ਨਮੀ ਦੇ ਨਾਮ ’ਤੇ ਕੱਟ ਲਗਾਉਣ ਵਾਲੇ ਆੜ੍ਹਤੀਆਂ ਖ਼ਿਲਾਫ਼ ਮਾਰਕੀਟ ਕਮੇਟੀ ਅਧਿਕਾਰੀ ਚੁੱਪ
ਪੱਤਰ ਪ੍ਰੇਰਕ
ਮੁਕੇਰੀਆ, 28 ਅਕਤੂਬਰ
ਇੱਥੋਂ ਦੀ ਦਾਣਾ ਮੰਡੀ ਵਿੱਚ ਕੁਝ ਆੜ੍ਹਤੀਆਂ ਵਲੋਂ ਝੋਨੇ ਉੱਤੇ ਕਥਿਤ ਤੌਰ ’ਤੇ ਲਗਾਏ ਜਾ ਰਹੇ 5 ਕਿਲੋ ਪ੍ਰਤੀ ਕੁਇੰਟਲ ਕੱਟ ਦੇ ਖਿਲਾਫ਼ ਮਾਰਕੀਟ ਕਮੇਟੀ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ। ਕਿਸਾਨਾਂ ਦੋਸ਼ ਲਗਾਇਆ ਕਿ ਮਾਰਕੀਟ ਕਮੇਟੀ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਹੀ ਆੜ੍ਹਤੀ ਅਤੇ ਸ਼ੈੱਲਰ ਮਾਲਕ ਉਨ੍ਹਾਂ ਨੂੰ ਲੁੱਟ ਕਰ ਰਹੇ ਹਨ। ਮਾਰਕੀਟ ਕਮੇਟੀ ਦੇ ਸਕੱਤਰ ਨੇ ਕੁਝ ਆੜ੍ਹਤੀਆਂ ਨੂੰ ਨੋਟਿਸ ਕੱਢਣ ਦਾ ਦਾਅਵਾ ਕੀਤਾ ਹੈ। ਦੱਸਣਯੋਗ ਹੈ ਕਿ ਕਰੀਬ ਹਫ਼ਤਾ ਪਹਿਲਾਂ ਕਿਸਾਨ ਆਗੂ ਗੁਰਜਿੰਦਰ ਸਿੰਘ ਚੱਕ ਅਤੇ ਮੰਡੀ ਵਿੱਚ ਆਪਣੀ ਫਸਲ ਵੇਚਣ ਆਏ ਯੂਥ ਕਾਂਗਰਸੀ ਆਗੂ ਨਵਲ ਔਲ ਆਦਿ ਕਿਸਾਨਾਂ ਨੇ ਦੋਸ਼ ਲਾਇਆ ਸੀ ਕਿ 17 ਫੀਸਦੀ ਨਮੀ ’ਤੇ ਵੀ ਉਨ੍ਹਾਂ ਦੀ ਫਸਲ ਨੂੰ 5 ਕਿਲੋ ਪ੍ਰਤੀ ਕੁਇੰਟਲ ਕੱਟ ਲਗਾਇਆ ਜਾ ਰਿਹਾ ਹੈ ਜਦੋਂ ਕਿ ਵੱਧ ਨਮੀ ’ਤੇ 10-15 ਕਿਲੋ ਕੱਟ ਲਗਾਇਆ ਜਾ ਰਿਹਾ ਹੈ। ਕਿਸਾਨਾਂ ਦਾ ਦੋਸ਼ ਸੀ ਕਿ ਅਜਿਹਾ ਮੰਡੀਆਂ ਵਿੱਚ ਸ਼ਰੇਆਮ ਹੋ ਰਿਹਾ ਹੈ ਅਤੇ ਜਿਨ੍ਹਾਂ ਆੜ੍ਹਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਸ਼ੈੱਲਰ ਹਨ, ਉਹ ਜ਼ਿਆਦਾ ਲੁੱਟ ਕਰ ਰਹੇ ਹਨ। ਕਿਸਾਨਾਂ ਨੇ ਮੌਕੇ ’ਤੇ ਪੁੱਜੇ ਕਮੇਟੀ ਦੇ ਨੁਮਾਇੰਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਮਾਰਕੀਟ ਕਮੇਟੀ ਦੇ ਸਕੱਤਰ ਅਕਾਸ਼ਦੀਪ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਨਮੀ ਦੇ ਨਾਮ ’ਤੇ ਕੱਟ ਮਾਮਲੇ ਵਿੱਚ ਕੁਝ ਆੜ੍ਹਤੀਆਂ ਨੂੰ ਨੋਟਿਸ ਕੱਢੇ ਗਏ ਹਨ ਪਰ ਆੜ੍ਹਤੀਆਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ।