For the best experience, open
https://m.punjabitribuneonline.com
on your mobile browser.
Advertisement

ਇਕੱਤੀ ਮਾਰਚ

06:21 AM Mar 12, 2024 IST
ਇਕੱਤੀ ਮਾਰਚ
Advertisement

ਡਾ. ਬਿਹਾਰੀ ਮੰਡੇਰ

Advertisement

ਬਦਲੀ ਪਿੱਛੋਂ 2005 ਵਿੱਚ ਮੈਂ ਸਿਵਲ ਪਸ਼ੂ ਡਿਸਪੈਂਸਰੀ ਕਾਲ ਬੰਜਾਰਾ ਵਿਖੇ ਹਾਜ਼ਰ ਹੋਇਆ। ਡਿਸਪੈਂਸਰੀ ਦੀ ਜਗ੍ਹਾ ਕਾਫੀ ਸੀ। ਬਿਲਡਿੰਗ ਠੀਕ ਠਾਕ ਸੀ। ਚਾਰਦੀਵਾਰੀ ਕਈ ਥਾਵਾਂ ਤੋਂ ਟੁੱਟੀ ਪਈ ਸੀ। ਮੁੱਖ ਗੇਟ ਵੀ ਟੁੱਟਾ ਹੋਇਆ। ਡਿਸਪੈਂਸਰੀ ਵਿੱਚ ਚਾਰੇ ਪਾਸੇ ਘਾਹ ਫੂਸ ਉੱਗਿਆ ਹੋਇਆ। ਕਿੱਕਰਾਂ ਦੇ ਚਾਰ ਕੁ ਦਰਖਤ ਸਨ। ਕੁਝ ਘਰ ਡਿਸਪੈਂਸਰੀ ਵਿੱਚ ਆਪਣੇ ਪਸ਼ੂ ਵੀ ਬੰਨ੍ਹਦੇ ਸਨ। ਉਦੋਂ ਸਰਪੰਚ ਨਾਲ ਮੇਰੀ ਚੰਗੀ ਸੱਥਰੀ ਪੈ ਗਈ। ਪੰਚਾਇਤ ਦੀ ਮਦਦ ਨਾਲ ਪਹਿਲਾਂ ਗੇਟ ਠੀਕ ਕਰਵਾਇਆ, ਗੇਟ ਨੂੰ ਜਿੰਦਾ ਲਗਾਉਣਾ ਸ਼ੁਰੂ ਕੀਤਾ। ਇਸ ਨਾਲ ਡਿਸਪੈਂਸਰੀ ਵਿੱਚ ਪਸ਼ੂ ਬੰਨ੍ਹਣ ਵਾਲਿਆਂ ਨੂੰ ਤਕਲੀਫ ਤਾਂ ਹੋਈ ਪਰ ਸਰਪੰਚ ਨੇ ਸਿਆਣਪ ਨਾਲ ਸਭ ਨੂੰ ਸਮਝਾ ਕੇ ਸ਼ਾਂਤ ਕਰ ਦਿੱਤਾ। ਡਿਊਟੀ ਕਰਦਿਆਂ ਹੌਲੀ ਹੌਲੀ ਲੋਕਾਂ ਨਾਲ ਰਾਬਤਾ ਬਣਨਾ ਸ਼ੁਰੂ ਹੋਇਆ। ਪੰਚਾਇਤ ਦੇ ਸਹਿਯੋਗ ਨਾਲ ਡਿਸਪੈਂਸਰੀ ਵਿੱਚ ਛੋਟੇ ਮੋਟੇ ਕੰਮ ਹੋਣੇ ਸ਼ੁਰੂ ਹੋ ਗਏ। ਚਾਰਦੀਵਾਰੀ ਦੀ ਮੁਰੰਮਤ ਹੋ ਗਈ। ਘਾਹ ਫੂਸ ਸਾਫ ਕਰਵਾਇਆ। ਇਉਂ ਡਿਸਪੈਂਸਰੀ ਦਾ ਚਿਹਰਾ ਮੋਹਰਾ ਬਦਲਣ ਲੱਗਾ।
2006 ਵਿੱਚ ਮੈਂ ਜਗਦੀਸ਼ ਪਾਪੜਾ ਰਾਹੀਂ ਜੈਵਿਕ ਖੇਤੀ ਵਾਲਿਆਂ ਨਾਲ ਜੁੜ ਗਿਆ। ਮੀਟਿੰਗਾਂ ਹੁੰਦੀਆਂ। ਵਿਦਵਾਨਾਂ ਦੇ ਵਿਚਾਰ ਸੁਣਦਿਆਂ ਵਾਤਾਵਰਨ ਬਾਰੇ ਚੇਤਨਤਾ ਜਾਗੀ। ਪਿੰਡ ਵਿੱਚ ਕਰਵਾਏ ਪ੍ਰੋਗਰਾਮਾਂ ਸਦਕਾ ਪਿੰਡ ਦੇ ਜਾਗਰੂਕ ਕਿਸਾਨ ਜੈਵਿਕ ਖੇਤੀ ਵਿੱਚ ਦਿਲਚਸਪੀ ਲੈਣ ਲੱਗ ਪਏ।
ਅਸੀਂ ਸਰਪੰਚ ਨਾਲ ਮਿਲ ਕੇ ਡਿਸਪੈਂਸਰੀ ਵਿੱਚ ਬੂਟੇ ਲਗਾਉਣ ਦਾ ਪ੍ਰੋਗਰਾਮ ਬਣਾਇਆ। ਸਭ ਤੋਂ ਪਹਿਲਾਂ ਡਿਸਪੈਂਸਰੀ ਦੀ ਲੱਗਭਗ 100 ਫੁੱਟ ਚਾਰਦੀਵਾਰੀ ਦੇ ਨਾਲ ਨਾਲ ਅਸ਼ੋਕਾ ਦੇ ਬੂਟੇ ਅਤੇ ਅੰਦਰਲੀ ਜਗ੍ਹਾ ਵਿੱਚ ਬਰਮਾ ਡੇਕ ਦੇ ਲਗਭਗ 100 ਬੂਟੇ ਲਗਾਏ; ਇੱਕ ਪਾਸੇ 30 ਬੂਟੇ ਨਿੰਮ ਦੇ। ਹੁਣ ਬੂਟੇ ਪਾਲਣ ਲਈ ਪਾਣੀ ਦਾ ਸਵਾਲ ਖੜ੍ਹਾ ਹੋ ਗਿਆ। ਡਿਸਪੈਂਸਰੀ ਵਿੱਚ ਸਿਰਫ ਨਲਕਾ ਹੀ ਸੀ। ਡਿਸਪੈਂਸਰੀ ਦੀ ਕੰਧ ