ਸਿਆਸੀ ਕੈਦੀਆਂ ਦੀ ਰਿਹਾਈ ਲਈ ਪੈਦਲ ਮਾਰਚ ਕੀਤਾ
ਕੁਲਦੀਪ ਸਿੰਘ
ਚੰਡੀਗੜ੍ਹ, 27 ਸਤੰਬਰ
ਸ਼ਹੀਦ-ਏ ਆਜ਼ਮ ਭਗਤ ਸਿੰਘ ਦੇ 117ਵੇਂ ਜਨਮ ਦਿਨ ਦੀ ਪੂਰਵ ਸੰਧਿਆ ’ਤੇ ਵਿਦਿਆਰਥੀ ਜਥੇਬੰਦੀ ਐੱਸ.ਐੱਫ.ਐੱਸ. ਵੱਲੋਂ ਦੇਸ਼ ਵਿੱਚ ਸਿਆਸੀ ਕੈਦੀਆਂ ਜਗਤਾਰ ਸਿੰਘ ਹਵਾਰਾ, ਐਡਵੋਕੇਟ ਅਜੇ ਕੁਮਾਰ, ਰੋਨਾ ਵਿਲਸਨ, ਅਨਿਰੁਧ ਰਾਜਨ, ਸੁਨੀਤਾ ਪੌਟਮ ਆਦਿ ਦੀ ਰਿਹਾਈ ਸਣੇ ਯੂਏਪੀਏ ਵਰਗੇ ਸਖ਼ਤ ਕਾਨੂੰਨ ਰੱਦ ਕਰਨ ਦੀ ਮੰਗ ਲਈ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਪੈਦਲ ਰੋਸ ਮਾਰਚ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਵੱਖ-ਵੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਤੋਂ ਪਹਿਲਾਂ ਭਾਰਤੀ ਜੇਲ੍ਹਾਂ ਵਿੱਚ ਬੰਦ ਸਿਆਸੀ ਕੈਦੀਆਂ ਦੇ ਸੰਘਰਸ਼ਾਂ ਅਤੇ ਦੁਰਦਸ਼ਾ ਨੂੰ ਦਰਸਾਉਂਦੀ ਇੱਕ ਪ੍ਰਦਰਸ਼ਨੀ ਸਟੂਡੈਂਟਸ ਸੈਂਟਰ ਵਿੱਚ ਲਗਾਈ ਗਈ। ਕਿਤਾਬਾਂ ਦੇ ਸਟਾਲ ’ਤੇ ਅਗਾਂਹਵਧੂ ਅਤੇ ਇਨਕਲਾਬੀ ਸਾਹਿਤ ਵੀ ਉਪਲਬਧ ਕਰਵਾਇਆ ਗਿਆ। ਸ਼ਾਮ ਨੂੰ ਵੱਖ-ਵੱਖ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇੱਕ ਪੈਦਲ ਮਸ਼ਾਲ ਮਾਰਚ ਸਟੂਡੈਂਟਸ ਸੈਂਟਰ ਤੋਂ ਸੈਕਟਰ 14 ਦੀ ਮਾਰਕੀਟ ਤੱਕ ਕੱਢਿਆ ਗਿਆ।
ਐੱਸ.ਐੱਫ.ਐੱਸ. ਦੇ ਪ੍ਰਧਾਨ ਸੰਦੀਪ ਨੇ ਕਿਹਾ ਸਿਆਸੀ ਕੈਦੀ ਕੋਈ ਅਪਰਾਧੀ ਨਹੀਂ ਹਨ ਪ੍ਰੰਤੂ ਉਹ ਆਪਣੀ ਵਿਚਾਰਧਾਰਾ ਜਾਂ ਅਸਹਿਮਤੀ ਦੇ ਕਰਕੇ ਜੇਲ੍ਹਾਂ ਵਿੱਚ ਹਨ।
ਦੇਸ਼ ਵਿੱਚ ਸਖ਼ਤ ਕਾਨੂੰਨਾਂ ਨੂੰ ਰੱਦ ਕਰਨ ਦੀ ਵੀ ਮੰਗ
ਵਿਦਿਆਰਥੀਆਂ ਨੇ ਬੁੱਧੀਜੀਵੀਆਂ, ਕਾਰਕੁਨਾਂ ਅਤੇ ਕਿਸੇ ਵੀ ਤਰ੍ਹਾਂ ਦੇ ਵਿਰੋਧੀ ਧਿਰਾਂ ਨੂੰ ਪ੍ਰੇਸ਼ਾਨ ਕਰਨ ਵਾਸਤੇ ਐੱਨਆਈਏ, ਸੀਬੀਆਈ ਅਤੇ ਈਡੀ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਦੇ ਵੀ ਦੋਸ਼ ਲਗਾਏ ਗਏ। ਯੂਏਪੀਏ, ਐੱਨਐੱਸਏ ਅਤੇ ਹੋਰ ਸਖ਼ਤ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਵੀ ਰੱਖੀ ਗਈ।