ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਰਕ ਸਪਿਟਜ਼ ਨੇ ਇੱਕੋ ਓਲੰਪਿਕਸ ਵਿੱਚੋਂ ਜਿੱਤੇ ਸੱਤ ਸੋਨ ਤਗ਼ਮੇ

08:36 AM Jul 08, 2023 IST

ਪ੍ਰਿੰ. ਸਰਵਣ ਸਿੰਘ

ਮਾਰਕ ਸਪਿਟਜ਼ ਦੀ ਨਿਰਾਲੀ ਪਛਾਣ ਮੁੱਛਾਂ ਸੀ ਜਦ ਕਿ ਆਮ ਤੈਰਾਕ ਦਾੜ੍ਹੀ ਮੁੱਛਾਂ ਸਫਾਚੱਟ ਕਰਵਾ ਕੇ ਤੈਰਦੇ ਹਨ। ਉਹ 22 ਸਾਲ ਦੀ ਉਮਰ ਤੱਕ ਤੈਰਿਆ ਤੇ ਤੇਈਵੇਂ ਸਾਲ ਤੈਰਨ ਤਲਾਅ ਨੂੰ ਅਲਵਿਦਾ ਆਖ ਦਿੱਤੀ। ਉਸ ਨੇ ਮਿਊਨਿਖ ਦੀਆਂ ਓਲੰਪਿਕ ਖੇਡਾਂ ’ਚੋਂ ਸੱਤ ਤਾਰੀਆਂ ਦੇ ਸੱਤੇ ਸੋਨ ਤਗ਼ਮੇ ਜਿੱਤੇ। ਨਾ ਸਿਰਫ਼ ਜਿੱਤੇ ਬਲਕਿ ਸੱਤਾਂ ਤਾਰੀਆਂ ਦੇ ਹੀ ਨਵੇਂ ਵਿਸ਼ਵ ਰਿਕਾਰਡ ਕਾਇਮ ਕੀਤੇ! ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਉਸ ਤੋਂ ਪਹਿਲਾਂ ਕੋਈ ਹੋਰ ਖਿਡਾਰੀ ਅਜਿਹਾ ਮਾਅਰਕਾ ਨਹੀਂ ਸੀ ਮਾਰ ਸਕਿਆ। ਬਾਅਦ ਵਿੱਚ ਵੀ ਉਸ ਦਾ 7 ਗੋਲਡ ਮੈਡਲ ਜਿੱਤਣ ਦਾ ਓਲੰਪਿਕ ਰਿਕਾਰਡ 36 ਸਾਲ ਕਾਇਮ ਰਿਹਾ। ਬੀਜਿੰਗ-2008 ਦੀਆਂ ਓਲੰਪਿਕ ਖੇਡਾਂ ਵਿੱਚ ਉਹਦਾ ਹੀ ਦੇਸ਼ਵਾਸੀ ਅਮਰੀਕਾ ਦਾ ਮਾਈਕਲ ਫੈਲਪਸ ਇੱਕੋ ਓਲੰਪਿਕਸ ’ਚੋਂ 8 ਗੋਲਡ ਮੈਡਲ ਜਿੱਤ ਕੇ ਉਹਦਾ ਰਿਕਾਰਡ ਤੋੜ ਸਕਿਆ।
ਮਾਰਕ ਐਂਡਰੀਊ ਸਪਿਟਜ਼ ਦਾ ਜਨਮ 10 ਫਰਵਰੀ 1950 ਨੂੰ ਮੋਡੈਸਟੋ, ਕੈਲੇਫੋਰਨੀਆ ’ਚ ਹੋਇਆ। ਉਸ ਦਾ ਪਿਤਾ ਆਰਨੋਲਡ ਸਪਿਟਜ਼ ਹੰਗਰੀ ਤੋਂ ਸੀ ਤੇ ਮਾਤਾ ਲੇਨੋਰ ਸਿਲਵੀਆ ਰੂਸ ਤੋਂ। ਉਹ ਯਹੂਦੀ ਸਨ। ਉਨ੍ਹਾਂ ਦੇ ਤਿੰਨ ਬੱਚਿਆਂ ’ਚੋਂ ਉਹ ਪਲੇਠਾ ਸੀ। ਮਾਪਿਆਂ ਵੱਲੋਂ ਪਲੇਠੇ ਪੁੱਤਰ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਮਾਪਿਆਂ ਦੀ ਇੱਛਾ ਸੀ, ਉਨ੍ਹਾਂ ਦਾ ਪੁੱਤਰ ਕੋਈ ਐਸਾ ਕਾਰਨਾਮਾ ਕਰੇ ਜਿਸ ਨਾਲ ਉਹਦਾ ਤੇ ਮਾਪਿਆਂ ਦਾ ਨਾਂ ਰੌਸ਼ਨ ਹੋਵੇ। ਉਹ ਦੋ ਸਾਲ ਦੇ ਮਾਰਕ ਨੂੰ ਹਵਾਈ ਟਾਪੂ ਹਨੀਲੂਲੋ ਲੈ ਗਏ ਜਿਸ ਦੁਆਲੇ ਸਮੁੰਦਰ ਸੀ। ਉੱਥੇ ਉਹ ਵਾਇਕੀਕੀ ਬੀਚ ਦੇ ਪਾਣੀ ਵੱਲ ਨੱਠਿਆ ਤੇ ਪਾਣੀ ਦੀਆਂ ਛੱਲਾਂ ਨਾਲ ਖੇਡਣ ਲੱਗਾ। ਇਹ ਉਹਦਾ ਤੈਰਨ ਦਾ ਪਹਿਲਾ ਯਤਨ ਸੀ। ਪਾਣੀ ਵਿੱਚ ਲੱਤਾਂ ਬਾਹਾਂ ਮਾਰਨ ਦਾ ਉਸ ਨੂੰ ਐਸਾ ਆਨੰਦ ਆਇਆ ਕਿ ਜਦੋਂ ਵੀ ਮੌਕਾ ਮਿਲਦਾ ਉਹ ਬੀਚ ਦੀਆਂ ਲਹਿਰਾਂ ਨਾਲ ਖੇਡਣ ਜਾ ਲੱਗਦਾ।
ਪੁੱਤਰ ਦੇ ਇਸ ਸ਼ੌਕ ਨੂੰ ਵੇਖਦਿਆਂ ਮਾਪਿਆਂ ਨੇ ਸੋਚਿਆ, ਕਿਉਂ ਨਾ ਮਾਰਕ ਨੂੰ ਵਧੀਆ ਤੈਰਾਕ ਬਣਾਇਆ ਜਾਵੇ? ਉਹਦੇ ਲਈ ਤੈਰਾਕੀ ਦੇ ਕੋਚ ਦੀ ਲੋੜ ਸੀ ਜੋ ਹਵਾਈ ਟਾਪੂ ’ਤੇ ਨਾ ਮਿਲ ਸਕਿਆ। ਉਹ ਖ਼ੁਦ ਉਸ ਨੂੰ ਤੈਰਨਾ ਸਿਖਾਉਂਦੇ ਰਹੇ। ਮਾਰਕ ਜਦੋਂ ਛੇ ਸਾਲਾਂ ਦਾ ਹੋਇਆ ਤਾਂ ਮਾਪੇ ਉਸ ਨੂੰ ਸੈਕਰਾਮੈਂਟੋ ਲੈ ਆਏ ਅਤੇ ਆਰਡਨ ਹਿਲਨ ਸਵਿਮ ਕਲੱਬ ਦਾ ਮੈਂਬਰ ਬਣਾ ਦਿੱਤਾ। ਉੱਥੇ ਉਹ ਬੱਚਿਆਂ ਦੇ ਤੈਰਨ ਮੁਕਾਬਲੇ ਜਿੱਤਣ ਲੱਗਾ। ਦਸ ਸਾਲ ਦੀ ਉਮਰ ਤੱਕ ਬੱਚਿਆਂ ਦੇ ਵੱਖ ਵੱਖ ਵਰਗਾਂ ਦੇ 17 ਨੈਸ਼ਨਲ ਰਿਕਾਰਡ ਉਹਦੇ ਨਾਂ ਹੋ ਗਏ। ਮਾਰਕ ਦੀ ਐਡੀ ਚੜ੍ਹਤ ਵੇਖ ਕੇ ਮਾਪੇ ਉਸ ਨੂੰ ਸਾਂਟਾ ਕਲਾਰਾ ਲੈ ਗਏ ਜਿੱਥੇ ਨਾਮਵਰ ਕੋਚ ਜਾਰਜ ਐੱਫ ਹੇਨਜ਼ ਰਹਿੰਦਾ ਸੀ। ਉੱਥੇ ਮਾਰਕ ਨੂੰ ਵਿਸ਼ੇਸ਼ ਕੋਚਿੰਗ ਮਿਲੀ। 1960 ਤੋਂ 1966 ਦੀ ਕੋਚਿੰਗ ਦੌਰਾਨ ਮਾਰਕ ਐਨਾ ਤਕੜਾ ਤੈਰਾਕ ਬਣ ਗਿਆ ਕਿ ਜਿਹੜੇ ਮੁਕਾਬਲੇ ਵਿੱਚ ਵੀ ਤੈਰਦਾ ਨਵੇਂ ਰਿਕਾਰਡ ਨਾਲ ਜਿੱਤਦਾ।

ਉਹ 15 ਸਾਲ ਦਾ ਸੀ ਜਦੋਂ ਓਲੰਪਿਕ ਖੇਡਾਂ ਵਾਂਗ ਕੌਮਾਂਤਰੀ ਪੱਧਰ ’ਤੇ ਹੁੰਦੀਆਂ ਯਹੂਦੀਆਂ ਦੀਆਂ ਮੈਕਾਬੀਆਹ ਗੇਮਜ਼ ਵਿੱਚ ਭਾਗ ਲੈਣ ਤਲ ਅਵੀਵ ਗਿਆ। ਉੱਥੇ ਉਸ ਨੇ ਚਾਰ ਤਾਰੀਆਂ, 400 ਮੀਟਰ ਫ੍ਰੀਸਟਾਈਲ, 1500 ਮੀਟਰ ਫ੍ਰੀਸਟਾਈਲ, 400 ਮੀਟਰ ਮੈਡਲੇ ਤੇ 800 ਮੀਟਰ ਫ੍ਰੀਸਟਾਈਲ ਰਿਲੇਅ ਵਿੱਚੋਂ 4 ਗੋਲਡ ਮੈਡਲ ਜਿੱਤੇ ਤੇ ਸਭ ਤੋਂ ਹੋਣਹਾਰ ਤੈਰਾਕ ਹੋਣ ਦੀ ਮਸ਼ਹੂਰੀ ਖੱਟੀ। 1969 ਵਿੱਚ ਉਹ ਦੁਬਾਰਾ ਮੈਕਾਬੀਆਹ ਖੇਡਾਂ ਵਿੱਚੋਂ 6 ਗੋਲਡ ਮੈਡਲ ਜਿੱਤ ਕੇ ‘ਬੈਸਟ ਤੈਰਾਕ’ ਬਣਿਆ। 1985 ਵਿੱਚ ਉਸ ਨੂੰ ਮੈਕਾਬੀਆਹ ਖੇਡਾਂ ਦੀ ਜੋਤ ਜਗਾਉਣ ਦਾ ਮਾਣ ਮਿਲਿਆ। 2005 ਵਿੱਚ ਉਸ ਨੇ 17ਵੀਆਂ ਮੈਕਾਬੀਆਹ ਖੇਡਾਂ ਦੇ ਉਦਘਾਟਨ ਸਮੇਂ ਉਦਘਾਟਨੀ ਭਾਸ਼ਨ ਦਿੱਤਾ। ਯਹੂਦੀ ਇਸ਼ਟ ਮੈਕਾਬੀਆਹ ਦੇ ਨਾਂ ’ਤੇ ਹੁੰਦੀਆਂ ਇਨ੍ਹਾਂ ਖੇਡਾਂ ਵਿੱਚ ਹੁਣ 80 ਮੁਲਕਾਂ ਦੇ 10000 ਖਿਡਾਰੀ ਭਾਗ ਲੈਣ ਲੱਗੇ ਹਨ ਤੇ ਇਹ ਖੇਡਾਂ ਓਲੰਪਿਕ ਖੇਡਾਂ ਤੋਂ ਬਾਅਦ ਦੂਜੇ ਨੰਬਰ ’ਤੇ ਗਿਣੀਆਂ ਜਾਣ ਲੱਗੀਆਂ ਹਨ। 2022 ਦੀਆਂ ਮੈਕਾਬੀਆਹ ਖੇਡਾਂ ਵਿੱਚ ਅਮਰੀਕਾ ਦਾ ਪ੍ਰਧਾਨ ਜੋਅ ਬਾਇਡਨ ਅਮਰੀਕਨ ਖਿਡਾਰੀਆਂ ਦੇ ਓਲੰਪਿਕ ਖੇਡਾਂ ਤੋਂ ਵੀ ਵੱਡੇ ਦਲ ਨਾਲ ਸ਼ਾਮਲ ਹੋਇਆ ਸੀ।
ਮੈਕਾਬੀਆਹ ਖੇਡਾਂ ਤੋਂ ਮੁੜ ਕੇ 16 ਸਾਲ ਦੀ ਉਮਰ ’ਚ ਮਾਰਕ ਨੇ 100 ਮੀਟਰ ਬਟਰਫਲਾਈ ਤਾਰੀ ਦਾ ਐਮੇਚਿਓਰ ਅਥਲੈਟਿਕ ਯੂਨੀਅਨ ਟਾਈਟਲ ਜਿੱਤਿਆ। ਉਸੇ ਸਾਲ ਉਸ ਨੇ 400 ਮੀਟਰ ਫ੍ਰੀਸਟਾਈਲ ਤਾਰੀ 4 ਮਿੰਟ 10.60 ਸਕਿੰਟ ਵਿੱਚ ਲਾ ਕੇ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ। 1967 ਵਿੱਚ ਉਹ ਅਮਰੀਕਾ ਵੱਲੋਂ ਪਾਨ ਅਮਰੀਕਨ ਖੇਡਾਂ ’ਚੋਂ ਵੱਖ ਵੱਖ ਤਾਰੀਆਂ ਦੇ 5 ਗੋਲਡ ਮੈਡਲ ਜਿੱਤਿਆ। ਪਾਨ ਅਮਰੀਕਨ ਖੇਡਾਂ ਦਾ ਇਹ ਐਸਾ ਰਿਕਾਰਡ ਸੀ ਜੋ 40 ਸਾਲ ਕਾਇਮ ਰਿਹਾ। ਉਤੋਂ ਮੈਕਸੀਕੋ ਦੀਆਂ ਓਲੰਪਿਕ ਖੇਡਾਂ-1968 ਆ ਗਈਆਂ। ਤਦ ਤੱਕ ਉਸ ਦੇ ਮੁੱਛਾਂ ਵੀ ਫੁੱਟ ਆਈਆਂ ਸਨ ਜੋ ਉਸ ਨੇ ਮੁਨਾਉਣ ਦੀ ਥਾਂ ਆਪਣੀ ਵਿਸ਼ੇਸ਼ ਪਛਾਣ ਲਈ ਰੱਖੀ ਰੱਖੀਆਂ। ਉੱਥੇ ਉਹ ਵਿਅਕਤੀਗਤ ਤਾਰੀਆਂ ’ਚੋਂ ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ 4 100 ਮੀਟਰ ਮੈਡਲੇ ਰਿਲੇਅ ਤੇ 4 200 ਮੀਟਰ ਫ੍ਰੀਸਟਾਈਲ ਰਿਲੇਅ ਦੌੜਾਂ ਦੋ ਸੋਨ ਤਗ਼ਮੇ ਜਿੱਤੇ, ਪਰ ਇਨ੍ਹਾਂ ਜਿੱਤਾਂ ਨਾਲ ਉਹ ਪੂਰਾ ਖ਼ੁਸ਼ ਨਾ ਹੋਇਆ ਕਿਉਂਕਿ ਤਦ ਤੱਕ ਉਹ 10 ਵਿਸ਼ਵ ਰਿਕਾਰਡ ਰੱਖ ਚੁੱਕਾ ਸੀ।
ਮੈਕਸੀਕੋ ਦੀਆਂ ਓਲੰਪਿਕ ਖੇਡਾਂ ਤੋਂ ਮੁੜ ਕੇ ਉਹ ਇੰਡੀਅਨ ਯੂਨੀਵਰਸਿਟੀ ਹੂਜ਼ੀਅਰਜ਼ ’ਚ ਚਲਾ ਗਿਆ ਜਿੱਥੇ ਕੋਚ ਡੌਕ ਕੌਂਸਲਮੈਨ ਨੂੰ ਨਵਾਂ ਗੁਰੂ ਧਾਰ ਲਿਆ। ਉਸ ਕੋਚ ਨੇ ਐਸਾ ਚੰਡਿਆ ਕਿ ਮਾਰਕ ਨੇ ਨੈਸ਼ਨਲ ਕਾਲਜੀਏਟ ਅਥਲੈਟਿਕ ਐਸੋਸੀਏਸ਼ਨ ਦੇ 8 ਵਿਅਕਤੀਗਤ ਟਾਈਟਲ ਆਪਣੇ ਨਾਂ ਕਰ ਲਏ। ਉਸ ਨੂੰ ਸ਼ੌਕੀਆ ਤੈਰਾਕੀ ਦੇ ਵੱਡੇ ਅਮਰੀਕਨ ਐਵਾਰਡ, ਜੇਮਜ਼ ਈ. ਸੁਲੀਵਨ ਐਵਾਰਡ ਨਾਲ ਸਨਮਾਨਿਆ ਗਿਆ। ਉੱਥੇ ਉਹ 1972 ਦੀਆਂ ਓਲੰਪਿਕ ਖੇਡਾਂ ਲਈ ਨਿੱਠ ਕੇ ਤਿਆਰੀ ਕਰਦਾ ਰਿਹਾ। ਉਹਦੇ ਕੋਚ ਨੂੰ ਯਕੀਨ ਸੀ ਕਿ ਮਿਊਨਿਖ ਵਿੱਚ ਉਹ ਘੱਟੋ ਘੱਟ 5 ਗੋਲਡ ਮੈਡਲ ਜਿੱਤੇਗਾ, ਪਰ ਮਿਊਨਿਖ ਵਿੱਚ ਜੋ ਹੋਇਆ ਉਹ ਕਿਸੇ ਦੇ ਖ਼ਾਬ ਖਿਆਲ ਵਿੱਚ ਵੀ ਨਹੀਂ ਸੀ। ਉੱਥੇ ਉਸ ਨੇ ਸੱਤ ਤਾਰੀਆਂ ਵਿੱਚ ਭਾਗ ਲਿਆ ਤੇ ਸੱਤਾਂ ਵਿੱਚ ਹੀ ਨਵੇਂ ਵਿਸ਼ਵ ਰਿਕਾਰਡਾਂ ਨਾਲ ਸੱਤ ਗੋਲਡ ਮੈਡਲ ਜਿੱਤੇ! ਉਨ੍ਹਾਂ ਵਿੱਚ ਚਾਰ ਵਿਅਕਤੀਗਤ ਸਨ ਤੇ ਤਿੰਨ ਰਿਲੇਅ ਟੀਮਾਂ ਦੇ। ਕੁੱਲ ਦੁਨੀਆ ਵਿੱਚ ਮੁੱਛਾਂ ਵਾਲੇ ਤੈਰਾਕ ਮਾਰਕ ਸਪਿਟਜ਼ ਦੀ ਗੁੱਡੀ ਐਸੀ ਚੜ੍ਹੀ ਕਿ ਉਹ ਪਲਾਂ ਵਿੱਚ ਕਰੋੜਾਂ ਲੋਕਾਂ ਦਾ ਮਹਿਬੂਬ ਖਿਡਾਰੀ ਬਣ ਗਿਆ। ਮਿਊਨਿਖ ਦੀਆਂ ਓਲੰਪਿਕ ਖੇਡਾਂ ਮਾਰਕ ਸਪਿਟਜ਼, ਸ਼ਾਨ ਗੋਲਡ ਤੇ ਵਲੇਰੀ ਬੋਰਜ਼ੋਵ ਦੀਆਂ ਖੇਡਾਂ ਕਹੀਆਂ ਜਾਂਦੀਆਂ ਹਨ। ਮਾਰਕ ਦੇ ਸੱਤ ਸੋਨ ਤਗ਼ਮਿਆਂ, ਵਲੇਰੀ ਬੋਰਜ਼ੋਵ ਦੇ ਦੋ ਸੋਨ ਤਗ਼ਮੇ ਤੇ ਆਸਟਰੇਲੀਆ ਦੀ ਸ਼ਾਨ ਗੋਲਡ ਦੇ ਤਿੰਨ ਸੋਨ ਤਗ਼ਮਿਆਂ ਨਾਲ ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਗ਼ਮਾ ਵੀ ਸੀ।
ਜਦੋਂ ਓਲੰਪਿਕ ਖੇਡ ਮੁਕਾਬਲਿਆਂ ਦਾ ਦੌਰ ਸਿਖਰਾਂ ’ਤੇ ਸੀ ਤਾਂ 5 ਸਤੰਬਰ ਨੂੰ ਦਹਿਸ਼ਤੀ ਭਾਣਾ ਵਰਤ ਗਿਆ ਸੀ। ਦਿਨ ਅਜੇ ਚੜ੍ਹਿਆ ਨਹੀਂ ਸੀ ਕਿ ਕੁਝ ਫਲਸਤੀਨੀ ਗੁਰੀਲੇ ਓਲੰਪਿਕ ਪਿੰਡ ਦੀ ਵਾੜ ਟੱਪ ਕੇ ਇਜ਼ਰਾਈਲੀ ਖਿਡਾਰੀਆਂ ਦੇ ਕੁਆਟਰਾਂ ਕੋਲ ਆ ਪਹੁੰਚੇ। ਉਨ੍ਹਾਂ ਨੇ ਖਿਡਾਰੀਆਂ ਵਾਂਗ ਹੀ ਟਰੈਕ ਸੂਟ ਪਾਏ ਹੋਏ ਸਨ ਤਾਂ ਕਿ ਓਪਰੇ ਨਾ ਲੱਗਣ। ਫਿਰ ਵੀ ਇਜ਼ਰਾਈਲ ਦੇ ਕੁਸ਼ਤੀ ਕੋਚ ਮੋਸ਼ੇ ਵੀਨਬਰਗ ਨੇ ਖ਼ਤਰਾ ਭਾਂਪਦਿਆਂ ਬੂਹਾ ਬੰਦ ਕਰਨਾ ਚਾਹਿਆ, ਪਰ ਗੁਰੀਲਿਆਂ ਨੇ ਗੋਲੀ ਮਾਰ ਕੇ ਉਸ ਨੂੰ ਥਾਏਂ ਢੇਰੀ ਕਰ ਦਿੱਤਾ। ਤਦੇ ਕੁਆਟਰ ਦੇ ਬਾਕੀ ਖਿਡਾਰੀ ਬਾਰੀਆਂ ਵਿੱਚ ਦੀ ਛਾਲਾਂ ਮਾਰਦੇ ਹੋਏ ਬਚਣ ਵਿੱਚ ਕਾਮਯਾਬ ਹੋ ਗਏ। ਦੂਸਰੇ ਕੁਆਟਰ ਵਿੱਚ ਪਹਿਵਾਨ ਜੋਸਫ਼ ਨੇ ਚਾਕੂ ਨਾਲ ਮੁਕਾਬਲਾ ਕਰਨ ਦਾ ਯਤਨ ਕੀਤਾ, ਪਰ ਉਹ ਵੀ ਲੜਦਾ ਹੋਇਆ ਮਾਰਿਆ ਗਿਆ। ਇਜ਼ਰਾਈਲ ਦੇ 9 ਖਿਡਾਰੀ ਬੰਦੀ ਬਣਾ ਲਏ ਗਏ ਜਦੋਂ ਕਿ 18 ਖਿਡਾਰੀ ਬਚ ਨਿਕਲੇ। ਮਿਊਨਿਖ ਦੀ ਪੁਲੀਸ ਤੁਰੰਤ ਹਰਕਤ ’ਚ ਆਈ ਅਤੇ ਬੰਦੀ ਬਣਾਏ ਖਿਡਾਰੀਆਂ ਸਮੇਤ ਗੁਰੀਲਿਆਂ ਨੂੰ ਘੇਰਾ ਪਾ ਲਿਆ। ਹਮਲੇ ’ਚ ਗੁਰੀਲਿਆਂ ਨਾਲ ਖਿਡਾਰੀ ਵੀ ਮਾਰੇ ਜਾ ਸਕਦੇ ਸਨ ਜਿਸ ਕਰਕੇ ਬੰਦੀ ਬਣਾਏ ਖਿਡਾਰੀਆਂ ਦੀ ਜਾਨ ਬਚਾਉਣ ਲਈ ਅਤਿਵਾਦੀਆਂ ਨੂੰ ਬੰਦੀਆਂ ਸਮੇਤ ਹਵਾਈ ਅੱਡੇ ’ਤੇ ਜਾਣ ਦਿੱਤਾ ਗਿਆ। ਗੁਰੀਲੇ, ਬੰਦੀਆਂ ਸਮੇਤ ਲੁਫਥਾਨਸਾ ਦੇ ਹਵਾਈ ਜਹਾਜ਼ ’ਤੇ ਕਾਹਿਰਾ ਜਾਣਾ ਚਾਹੁੰਦੇ ਸਨ। ਇਸ ਲੁਕਣਮੀਚੀ ਦੀ ਖੇਡ ਵਿੱਚ 500 ਪੁਲੀਸਮੈਨ ਉਨ੍ਹਾਂ ਦੇ ਮਗਰ ਲੱਗੇ ਹੋਏ ਸਨ। ਹਵਾਈ ਅੱਡੇ ’ਤੇ ਜਦੋਂ ਦੋ ਗੁਰੀਲੇ ਬੋਇੰਗ 727 ਨੂੰ ਚੈੱਕ ਕਰਨ ਲਈ ਬਾਹਰ ਨਿਕਲੇ ਤਾਂ ਗੋਲਾਬਾਰੀ ਸ਼ੁਰੂ ਹੋ ਗਈ ਜਿਸ ਦੇ ਸਿੱਟੇ ਵਜੋਂ ਪੰਜ ਗੁਰੀਲੇ, ਇੱਕ ਜਰਮਨ ਸਿਪਾਹੀ ਤੇ ਨੌਂ ਇਜ਼ਰਾਈਲੀ ਖਿਡਾਰੀ ਮਾਰੇ ਗਏ। ਤਿੰਨ ਗੁਰੀਲੇ ਗ੍ਰਿਫ਼ਤਾਰ ਕਰ ਲਏ ਗਏ। ਇਹ ਅਜਿਹਾ ਦੁਖਾਂਤ ਸੀ ਜੋ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰਿਆ। ਇੱਕ ਵਾਰ ਤਾਂ ਓਲੰਪਿਕ ਖੇਡਾਂ ਖ਼ਤਰੇ ’ਚ ਪੈ ਗਈਆਂ, ਪਰ ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਅਵੇਰੀ ਬਰੂੰਡੇਜ਼ ਨੇ ਸਿਰਫ਼ ਚੌਵੀ ਘੰਟੇ ਖੇਡਾਂ ਰੋਕਣ ਦਾ ਐਲਾਨ ਕੀਤਾ।
6 ਸਤੰਬਰ ਨੂੰ ਓਲੰਪਿਕ ਸਟੇਡੀਅਮ ਵਿੱਚ ਸ਼ੋਕ ਸਭਾ ਹੋਈ ਜਿਸ ’ਚ 90 ਹਜ਼ਾਰ ਲੋਕਾਂ ਨੇ ਭਾਗ ਲਿਆ। ਅਗਲੇ ਦਿਨ ਖੇਡ ਮੁਕਾਬਲੇ ਫਿਰ ਸ਼ੁਰੂ ਹੋ ਗਏ। ਤਦ ਤੱਕ ਮਾਰਕ ਸਪਿਟਜ਼ ਦੇ ਤੈਰਨ ਮੁਕਾਬਲੇ ਮੁੱਕ ਚੁੱਕੇ ਸਨ। ਉਹ ਬੇਸ਼ੱਕ ਅਮਰੀਕਨ ਸੀ, ਪਰ ਯਹੂਦੀ ਹੋਣ ਕਰਕੇ ਉਸ ਦੀ ਜਾਨ ਨੂੰ ਵੀ ਖ਼ਤਰਾ ਸਮਝਦਿਆਂ ਅਮਰੀਕਨ ਮੈਰਾਈਨਜ਼ ਨੇ ਉਸ ਨੂੰ ਆਪਣੀ ਹਿਫ਼ਾਜ਼ਤ ਵਿੱਚ ਲੈ ਲਿਆ ਤੇ ਖੇਡਾਂ ਦੀਆਂ ਸਮਾਪਤੀ ਰਸਮਾਂ ਤੋਂ ਪਹਿਲਾਂ ਹੀ ਅਮਰੀਕਾ ਪਹੁੰਚਾ ਦਿੱਤਾ। ਉਸ ਵੇਲੇ ਵਿਸ਼ਵ ਦੀਆਂ ਵੱਡੀਆਂ ਖ਼ਬਰਾਂ ਇਹੋ ਸਨ ਕਿ ਇੱਕ ਬੰਨੇ ਯਹੂਦੀ ਤੈਰਾਕ ਮਾਰਕ ਸਪਿਟਜ਼ ਨੇ 7 ਸੋਨ ਤਗ਼ਮੇ ਜਿੱਤੇ ਤੇ ਦੂਜੇ ਬੰਨੇ ਗੁਰੀਲਾ ਐਕਸ਼ਨ ਵਿੱਚ 11 ਇਜ਼ਰਾਈਲੀ ਖਿਡਾਰੀ ਅਣਿਆਈ ਮੌਤ ਮਾਰੇ ਗਏ।
