁਰਦੁਆਰਾ ਜੋਤੀ ਸਰੂਪ ਅਤੇ ਗੁਰਦੁਆਰਾ ਠੰਢਾ ਬੁਰਜ ਸਮੇਤ ਹੋਰ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਗੁਰਦੁਆਰਾ ਠੰਢਾ ਬੁਰਜ ਸਾਹਿਬ ਦੇ ਸਾਹਮਣੇ ਟੋਡਰ ਮੱਲ ਦੀਵਾਨ ਹਾਲ ਵਿੱਚ ਅੱਜ ਵਿਦਵਾਨਾਂ, ਰਾਗੀਆਂ, ਢਾਡੀਆਂ, ਕਵੀਸ਼ਰਾਂ ਤੇ ਪ੍ਰਚਾਰਕਾਂ ਨੇ ਸੰਗਤ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ।
ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿੱਚ ਅਖੰਡ ਪਾਠ ਦੇ ਪਾਠ ਦੇ ਭੋਗ ਭਲਕੇ 27 ਦਸੰਬਰ ਨੂੰ ਪੈਣਗੇ ਅਤੇ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਜੋ ਦੁਪਹਿਰ 12 ਵਜੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਪੁੱਜੇਗਾ ਅਤੇ ਸੋਹਿਲਾ ਸਾਹਿਬ ਦੇ ਪਾਠ ਉਪਰੰਤ ਸਮਾਪਤੀ ਹੋਵੇਗੀ। ਸ਼੍ਰੋਮਣੀ ਪੰਥ ਰਤਨ ਬਾਬਾ ਬਲਬੀਰ ਸਿੰਘ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਨੇ ਦੱਸਿਆ ਕਿ 28 ਦਸੰਬਰ ਤੱਕ ਧਾਰਮਿਕ ਸਮਾਗਮ ਚੱਲਣਗੇ ਅਤੇ 28 ਦਸੰਬਰ ਨੂੰ ਹੀ ਸਮੂਹ ਨਿਹੰਗ ਸਿੰਘ ਦਲਾਂ ਵੱਲੋਂ ਬੁੱਢਾ ਦਲ ਦੀ ਅਗਵਾਈ ਵਿੱਚ ਮਹੱਲਾ ਸਜਾਇਆ ਜਾਵੇਗਾ।
ਵਰਨਣਯੋਗ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਨੂੰ ਛੱਡ ਕੇ ਹੋਰ ਕਿਸੇ ਵੀ ਸਿਆਸੀ ਪਾਰਟੀ ਨੇ ਅੱਜ ਆਪਣੀ ਇੱਥੇ ਰਾਜਸੀ ਕਾਨਫੰਰਸ ਨਹੀਂ ਕੀਤੀ। ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਸੰਤ ਨਿਰਮਲ ਆਸ਼ਰਮ ਖੇੜਾ-ਹੰਸਾਲੀ ਵਿਚ ਵੀ ਅੱਜ ਪਾਠ ਆਰੰਭ ਹੋਏ ਜਿਨ੍ਹਾਂ ਦੀ ਸੰਪੂਰਨਤਾ ਪਹਿਲੀ ਜਨਵਰੀ ਨੂੰ ਸਵੇਰੇ 9 ਵਜੇ ਹੋਵੇਗੀ।
ਫ਼ਤਹਿਗੜ੍ਹ ਸਾਹਿਬ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
ਸ਼ਹੀਦੀ ਸਭਾ ਦੇ ਦੂਜੇ ਦਿਨ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਨਤਮਸਤਕ ਹੋਏ। ਉਨ੍ਹਾਂ ਕਿਹਾ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਅਦੁੱਤੀ ਸ਼ਹਾਦਤ ਦੀ ਮਿਸਾਲ ਦੁਨੀਆਂ ਵਿੱਚ ਕਿਧਰੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਨੇ 9 ਸਾਲ ਤੇ 7 ਸਾਲ ਦੀ ਉਮਰ ਵਿੱਚ ਬਹਾਦਰੀ ਨਾਲ ਜ਼ਾਲਮ ਮੁਗਲ ਹਕੂਮਤ ਦਾ ਟਾਕਰਾ ਕੀਤਾ ਅਤੇ ਨਿੱਡਰਤਾ ਤੇ ਦ੍ਰਿੜ੍ਹਤਾ ਨਾਲ ਧਰਮ ’ਤੇ ਅਡੋਲ ਰਹੇ।
ਜਬਰ ਵਿਰੁੱਧ ਲੜਨ ਦਾ ਸੰਦੇਸ਼ ਦਿੰਦੀ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ: ਮਾਨ
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਮਾਸੂਮ ਜਿੰਦਾਂ ਦੀਆਂ ਸ਼ਹਾਦਤਾਂ ਸਾਨੂੰ ਹਕੂਮਤੀ ਜਬਰ-ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਜਿੱਥੇ ਦ੍ਰਿੜ੍ਹਤਾ ਨਾਲ ਜੱਦੋ-ਜਹਿਦ ਕਰਨ ਦਾ ਸੰਦੇਸ਼ ਦਿੰਦੀਆਂ ਹਨ, ਉੱਥੇ ਆਪਣੀ ਕੌਮੀ ਅਣਖ ਅਤੇ ਆਜ਼ਾਦੀ ਨੂੰ ਹਰ ਕੀਮਤ ’ਤੇ ਕਾਇਮ ਰੱਖਦਿਆਂ ਮਨੁੱਖਤਾ ਦੀ ਬਿਹਤਰੀ ਲਈ ਸਰਗਰਮ ਰਹਿਣ ਲਈ ਪ੍ਰੇਰਦੀਆਂ ਹਨ।