ਪੰਜ ਮਿੰਟਾਂ ਵਿੱਚ ਮਿਲਿਆ ਮੈਰਿਜ ਸਰਟੀਫਿਕੇਟ
ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਫਰਵਰੀ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਦਰਾਂ ’ਤੇ ਜਾ ਕੇ ਸਰਕਾਰੀ ਸੇਵਾਵਾਂ ਦੇਣ ਦੀ ਮੁਹਿੰਮ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਲਏ ਕੈਂਪਾਂ ਦੌਰਾਨ ਅੱਜ ਇੱਕ ਨਵੇਂ ਵਿਆਹੇ ਜੋੜੇ ਦੇ ਵਿਆਹ ਪੰਜ ਮਿੰਟ ਵਿੱਚ ਹੀ ਰਜਿਸਟਰੇਸ਼ਨ ਹੋ ਗਈ ਅਤੇ ਸਰਕਾਰ ਵੱਲੋਂ ਡੀਸੀ ਕੁਲਵੰਤ ਸਿੰਘ ਤੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਜੋੜੇ ਨੂੰ ਸ਼ਗਨ ਦੇ ਕੇ ਸ਼ੁਭਕਾਮਨਾਵਾਂ ਦਿੱਤੀਆਂ ਹਾਲਾਂਕਿ ਦਫ਼ਤਰਾਂ ਵਿੱਚ ਲੋਕਾਂ ਨੂੰ ਇਹ ਰਜਿਸਟਰੇਸ਼ਨ ਕਰਵਾਉਣ ਲਈ ਖੱਜਲ ਹੋਣਾ ਪੈਂਦਾ ਸੀ।
ਪਿੰਡ ਸਿੰਘਾਂਵਾਲਾ ’ਚ ਕੈਂਪ ਦੌਰਾਨ ਨਾਲ ਲੱਗਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਭਜੋਤ ਸਿੰਘ ਤੇ ਰਜਨੀ ਦੇ ਅਨੰਦ ਕਾਰਜ ਹੋ ਰਹੇ ਸਨ ਤਾਂ ਮੌਕੇ ’ਤੇ ਹਾਜ਼ਰ ਐੱਸਡੀਐੱਮ ਸਾਰੰਗਪ੍ਰੀਤ ਸਿੰਘ ਔਜਲਾ ਤੇ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਨੇ ਜੋੜੀ ਨੂੰ ਉਸ ਵੇਲੇ ਹੀ ਆਪਣਾ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰਵਾਉਣ ਲਈ ਪ੍ਰੇਰਿਆ। ਵਿਆਹ ਵਾਲੇ ਦੋਵਾਂ ਪਰਿਵਾਰਾਂ ਨੇ ਤੁਰੰਤ ਫਾਰਮ ਭਰ ਦਿੱਤੇ ਤੇ ਮੌਕੇ ’ਤੇ ਹਾਜ਼ਰ ਡਿਪਟੀ ਕਮਿਸ਼ਨਰ ਨੇ ਜੋੜੀ ਨੂੰ ਸਰਟੀਫਿਕੇਟ ਜਾਰੀ ਕੀਤਾ ਤੇ ਸਰਕਾਰ ਤਰਫ਼ੋਂ ਸ਼ਗਨ ਵੀ ਪਾਇਆ। ਇਸ ਤਰ੍ਹਾਂ ਨਵ-ਵਿਆਹੀ ਜੋੜੀ ਨੂੰ ਉਨ੍ਹਾਂ ਦੇ ਅਨੰਦ ਕਾਰਜ ਤੋਂ ਮਹਿਜ਼ 5 ਮਿੰਟ ਬਾਅਦ ਹੀ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਡੀਸੀ ਕੁਲਵੰਤ ਸਿੰਘ ਨੇ ਦੱਸਿਆ ਕਿ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਮੋਗਾ ਵਿੱਚ 16 ਸੁਵਿਧਾ ਕੈਂਪ ਲਾਏ ਗਏ ਹਨ। ਇਸ ਮੌਕੇ ਵਿਆਹੀ ਜੋੜੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।