ਮਿਊਨਿਖ ਦੀਆਂ ਓਲੰਪਿਕ ਖੇਡਾਂ ’ਚੋਂ ਮਾਰਕ ਤੋਂ ਆਸ ਰੱਖੀ ਜਾ ਰਹੀ ਸੀ ਕਿ ਉਹ 5 ਗੋਲਡ ਮੈਡਲ ਜਿੱਤੇਗਾ ਜੋ ਬੜੀ ਵੱਡੀ ਪ੍ਰਾਪਤੀ ਹੋਣੀ ਸੀ, ਪਰ ਮਾਰਕ 6 ਗੋਲਡ ਮੈਡਲ ਜਿੱਤਣਾ ਚਾਹੁੰਦਾ ਸੀ ਜਦ ਕਿ ਉਸ ਦੀ ਐਂਟਰੀ ਸੱਤ ਤਾਰੀਆਂ ਲਈ ਭੇਜੀ ਗਈ ਸੀ। ਉਹ ਸਮਝਦਾ ਸੀ ਕਿ 7 ਈਵੈਂਟਸ ਵਿੱਚ ਭਾਗ ਲੈ ਕੇ 6 ਗੋਲਡ ਮੈਡਲ ਜਿੱਤਣ ਨਾਲੋਂ ਬਿਹਤਰ ਰਹੇਗਾ ਕਿ ਉਹ 6 ਈਵੈਂਟਸ ਵਿੱਚ ਹੀ ਭਾਗ ਲਵੇ ਤੇ ਕਿਸੇ ਵਿੱਚ ਵੀ ਨਾ ਹਾਰੇ। ਪਰ ਲੋਕਾਂ ਦੀ ਹੱਲਾਸ਼ੇਰੀ ਨਾਲ ਉਹ ਨਾ ਸਿਰਫ਼ ਸੱਤੇ ਈਵੈਂਟਸ ਜਿੱਤਿਆ ਸਗੋਂ ਸੱਤਾਂ ਦੇ ਹੀ ਨਵੇਂ ਵਿਸ਼ਵ ਰਿਕਾਰਡ ਰੱਖ ਦਿੱਤੇ ਜਿਸ ਨਾਲ ਉਹਦੀ ਕੁੱਲ ਦੁਨੀਆ ਵਿੱਚ ਜੈ ਜੈ ਕਾਰ ਹੋ ਗਈ। ਮੈਕਸੀਕੋ ਦੀਆਂ ਓਲੰਪਿਕ ਖੇਡਾਂ ਦੇ ਦੋ ਗੋਲਡ ਮੈਡਲ ਜੋੜ ਕੇ ਉਸ ਦੇ ਗੋਲਡ ਮੈਡਲਾਂ ਦੀ ਗਿਣਤੀ 9 ਹੋ ਗਈ ਸੀ। ਇਨ੍ਹਾਂ ਤੋਂ ਇਲਾਵਾ ਓਲੰਪਿਕ ਖੇਡਾਂ ਦਾ ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਗ਼ਮਾ ਅਤੇ ਪੈਨ ਅਮਰੀਕਨ ਖੇਡਾਂ ਦੇ 5 ਸੋਨ ਤਗ਼ਮੇ ਹੋਰ ਸਨ। ਮਾਰਕ ਨੇ 200 ਮੀਟਰ ਬਟਰਫਲਾਈ ਦਾ ਵਿਸ਼ਵ ਰਿਕਾਰਡ 2 ਮਿੰਟ 00.70 ਸਕਿੰਟ, 4 100 ਮੀਟਰ ਫ੍ਰੀਸਟਾਈਲ ਰਿਲੇਅ ਦਾ 3: 26.42, 200 ਮੀਟਰ ਫ੍ਰੀਸਟਾਈਲ ਦਾ 1:52.78, 100 ਮੀਟਰ ਬਟਰਫਲਾਈ ਦਾ 54.27, 4 200 ਮੀਟਰ ਫ੍ਰੀਸਟਾਈਲ ਰਿਲੇਅ ਦਾ 7:35.78, 100 ਮੀਟਰ ਫ੍ਰੀਸਟਾਈਲ ਦਾ 51.22 ਅਤੇ 4 100 ਮੈਡਲੇ ਰਿਲੇਅ ਦਾ 3:48.16 ਰੱਖੇ। ਉਸ ਦੇ ਸਾਥੀ ਉਸ ਨੂੰ ‘ਮਾਰਕ ਦੀ ਸ਼ਾਰਕ’ ਨਾਂ ਨਾਲ ਬੁਲਾਉਣ ਲੱਗ ਪਏ।
