For the best experience, open
https://m.punjabitribuneonline.com
on your mobile browser.
Advertisement

ਵਿਆਹ ਦੇ ਬੰਧਨ ਵਿੱਚ ਬੱਝੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ

08:28 AM Jun 17, 2024 IST
ਵਿਆਹ ਦੇ ਬੰਧਨ ਵਿੱਚ ਬੱਝੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਤੇ ਐਡਵੋਕੇਟ ਸ਼ਾਹਬਾਜ਼ ਸਿੰਘ ਜ਼ੀਰਕਪੁਰ ਦੇ ਗੁਰਦੁਆਰਾ ਨਾਭਾ ਸਾਹਿਬ ’ਚ ਵਿਆਹ ਦੀਆਂ ਰਸਮਾਂ ਲਈ ਪੁੱਜਦੇ ਹੋਏ। -ਫੋਟੋ: ਨਿਤਿਨ ਮਿੱਤਲ
Advertisement

ਹਰਜੀਤ ਸਿੰਘ
ਜ਼ੀਰਕਪੁਰ, 16 ਜੂਨ
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਈ। ਜ਼ੀਰਕਪੁਰ ਦੇ ਇਤਿਹਾਸਕ ਗੁਰਦੁਆਰਾ ਨਾਭਾ ਸਾਹਿਬ ਵਿਖੇ ਉਨ੍ਹਾਂ ਨੇ ਬਲਟਾਣਾ ਵਸਨੀਕ ਐਡਵੋਕੇਟ ਸ਼ਾਹਬਾਜ਼ ਸੋਹੀ ਨਾਲ ਲਾਵਾਂ ਲੈ ਕੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਅਨਮੋਲ ਗਗਨ ਮਾਨ ਨੇ ਪੀਚ ਰੰਗ ਦਾ ਲਹਿੰਗਾ ਅਤੇ ਹਰੇ ਰੰਗ ਦੀ ਚੁੰਨੀ ਜਦਕਿ ਮੁੰਡੇ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ। ਵਿਆਹ ਬਹੁਤ ਸਾਦੇ ਢੰਗ ਨਾਲ ਕੀਤਾ ਗਿਆ ਜਿੱਥੇ ਦੋਵਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਖ਼ਾਸ ਦੋਸਤ ਹੀ ਸ਼ਾਮਲ ਹੋਏ। ਵਿਆਹ ਤੋਂ ਬਾਅਦ ਦੋਵਾਂ ਨੇ ਸਾਰੇ ਮਹਿਮਾਨਾਂ ਨਾਲ ਲੰਗਰ ਛਕਿਆ।

Advertisement

ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਵਿਆਹ ਸਮਾਗਮ ’ਚ ਪੁੱਜਦੇ ਹੋਏ। -ਫੋਟੋ: ਨਿਤਿਨ ਮਿੱਤਲ

ਵਿਆਹ ਤੋਂ ਬਾਅਦ ਨਿੱਜੀ ਪੈਲੇਸ ਵਿੱਚ ਪਾਰਟੀ ਰੱਖੀ ਗਈ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਨਾਲ ਪਹੁੰਚ ਕੇ ਨਵੇਂ ਜੋੜੇ ਨੂੰ ਆਸ਼ੀਰਵਾਦ ਦਿੱਤਾ। ਇਸ ਤੋਂ ਇਲਾਵਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਕਾਂਗਰਸ ਪਾਰਟੀ ਦੇ ਆਗੂ ਰਾਣਾ ਗੁਰਜੀਤ ਸਿੰਘ, ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਪੰਜਾਬੀ ਅਦਾਕਾਰ ਗੁੱਗੂ ਗਿੱਲ, ਪੰਜਾਬੀ ਗਾਇਕ ਬੱਬੂ ਮਾਨ, ਪੰਜਾਬੀ ਗਾਇਕਾ ਅਫਸਾਨਾ ਖਾਨ ਆਪਣੇ ਪਤੀ ਨਾਜ ਤੋਂ ਇਲਾਵਾ ਕਈ ਮੌਜੂਦਾ ਮੰਤਰੀ ਅਤੇ ਵਿਧਾਇਕ ਹਾਜ਼ਰ ਸਨ। ਅਨਮੋਲ ਗਗਨ ਮਾਨ ਮਾਨਸਾ ਦੀ ਜੰਮਪਲ ਹੈ ਜਿਸ ਨੇ ਆਪਣਾ ਕਰੀਅਰ ਮਾਡਲਿੰਗ ਤੋਂ ਸ਼ੁਰੂ ਕੀਤਾ। ਉਨ੍ਹਾਂ ਸਾਲ 2004 ਤੋਂ 2013 ਤੱਕ ਮਾਡਲਿੰਗ ਕੀਤੀ। ਇਸ ਮਗਰੋਂ 2014 ਤੋਂ ਪੰਜਾਬੀ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ। ਸਾਲ 2020 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ। ਸਾਲ 2022 ਵਿੱਚ ਉਹ ਖਰੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੀ ਗਈ। ਪਾਰਟੀ ਵੱਲੋਂ ਉਨ੍ਹਾਂ ਨੂੰ ਸੈਰ-ਸਪਾਟਾ ਸਣੇ ਚਾਰ ਮਹਿਕਮਿਆਂ ਦਾ ਮੰਤਰੀ ਬਣਾਇਆ ਗਿਆ।
ਉਧਰ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ਼ ਸੋਹੀ ਜ਼ੀਰਕਪੁਰ ਦੇ ਬਲਟਾਣਾ ਖੇਤਰ ਦੇ ਮਰਹੂਮ ਕਾਂਗਰਸੀ ਆਗੂ ਰਵਿੰਦਰ ਸਿੰਘ ਕੁਕੂ ਸੋਹੀ ਦੇ ਛੋਟੇ ਪੁੱਤਰ ਹਨ। ਸੋਹੀ ਪਰਿਵਾਰ ਇਸ ਖੇਤਰ ਦੇ ਵੱਡੇ ਜ਼ਿਮੀਂਦਾਰ ਹਨ। ਸ਼ਾਹਬਾਜ਼ ਸੋਹੀ ਦੀ ਮਾਤਾ ਸ਼ੀਲਮ ਸੋਹੀ ਕਾਂਗਰਸ ਵੱਲੋਂ ਸਾਲ 2002 ’ਚ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ, ਜੋ ਉਹ ਹਾਰ ਗਏ ਸੀ। ਸ਼ੀਲਮ ਸੋਹੀ ਲੰਮੇ ਸਮੇਂ ਤੋਂ ਅਕਾਲੀ ਦਲ ਵਿੱਚ ਸੀ ਤੇ ਉਨ੍ਹਾਂ ਇਕ ਮਹੀਨੇ ਪਹਿਲਾਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਸ਼ਾਹਬਾਜ਼ ਸੋਹੀ ਦਾ ਦਾਦਾ ਮਰਹੂਮ ਬਲਬੀਰ ਸਿੰਘ ਬਲਟਾਣਾ ਆਜ਼ਾਦ ਤੌਰ ’ਤੇ ਜਿੱਤ ਕੇ ਵਿਧਾਇਕ ਰਹਿ ਚੁੱਕੇ ਹਨ।
ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਕਰਾਉਣ ਤੋਂ ਇਲਾਵਾ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅਦਾਕਾਰਾ ਪਰਿਨੀਤੀ ਚੋਪੜਾ ਨਾਲ, ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਆਈਪੀਐਸ ਜਯੋਤੀ ਯਾਦਵ ਨਾਲ, ਪਾਰਟੀ ਦੀ ਸਭ ਤੋਂ ਛੋਟੀ ਉਮਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਾਰਟੀ ਆਗੂ ਮਨਦੀਪ ਸਿੰਘ ਲੱਖੇਵਾਲ ਨਾਲ ਵਿਆਹ ਕਰਵਾਇਆ। ਇਸ ਦੌਰਾਨ ਵਿਧਾਇਕ ਰਣਬੀਰ ਸਿੰਘ ਭੁੱਲਰ ਤੇ ਫ਼ਾਜ਼ਿਲਕਾ ਤੋਂ ਵਿਧਾਇਕ ਨਰਿੰਦਰ ਪਾਲ ਸਿੰਘ ਸਾਵਨਾਂ ਵੀ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ।

Advertisement

Advertisement
Tags :
Author Image

Advertisement