ਮਾਰਕੀਟ ਕਮੇਟੀ ਸੁਨਾਮ ਵਿੱਚ ਮਿਨੀ ਜੰਗਲ ਲਾਉਣ ਦੀ ਸ਼ੁਰੂਆਤ
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 23 ਜੁਲਾਈ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਸਥਾਨਕ ਮਾਰਕੀਟ ਕਮੇਟੀ ਦਾ ਦੌਰਾ ਕਰਦਿਆਂ ਉਥੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕਰਵਾਈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮੁਕੇਸ਼ ਜੁਨੇਜਾ ਵੀ ਉਨ੍ਹਾਂ ਦੇ ਨਾਲ ਸਨ। ਚੇਅਰਮੈਨ ਪੰਜਾਬ ਮੰਡੀ ਬੋਰਡ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੇ ਵਿਹੜੇ ਵਿੱਚ ਲਗਭਗ 800 ਬੂਟੇ ਲਗਾਏ ਜਾਣਗੇ ਅਤੇ ਇਸ ਨੂੰ ਮਿਨੀ ਜੰਗਲ ਦੇ ਰੂਪ ਵਿੱਚ ਵਿਕਸਤ ਕੀਤਾ ਜਾਵੇਗਾ ਤਾਂ ਜੋ ਇਥੇ ਚੌਗਿਰਦਾ ਹਰਿਆ ਭਰਿਆ ਬਣ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਅਧੀਨ ਆਉਂਦੀਆਂ ਸਾਰੀਆਂ ਮਾਰਕੀਟ ਕਮੇਟੀਆਂ ਵਿੱਚ ਬੂਟੇ ਲਗਾਉਣ ਅਤੇ ਸੁਚੱਜੀ ਦੇਖਭਾਲ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਇਸ ਮੌਕੇ ਚੀਫ਼ ਇੰਜਨੀਅਰ ਗੁਰਵਿੰਦਰ ਸਿੰਘ ਚੀਮਾ, ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਮਨਦੀਪ ਸਿੰਘ ਤੇ ਸਕੱਤਰ ਮਾਰਕੀਟ ਕਮੇਟੀ ਨਰਿੰਦਰ ਪਾਲ ਆਦਿ ਹਾਜ਼ਰ ਸਨ।
ਰਣਬੀਰ ਕਾਲਜ ਤੇ ਜੇਲ੍ਹ ਵਿੱਚ ਬੂਟੇ ਲਾਏ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਵੱਲੋਂ ਸਰਕਾਰੀ ਰਣਬੀਰ ਕਾਲਜ ਅਤੇ ਜ਼ਿਲ੍ਹਾ ਜੇਲ੍ਹ ਸੰਗਰੂਰ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਮਨਜਿੰਦਰ ਸਿੰਘ, ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਦੌਰਾਨ ਉਨ੍ਹਾਂ ਵੱਲੋਂ ਸਰਕਾਰੀ ਰਣਬੀਰ ਕਾਲਜ ਅਤੇ ਜ਼ਿਲ੍ਹਾ ਜੇਲ੍ਹ ਸੰਗਰੂਰ ’ਚ ਬੂਟੇ ਲਗਾਏ ਗਏ। ਇਸ ਮੌਕੇ ਪ੍ਰਿੰਸੀਪਲ ਪ੍ਰੋ. ਸੁਖਵਿੰਦਰ ਸਿੰਘ, ਡਾ. ਹਰਦੀਪ ਸਿੰਘ, ਅਸਿਸਟੈਂਟ ਪ੍ਰੋ. ਵਿਭਾ ਗੁਪਤਾ, ਕੁਲਦੀਪ ਕੁਮਾਰ, ਰਣਧੀਰ ਕੌਸ਼ਿਕ ਤੇ ਰੁਪਿੰਦਰ ਕੁਮਾਰ ਸ਼ਰਮਾ ਆਦਿ ਹਾਜ਼ਰ ਸਨ।