ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਬਾਜ਼ਾਰ ਬੰਦ
ਮਨੋਜ ਸ਼ਰਮਾ
ਗੋਨਿਆਣਾ ਮੰਡੀ, 8 ਜੂਨ
ਗੋਨਿਆਣਾ ਮੰਡੀ ਵਿੱਚ ਹਿੰਦੂ ਮਹਾਗਠਬੰਧਨ ਦੇ ਇਕ ਕਾਰਕੁਨ ਦੀ ਕੁੱਟਮਾਰ ਕਾਰਨ ਤਣਾਅ ਪੈਦਾ ਹੋ ਗਿਆ ਹੈ। ਅੱਜ ਮੰਡੀ ਵਾਸੀਆਂ ਵੱਲੋਂ ਹਿੰਦੂ ਆਗੂਆਂ ਦੀ ਅਗਵਾਈ ਹੇਠ ਨਾਅਰੇਬਾਜ਼ੀ ਕਰਦਿਆਂ ਬਾਜ਼ਾਰ ਬੰਦ ਕੀਤਾ ਗਿਆ। ਸਥਾਨਕ ਪੁਲੀਸ ਨੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮੰਡੀ ਵਾਸੀ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ।
ਜਾਣਕਾਰੀ ਅਨੁਸਾਰ ਹਿੰਦੂ ਵਰਕਰ ਪ੍ਰਦੀਪ ਕੁਮਾਰ ਕਾਲਾ ਬੁੱਧਵਾਰ ਦੀ ਰਾਤ 9.30 ਵਜੇ ਦੇ ਕਰੀਬ ਆਪਣੀ ਐਕਟਿਵਾ ‘ਤੇ ਘਰ ਜਾ ਰਿਹਾ ਸੀ ਤਾਂ ਮਾਲ ਰੋਡ ‘ਤੇ ਦੋ ਗੱਡੀਆਂ ਵਿੱਚ ਆਏ ਕੁਝ ਨੌਜਵਾਨਾਂ ਨੇ ਰਾਡਾਂ ਅਤੇ ਬੇਸ ਬੈਟਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ ਤੇ ਉਹ ਹਮਲੇ ਵਿਚ ਜ਼ਖਮੀ ਹੋ ਗਿਆ।
ਉਸ ਨੂੰ ਗੋਨਿਆਣਾ ਹਸਪਤਾਲ ਦਾਖਲ ਕਰਵਾਇਆ, ਜਿੱਥੋਂ ਹਾਲਤ ਗੰਭੀਰ ਹੋਣ ‘ਤੇ ਉਸ ਨੂੰ ਬਠਿੰਡਾ ਤੋਂ ਬਾਅਦ ਲੁਧਿਆਣਾ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ। ਉਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਕਾਬਿਲੇਗੌਰ ਹੈ ਕਿ ਅੱਜ ਮੰਡੀ ਵਾਸੀਆਂ ਨੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਦੇ ਰੋਸ ਵਜੋਂ ਹਿੰਦੂ ਮਹਾਗਠਬੰਧਨ ਦੇ ਜ਼ਿਲ੍ਹਾ ਪ੍ਰਧਾਨ ਵਿਪਨ ਕੁਮਾਰ ਚੀਕੂ ਅਤੇ ਸਾਬਕਾ ਕੌਂਸਲਰ ਰਮੇਸ਼ ਕੁਮਾਰ ਬਿੱਟੂ ਦੀ ਅਗਵਾਈ ਹੇਠ ਪੁਲੀਸ ਚੌਕੀ ਗੋਨਿਆਣਾ ਦੀ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬਾਜ਼ਾਰ ਬੰਦ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਮੁਲਜ਼ਮਾਂ ਵਿਰੁੱਧ ਕੇਸ ਨਾ ਦਰਜ ਕਰਨ ਦਾ ਦੋਸ਼ ਲਿਆ।
ਇਸ ਮਾਮਲੇ ਸਬੰਧੀ ਗੋਨਿਆਣਾ ਪੁਲੀਸ ਚੌਂਕੀ ਦੇ ਇੰਚਾਰਜ ਬਲਜੀਤ ਸਿੰਘ ਨੇ ਕਿਹਾ ਕਿ ਪ੍ਰਦੀਪ ਕੁਮਾਰ ਦੀ ਕੁੱਟਮਾਰ ਮਾਮਲੇ ਵਿਚ ਵਿੱਕੀ ਕੁਮਾਰ ਅਤੇ ਅੰਕੁਸ਼ ਸਮੇਤ ਅਣਪਛਾਤੇ ਵਿਅਕਤੀਆਂ ਦਾ ਨਾਂ ਬੋਲ ਰਿਹਾ ਹੈ। ਪੁਲੀਸ ਇੰਚਾਰਜ ਨੇ ਕਿਹਾ ਉਹ ਜ਼ਖਮੀ ਨੌਜਵਾਨ ਦਾ ਬਿਆਨ ਲੈਣ ਲਈ ਲੁਧਿਆਣਾ ਜਾ ਰਹੇ ਹਨ। ਬਿਆਨ ਕਲਮਬੰਦ ਕਰਨ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।