ਮਾਰਕ ਸਪਿਟਜ਼, ਮਾਈਕਲ ਫੈਲਪਸ ਵਾਂਗ ਹੋਰ ਵਡੇਰੇ ਮਾਅਰਕੇ ਮਾਰ ਸਕਦਾ ਸੀ, ਪਰ 23ਵੇਂ ਸਾਲ ਦੀ ਭਰ ਜੁਆਨੀ ’ਚ ਤੈਰਾਕੀ ਤੋਂ ਰਿਟਾਇਰ ਹੋ ਗਿਆ। ਜੇਕਰ ਉਹ ਦਸ ਬਾਰਾਂ ਸਾਲ ਹੋਰ ਸਰਗਰਮ ਤੈਰਾਕ ਰਹਿੰਦਾ ਤਾਂ ਸੰਭਵ ਸੀ ਮਾਈਕਲ ਫੈਲਪਸ ਉਹਦੀ ਡਾਹੀ ਨਾ ਲੈ ਸਕਦਾ। ਮਾਰਕ ਨੇ ਆਪਣੇ ਸੀਮਤ ਖੇਡ ਕਰੀਅਰ ਵਿੱਚ 31 ਅਮਰੀਕਨ ਐਮੇਚਿਓਰ ਅਥਲੈਟਿਕ ਟਾਈਟਲ ਜਿੱਤੇ ਤੇ 33 ਵਾਰ ਵਿਸ਼ਵ ਰਿਕਾਰਡ ਨਵਿਆਏ। ਉਹ ਬਿਨਾਂ ਸ਼ੱਕ ਵੀਹਵੀਂ ਸਦੀ ਦਾ ਸੁਪਰ ਸਟਾਰ ਸਪੋਰਟਸਮੈਨ ਸਾਬਤ ਹੋਇਆ। ਉਸ ਮਗਰੋਂ ਉਹਦਾ ਹੀ ਦੇਸ਼ ਵਾਸੀ ਮਾਈਕਲ ਫੈਲਪਸ ਇੱਕੀਵੀਂ ਸਦੀ ਦਾ ਸਰਬੋਤਮ ਤੈਰਾਕ ਬਣਿਆ। 1972 ਵਿੱਚ ਸਵਿੰਮਿੰਗ ਵਰਲਡ ਮੈਗਜ਼ੀਨ ਨੇ ਮਾਰਕ ਨੂੰ ਵਰਲਡ ਸਵਿੰਮਰ ਆਫ ਦਾ ਯੀਅਰ ਐਲਾਨਿਆ। 1977 ਵਿੱਚ ਉਹਦਾ ਨਾਂ ਇੰਟਰਨੈਸ਼ਨਲ ਹਾਲ ਆਫ ਫੇਮ, 1979 ਵਿੱਚ ਇੰਟਰਨੈਸ਼ਨਲ ਸਪੋਰਟਸ ਹਾਲ ਆਫ ਫੇਮ, 1983 ਵਿੱਚ ਯੂਨਾਈਟਿਡ ਸਟੇਟਸ ਓਲੰਪਿਕ ਹਾਲ ਆਫ ਫੇਮ ਤੇ ਹੋਰ ਬਹੁਤ ਸਾਰੇ ਅਜਾਇਬ ਘਰਾਂ ਵਿੱਚ ਸਥਾਪਿਤ ਕੀਤਾ ਗਿਆ। 1973 ਵਿੱਚ ਉਸ ਦਾ ਵਿਆਹ ਸੂਜ਼ੀ ਵੀਨਰ ਨਾਲ ਹੋਇਆ ਜਿਹਦੀ ਕੁੱਖੋਂ ਦੋ ਪੁੱਤਰਾਂ ਮੈਥਿਊ ਤੇ ਜਸਟਿਨ ਨੇ ਜਨਮ ਲਿਆ। ਤੇਜ਼ਤਰਾਰ ਤੈਰਾਕੀ ਤੋਂ ਬਾਅਦ ਮਾਰਕ ਨੇ ਆਪਣਾ ਸਾਰਾ ਜੀਵਨ ਬਿਜ਼ਨਿਸ, ਟੀਵੀ, ਕੁਮੈਂਟਰੀ, ਮਸ਼ਹੂਰੀ ਤੇ ਫਿਲਮਾਂ ਦੇ ਲੇਖੇ ਲਾਇਆ ਅਤੇ ਅਥਾਹ ਧਨ ਕਮਾਇਆ। ਅੱਜਕੱਲ੍ਹ ਉਹ ਲਾਸ ਏਂਜਲਸ ਦਾ ਵਾਸੀ ਹੈ ਤੇ ਮੁੱਛਾਂ ਬੱਗੀਆਂ ਹੋ ਜਾਣ ਕਰਕੇ ਮੁਨਾ ਚੁੱਕਾ ਹੈ।
ਈਮੇਲ: principalsarwansingh@gmail.com
Advertisement

Advertisement
Tags :
ਓਲੰਪਿਕਸਇੱਕੋਸਪਿਟਜ਼ਜਿੱਤੇਤਗਮੇਮਾਰਕਵਿੱਚੋਂ