ਪ੍ਰਸ਼ਾਸਕ ਦੇ ਸਲਾਹਕਾਰ ਦੇ ਘਰ ਵੱਲ ਮਾਰਚ ਅੱਜ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 23 ਨਵੰਬਰ
ਯੂਟੀ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਜਥੇਬੰਦੀ ਨੇ ਅੱਜ ਕਿਹਾ ਕਿ ਉਹ ਭਲਕੇ ਸੈਕਟਰ-17 ਤੋਂ ਪ੍ਰਸ਼ਾਸਕ ਦੇ ਸਲਾਹਕਾਰ ਦੇ ਘਰ ਵੱਲ ਮਾਰਚ ਕਰਨਗੇ ਅਤੇ ਸਲਾਹਕਾਰ ਨੂੰ ਪ੍ਰਧਾਨ ਮੰਤਰੀ ਨੂੰ ਅਧਿਆਪਕਾਂ ਨਾਲ ਮਿਲਵਾਉਣ ਦੀ ਅਪੀਲ ਕਰਨਗੇ। ਜੁਆਇੰਟ ਟੀਚਰਜ਼ ਐਸੋਸੀਏਸ਼ਨ (ਜੇਟੀਏ) ਦੇ ਕਨਵੀਨਰ ਡਾ. ਰਮੇਸ਼ ਚੰਦ ਸ਼ਰਮਾ, ਚੇਅਰਮੈਨ ਰਣਵੀਰ ਝੋਰੜ, ਕਾਨੂੰਨੀ ਸਲਾਹਕਾਰ ਅਰਵਿੰਦ ਰਾਣਾ ਅਤੇ ਜਨਰਲ ਸਕੱਤਰ ਅਜੈ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਚੰਡੀਗੜ੍ਹ ਫੇਰੀ ਦੌਰਾਨ ਅਧਿਆਪਕਾਂ ਦੀ ਜਥੇਬੰਦੀ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜੋ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨ ਤੋਂ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਮੰਗ ਰਹੇ ਹਨ ਪਰ ਪ੍ਰਸ਼ਾਸਨ ਨੇ ਹਾਲੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ। ਅਧਿਆਪਕਾਂ ਦੇ ਨੁਮਾਇੰਦਿਆਂ ਨੇ ਸਮੱਗਰ ਸਿੱਖਿਆ ਅਧਿਆਪਕਾਂ ਦੀ ਤਨਖ਼ਾਹ ਵਿੱਚ ਵਾਧਾ, ਡੈਪੂਟੇਸ਼ਨ ’ਤੇ ਆਏ ਅਧਿਆਪਕਾਂ ਦੇ ਡੀਏ ਤੇ ਹੋਰ ਮਸਲੇ ਹੱਲ ਕਰਨ ਦੀ ਮੰਗ ਕੀਤੀ।
ਨਸ਼ਿਆਂ ਖਿਲਾਫ਼ ਮੁਹਿੰਮ ਚਲਾਵੇਗਾ ਸਿੱਖਿਆ ਵਿਭਾਗ
ਪੰਜਾਬ ਲਿਟ ਫਾਊਂਡੇਸ਼ਨ ਨੇ ਯੂਟੀ ਦੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ‘ਮਦਰਜ਼ ਅਗੇਂਸਟ ਡਰੱਗ’ ਜਾਗਰੂਕਤਾ ਸਮਾਗਮ ਕਰਵਾਇਆ। ਇਸ ਮੌਕੇ ਪੰਜਾਬ ਲਿਟ ਫਾਊਂਡੇਸ਼ਨ ਦੇ ਸਹਿ-ਸੰਸਥਾਪਕ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਖੁਸ਼ਵੰਤ ਸਿੰਘ ਅਤੇ ਕੌਮੀ ਮਹਿਲਾ ਕਮਿਸ਼ਨ ਦੀ ਮੀਡੀਆ ਸਲਾਹਕਾਰ ਸਨਾ ਕੌਸ਼ਲ ਦੀ ਅਗਵਾਈ ਹੇਠ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਮਾਵਾਂ ਨੂੰ ਸਭ ਤੋਂ ਪਹਿਲਾਂ ਇਸ ਵਰਤਾਰੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਕਿਹਾ ਗਿਆ। ਉਨ੍ਹਾਂ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੀ ਨਸ਼ਿਆਂ ਦੀ ਵੱਧ ਰਹੀ ਮਹਾਂਮਾਰੀ ਵਿਰੁੱਧ ਡਟਣ ਦਾ ਸੱਦਾ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਸਕੂਲ ਸਿੱਖਿਆ ਐੱਚਪੀਐੱਸ ਬਰਾੜ ਪੁੱਜੇ। ਉਨ੍ਹਾਂ ਕਿਹਾ ਕਿ ਉਹ ਸਕੂਲਾਂ ਵਿਚ ਇਸ ਮੁਹਿੰਮ ਨੂੰ ਵੱਡੇ ਪੱਧਰ ’ਤੇ ਚਲਾਉਣਗੇ।