ਲੌਕਡਾਊਨ ਦੇ ਪਹਿਲੇ ਦਿਨ ਸ਼ਹਿਰਾਂ ਵਿੱਚ ਬਾਜ਼ਾਰ ਮੁਕੰਮਲ ਬੰਦ ਰਹੇ
ਰਵੇਲ ਸਿੰਘ ਭਿੰਡਰ
ਪਟਿਆਲਾ, 22 ਅਗਸਤ
ਕਰੋਨਾ ਦੇ ਵਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਇਹਤਿਆਤੀ ਕਦਮਾਂ ਵਜੋਂ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਆਰੰਭ ਹੋਏ ਦੋ ਦਿਵਸੀ ਵੀਕਐਂਡ ਲੌਕਡਾਊਨ ਤਹਿਤ ਜਿਥੇ ਕਾਰੋਬਾਰੀਆਂ ਨੇ ਦੁਕਾਨਾਂ ਬੰਦ ਰੱਖੀਆਂ, ਉਥੇ ਬਾਜ਼ਾਰਾਂ ’ਚੋਂ ਰੌਣਕ ਵੀ ਗਾਇਬ ਰਹੀ। ਸਿਰਫ਼ ਕੁਝ ਕੁ ਜਰੂਰੀ ਵਸਤਾਂ ਦੀਆਂ ਦੁਕਾਨਾ ਖੁੱਲੀਆਂ ਹੋਣ ਤੋਂ ਇਲਾਵਾ ਦਿਨ ਭਰ ਬਜਾਰਾ ’ਚ ਅੱਜ ਸੁੰਨਸਾਨ ਪਸਰੀ ਰਹੀ। ਤਾਜ਼ਾ ਲੌਕਡਾਉਨ ਦੀਆਂ ਨਵੀਆਂ ਹਦਾਇਤਾ ਤਹਿਤ ਧਾਰਮਿਕ ਸਥਾਨ, ਸਪੋਰਟਸ ਤੇ ਪਬਲਿਕ ਕੰਪਲੈਕਸ, ਰੈਸਟੋਰੈਂਟ ਅਤੇ ਸ਼ਰਾਬ ਦੇ ਠੇਕੇ ਰੋਜ਼ਾਨਾ ਸ਼ਾਮ 6.30 ਵਜੇ ਤੱਕ ਖੋਲੇ ਜਾ ਸਕਣਗੇ। ਹੋਟਲ 24 ਘੰਟੇ ਖੁੱਲੇ ਰੱਖੇ ਜਾ ਸਕਣਗੇ। ਜਦੋਂਕਿ ਜ਼ਰੂਰੀ ਸੇਵਾਵਾਂ, ਸਿਹਤ, ਖੇਤੀਬਾੜੀ, ਡੇਅਰੀ ਫਾਰਮ ਤੇ ਮੱਛੀ ਪਾਲਣ ਸਬੰਧੀ ਗਤੀਵਿਧੀਆਂ, ਬੈਕ, ਏ.ਟੀ.ਐਮਜ., ਸਟਾਕ ਮਾਰਕੀਟ, ਬੀਮਾਂ ਕੰਪਨੀਆਂ, ਆਨ ਲਾਈਨ ਸਿੱਖਿਆ, ਉਸਾਰੀ ਸਨਅਤ, ਪ੍ਰਾਈਵੇਟ ਅਤੇ ਸਰਕਾਰੀ ਦਫ਼ਤਰਾਂ ਸਮੇਤ ਮੀਡੀਆ ਨੂੰ ਕਰਫਿਊ ਤੋਂ ਛੋਟ ਹੋਵੇਗੀ।
ਸੰਗਰੂਰ (ਨਿਜੀ ਪੱਤਰ ਪ੍ਰੇਰਕ) ਕੋਵਿਡ-19 ਦੀ ਮਹਾਂਮਾਰੀ ਦੇ ਵਧ ਰਹੇ ਫੈਲਾਅ ਨੂੰ ਰੋਕਣ ਲਈ ਸ਼ਨੀਵਾਰ ਤੇ ਐਤਵਾਰ ਨੂੰ ਲਗਾਏ ਲੌਕਡਾਊਨ ਦੇ ਪਹਿਲੇ ਦਿਨ ਅੱਜ ਕੁਝ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਬਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ ਜਿਸ ਕਾਰਨ ਬਾਜ਼ਾਰਾਂ ’ਚ ਸੁੰਨਸਾਨ ਪਸਰੀ ਰਹੀ। ਸ਼ਹਿਰ ’ਚ ਬਾਜ਼ਾਰ ਮੁਕੰਮਲ ਬੰਦ ਰਹੇ ਪਰ ਕਰਿਆਨਾ ਸਟੋਰ ਤੇ ਦਵਾਈਆਂ ਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ। ਕਰੋਨਾ ਮਹਾਂਮਾਰੀ ਦੇ ਵਧ ਰਹੇ ਫੈਲਾਅ ਦਾ ਡਰ ਲੋਕਾਂ ਵਿਚ ਵੀ ਵੇਖਣ ਨੂੰ ਮਿਲਿਆ ਤੇ ਅੱਜ ਬਾਜ਼ਾਰਾਂ ’ਚ ਲੋਕਾਂ ਦੀ ਆਵਾਜਾਈ ਵੀ ਘੱਟ ਰਹੀ। ਲਹਿਰਾਗਾਗਾ (ਪੱਤਰ ਪ੍ਰੇਰਕ) ਕਰੋਨਾਵਾਰਿਸ ਦੇ ਵਧ ਰਹੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇਕ ਵਾਰ ਫਿਰ ਸਖ਼ਤੀ ਕਰ ਦਿੱਤੀ ਗਈ ਹੈ। ਇਸ ਸਖ਼ਤੀ ਨੂੰ ਲੈ ਕੇ ਸ਼ਹਿਰ ਵਿੱਚ ਵਪਾਰ ਪੂਰੀ ਤਰ੍ਹਾਂ ਠੱਪ ਰਿਹਾ। ਪੁਲੀਸ ਵੱਲੋਂ ਸ਼ਹਿਰ ’ਚ ਦਾਖਲ ਹੋਣ ਵਾਲੀਆਂ ਸੜਕਾਂ ’ਤੇ ਪੁਲੀਸ ਨਾਕਿਆਂ ’ਤੇ ਸਖਤੀ ਵਰਤੀ ਜਾ ਰਹੀ ਹੈ। ਐੱਸਡੀਐੱਮ ਮੈਡਮ ਜੀਵਨ ਜੋਤ ਕੌਰ ਨੇ ਸ਼ਹਿਰ ਦੀਆਂ ਹੱਦਾਂ ’ਚ ਸ਼ਾਮ 6.30 ਬਾਜ਼ਾਰ ਤੇ ਸ਼ਨਿਚਰਵਾਰ ਤੇ ਐਤਵਾਰ ਨੂੰ ਪੂਰਨ ਬੰਦ ਕਰਨ ਦੀ ਸਖ਼ਤ ਹਦਾਇਤ ਜਾਰੀ ਕੀਤੀ ਹੈ।
ਸ਼ਨਿੱਚਰਵਾਰ ਤੇ ਐਤਵਾਰ ਨੂੰ ਨਿਗਮ ਤੇ ਕੌਂਸਲਾਂ ’ਚ ਕਰਫਿਊ ਦਾ ਐਲਾਨ
ਪਟਿਆਲਾ (ਸਰਬਜੀਤ ਸਿੰਘ ਭੰਗੂ) ਜ਼ਿਲ੍ਹਾ ਮੈਜਿਸਟਰੇਟ ਕੁਮਾਰ ਅਮਿਤ ਨੇ ਨਗਰ ਨਿਗਮ ਤੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਵਾਲੇ ਸ਼ਹਿਰਾਂ ਦੀ ਹਦੂਦ ਅੰਦਰ ਹਰ ਸ਼ਨਿੱਚਰਵਾਰ ਤੇ ਐਤਵਾਰ ਨੂੰ ਅਗਲੇ ਹੁਕਮਾਂ ਤੱਕ ਕਰਫਿਊ ਲਗਾ ਦਿੱਤਾ ਹੈ। ਦੁਕਾਨਾਂ ਖੋਲ੍ਹਣ ਲਈ ਰੋਸਟਰ ਵੀ ਜਾਰੀ ਕੀਤਾ ਹੈ। ਆਮ ਦਨਿਾ ’ਚ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ। ਦੁਕਾਨਾਂ ਤੇ ਸ਼ਾਪਿੰਗ ਮਾਲਜ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 6.30 ਵਜੇ ਤੱਕ ਖੋਲ੍ਹੇ ਜਾ ਸਕਣਗੇ। ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸ਼ਨੀਵਾਰ ਤੇ ਐਤਵਾਰ ਵੀ ਖੁੱਲ੍ਹ ਸਕਣਗੀਆਂ। ਧਾਰਮਿਕ ਸਥਾਨ, ਸਪੋਰਟਸ ਤੇ ਪਬਲਿਕ ਕੰਪਲੈਕਸ, ਰੈਸਟੋਰੈਂਟ ਅਤੇ ਸ਼ਰਾਬ ਦੇ ਠੇਕੇ ਰੋਜ਼ਾਨਾ ਸ਼ਾਮ 6:30 ਵਜੇ ਤੱਕ ਖੋਲ੍ਹੇ ਜਾ ਸਕਣਗੇ। ਹੋਟਲ 24 ਘੰਟੇ ਖੁੱਲ੍ਹੇ ਰੱਖੇ ਜਾ ਸਕਣਗੇ। ਜ਼ਰੂਰੀ ਸੇਵਾਵਾਂ, ਸਿਹਤ, ਖੇਤੀਬਾੜੀ, ਡੇਅਰੀ ਫਾਰਮ ਤੇ ਮੱਛੀ ਪਾਲਣ ਸਬੰਧੀ ਗਤੀਵਿਧੀਆਂ, ਬੈਕ, ਏ.ਟੀ.ਐਮਜ., ਸਟਾਕ ਮਾਰਕੀਟ, ਬੀਮਾਂ ਕੰਪਨੀਆਂ, ਆਨ ਲਾਈਨ ਸਿੱਖਿਆ, ਉਸਾਰੀ ਸਨਅਤ, ਪ੍ਰਾਈਵੇਟ ਅਤੇ ਸਰਕਾਰੀ ਦਫ਼ਤਰਾਂ ਸਮੇਤ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਨੂੰ ਕਰਫਿਊ ਤੋਂ ਛੋਟ ਹੋਵੇਗੀ।