ਸੰਗਰੂਰ ਅਤੇ ਪਟਿਆਲਾ ਸ਼ਹਿਰਾਂ ਵਿੱਚ ਲੌਕਡਾਊਨ ਦੇ ਦੂਜੇ ਦਿਨ ਮੁਕੰਮਲ ਬੰਦ ਰਹੇ ਬਾਜ਼ਾਰ
ਨਿਜੀ ਪੱਤਰ ਪ੍ਰੇਰਕ
ਸੰਗਰੂਰ, 23 ਅਗਸਤ
ਕਰੋਨਾ ਮਹਾਮਾਰੀ ਦੇ ਵਧ ਰਹੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਵੀਕਐਂਡ ਲੌਕਡਾਊਨ ਦੇ ਦੂਜੇ ਦਿਨ ਸ਼ਹਿਰ ਮੁਕੰਮਲ ਬੰਦ ਰਹੇ। ਸ਼ਹਿਰ ’ਚ ਸਾਰੇ ਬਾਜ਼ਾਰ ਬੰਦ ਰਹੇ ਤੇ ਸੜਕਾਂ ਸੁੰਨੀਆਂ ਰਹੀਆਂ। ਸ਼ਹਿਰ ਦੇ ਬਾਜ਼ਾਰਾਂ ’ਚ ਹਰ ਪਾਸੇ ਚੁੱਪ ਪਸਰੀ ਰਹੀ। ਦੁਪਹਿਰ ਤੋਂ ਪਹਿਲਾਂ ਮੈਡੀਕਲ ਤੇ ਜ਼ਰੂਰੀ ਸਾਮਾਨ ਦੀਆਂ ਕੁਝ ਦੁਕਾਨਾਂ ਖੁੱਲ੍ਹੀਆਂ ਸਨ ਪਰ ਬਾਅਦ ਦੁਪਹਿਰ ਇਹ ਵੀ ਦੁਕਾਨਦਾਰਾਂ ਵਲੋਂ ਬੰਦ ਕਰ ਦਿੱਤੀਆਂ ਗਈਆਂ।
ਭਾਵੇਂ ਸਰਕਾਰ ਵੱਲੋਂ ਮੈਡੀਕਲ ਤੇ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਨੂੰ ਛੋਟ ਦਿੱਤੀ ਗਈ ਸੀ ਪਰ ਐਤਵਾਰ ਹੋਣ ਕਾਰਨ ਕੈਮਿਸਟ ਐਸੋਸੀਏਸ਼ਨ ਤੇ ਕਰਿਆਨਾ ਐਸੋਸੀਏਸ਼ਨ ਵੱਲੋਂ ਆਪਣੇ ਤੌਰ ’ਤੇ ਲੋਕ ਹਿਤ ’ਚ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਜਿਸ ਕਰਕੇ ਬਾਜ਼ਾਰ ਮੁਕੰਮਲ ਰੂਪ ’ਚ ਬੰਦ ਰਹੇ। ਸ਼ਹਿਰ ਦੇ ਹੋਟਲ ਲਗਪਗ ਖੁੱਲ੍ਹੇ ਸਨ ਜਿਨ੍ਹਾਂ ’ਚ ਵਿਆਹ-ਸਮਾਗਮ ਵੀ ਚੱਲ ਰਹੇ ਸਨ। ਸ਼ਹਿਰ ’ਚ ਪੁਲੀਸ ਵੱਲੋਂ ਲੌਕਡਾਊਨ ਦੀਆਂ ਹਦਾਇਤਾਂ ਨੂੰ ਅਮਲੀ ਰੂਪ ’ਚ ਲਾਗੂ ਕਰਨ ਲਈ ਗਸ਼ਤ ਕੀਤੀ ਜਾ ਰਹੀ ਸੀ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਜ਼ਿਲ੍ਹਾ ਮੈਜਿਸਟ੍ਰੇਟ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਸ਼ਹਿਰੀ ਖੇਤਰਾਂ ਵਿੱਚ ਸ਼ਨੀਵਾਰ ਤੇ ਐਤਵਾਰ ਨੂੰ ਮੁਕੰਮਲ ਲੌਕਡਾਊਨ ਲਾਗੂ ਰਹੇਗਾ। ਇਸ ਤੋਂ ਬਿਨਾਂ ਬਾਕੀ ਦਨਿਾਂ ’ਚ ਰਾਤ 7 ਤੋਂ ਸਵੇਰੇ 5 ਤੱਕ ਰਾਤ ਦਾ ਕਰਫਿਊ ਜਾਰੀ ਰਹੇਗਾ। ਜ਼ਰੂਰੀ ਵਸਤੂਆਂ ਦੀ ਸਪਲਾਈ ਤੇ ਸੇਵਾਵਾਂ ਜਾਰੀ ਰਹਿਣਗੀਆਂ। ਇਸੇ ਤਰ੍ਹਾਂ ਕੌਮੀ ਅਤੇ ਰਾਜ ਮਾਰਗਾਂ ਦੇ ਮਾਲ ਦੀ ਢੋਆ ਢੁਆਈ ਤੇ ਅੰਤਰ ਰਾਜੀ ਆਵਾਜਾਈ ਜਾਰੀ ਰਹੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਹੁਕਮਾਂ ਅਨੁਸਾਰ ਦੁਕਾਨਾਂ ਅਤੇ ਮਾਲ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 6.30 ਵਜੇ ਬੰਦ ਹੋਇਆ ਕਰਣਗੀਆਂ ਜਦੋਂਕਿ ਐਤਵਾਰ ਤੇ ਸ਼ਨੀਵਾਰ ਇਹ ਪੂਰੀ ਤਰਾਂ ਬੰਦ ਰਹਿਣਗੀਆਂ।
ਪਟਿਆਲਾ (ਨਿੱਜੀ ਪੱਤਰ ਪ੍ਰੇਰਕ) ਸਥਾਨਕ ਸ਼ਹਿਰ ਅਤੇ ਆਸ ਪਾਸ ਦੇ ਖੇਤਰ ’ਚ ਹਫਤਾਵਾਰੀ ਲੌਕਡਾਊਨ ਦੇ ਦੂਜੇ ਦਿਨ ਵੀ ਅੱਜ ਬਾਜ਼ਾਰ ਬੰਦ ਰਹੇ। ਲੰਘੇ ਕੱਲ ਵਾਂਗ ਸਿਰਫ਼ ਕੁਝ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹਪਆਂ ਹੋਣ ਤੋਂ ਇਲਾਵਾ ਬਜਾਰਾਂ ’ਚ ਸੁੰਨਸਾਨ ਪੱਸਰੀ ਰਹੀ। ਸ਼ਾਹੀ ਸ਼ਹਿਰ ਪਟਿਆਲਾ ਦੇ ਵੱਖ ਵੱਖ ਮੇਨ ਬਾਜ਼ਾਰ ਕਰੀਬ ਬੰਦ ਰਹੇ। ਉਂਜ ਸ਼ਹਿਰ ਦੀਆਂ ਆਊਟਰ ਕਾਲੋਨੀਆਂ ਅੰਦਰ ਕੁਝ ਦੁਕਾਨਾਂ ਖੁੱਲ੍ਹੀਆਂ ਵੀ ਰਹੀਆਂ। ਪੁਲੀਸ ਪ੍ਰਸ਼ਾਸਨ ਦੁਕਾਨਾਂ ਬੰਦ ਕਰਵਾਉਣ ਸਬੰਧੀ ਅੱਜ ਵੀ ਮੁਸ਼ਤੈਦ ਵੇਖਿਆ ਗਿਆ। ਪਟਿਆਲਾ ਸ਼ਹਿਰ ਤੋਂ ਇਲਾਵਾ ਆਲੇ ਦੁਆਲੇ ਦੇ ਕਸਬਿਆਂ ’ਚ ਵੀ ਬਾਜ਼ਾਰ ਕਰੀਬ ਬੰਦ ਰਹਿਣ ਦਾ ਸਮਾਚਾਰ ਹੈ। ਦੂਜੇ ਪਾਸੇ ਵਪਾਰੀ ਧਿਰਾਂ ਨੇ ਲਗਾਤਾਰ ਦੋ ਦਿਨ ਦੁਕਾਨਾਂ ਬੰਦ ਰੱਖੇ ਜਾਣ ਦੇ ਹੁਕਮਾਂ ਦੀ ਅੰਦਰਖਤੇ ਅਲੋਚਨਾ ਵੀ ਕੀਤੀ ਜਾਂਦੀ ਰਹੀ। ਦੁਕਾਨਦਾਰਾਂ ਨੇ ਆਖਿਆ ਕਿ ਜਦੋਂ ਉਹ ਕੋਵਿੱਡ-19 ਦੇ ਸੁਰੱਖਿਆ ਨਿਯਮਾਂ ਦਾ ਹਰ ਰੋਜ਼ ਹੀ ਸਖਤੀ ਨਾਲ ਪਾਲਣ ਕਰ ਰਹੇ ਹਨ, ਫਿਰ ਸਰਕਾਰ ਨੂੰ ਜ਼ਬਰੀ ਲਗਾਤਾਰ ਦੋ ਦਿਨ ਦੁਕਾਨਾਂ ਬੰਦ ਨਹੀਂ ਕਰਵਾਈਆਂ ਜਾਣੀਆਂ ਚਾਹੀਦੀਆਂ ਸਨ। ਅਜਿਹੇ ਹੁਕਮਾਂ ਨਾਲ ਉਨ੍ਹਾਂ ਦਾ ਪਹਿਲਾਂ ਹੀ ਚੌੜ ਹੋਇਆ ਵਪਾਰ ਹੋਰ ਪ੍ਰਭਾਵਿਤ ਹੋਇਆ ਹੈ।