ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ ਦੀ ਨਿਸ਼ਾਨਦੇਹੀ ਭਲਕੇ
ਜਗਮੋਹਨ ਸਿੰਘ
ਰੂਪਨਗਰ, 18 ਦਸੰਬਰ
ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫਾਊਂਡੇਸ਼ਨ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਰਾਹੀਂ ਰਿੱਟ ਦਾਇਰ ਕਰ ਕੇ ਸਤਲੁਜ ਦਰਿਆ ਦੇ ਕੰਢੇ ’ਤੇ ਉੱਚੀ ਪਹਾੜੀ ਉੱਤੇ ਸਥਿਤ ਮਹਾਰਾਜਾ ਰਣਜੀਤ ਸਿੰਘ ਵੱਲੋਂ ਲਹਿਰਾਏ ਸਰਕਾਰ ਖਾਲਸਾ ਦੇ ਝੰਡੇ ਵਾਲੀ ਸੁਰੱਖਿਅਤ ਕਰਵਾਈ ਗਈ ਜਗ੍ਹਾ ਦੀ 20 ਦਸੰਬਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰਸ਼ਾਸਨ ਵੱਲੋਂ ਨਿਸ਼ਾਨਦੇਹੀ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਡੀਐੱਮ ਬਲਾਚੌਰ ਰਵਿੰਦਰ ਕੁਮਾਰ ਬਾਂਸਲ ਨੇ ਦੱਸਿਆ ਕਿ ਸਵਰਾਜ ਮਾਜਦਾ ਫੈਕਟਰੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ ਲਈ ਸੁਰੱਖਿਅਤ ਕੀਤੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਦਰਖਾਸਤ ਦਿੱਤੀ ਗਈ ਹੈ, ਜਿਸ ’ਤੇ ਕਾਰਵਾਈ ਕਰਦੇ ਹੋਏ ਮਹਿਕਮਾ ਮਾਲ ਦੇ ਅਧਿਕਾਰੀਆਂ ਵੱਲੋਂ ਟੋਟਲ ਮਸ਼ੀਨ ਦੇ ਜ਼ਰੀਏ ਬੁੱਧਵਾਰ ਨੂੰ ਨਿਸ਼ਾਨਦੇਹੀ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਕਤ ਸੁਰੱਖਿਅਤ ਕੀਤੀ ਗਈ ਜ਼ਮੀਨ ਵਿੱਚ ਸਥਾਪਿਤ ਕੀਤੇ ਹੋਏ ਝੰਡੇ ਦੇ ਦਰਸ਼ਨ ਕਰਨ ਲਈ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਨੂਰਪੁਰ ਬੇਦੀ ਵੱਲ ਨੂੰ ਜਾਂਦੀ ਸੜਕ ਤੋਂ ਰਸਤਾ ਕੱਢੇ ਜਾਣ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਅੱਜ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਹਲਕਾ ਬਲਾਚੌਰ ਦੇ ਵਿਧਾਇਕ ਦੇ ਨੁੰਮਾਇਦਿਆਂ ਨਾਲ ਮਿਲ ਕੇ ਉਕਤ ਜਗ੍ਹਾ ਦਾ ਦੌਰਾ ਕੀਤਾ ਅਤੇ ਸਰਕਾਰ ਖਾਲਸਾ ਝੰਡੇ ਦੇ ਖੁੱਲ੍ਹੇ ਦਰਸ਼ਨਾਂ ਲਈ ਸੰਘਰਸ਼ ਕਰ ਰਹੇ ਸੰਘਰਸ਼ਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਬੰਧਤ ਕੈਬਨਿਟ ਮੰਤਰੀ ਨਾਲ ਇਸ ਮਸਲੇ ਸਬੰਧੀ ਗੱਲਬਾਤ ਕਰਕੇ ਮਹਾਰਾਜਾ ਰਣਜੀਤ ਸਿੰਘ ਹਿੱਲ ਪਾਰਕ ਦੀ ਉਸਾਰੀ ਲਈ ਹਰ ਤਰ੍ਹਾਂ ਦੇ ਸੰਭਵ ਯਤਨ ਕਰਨਗੇ। ਉਨ੍ਹਾਂ ਧਰਨਾਕਾਰੀਆਂ ਨਾਲ ਮੀਟਿੰਗ ਵੀ ਕੀਤੀ।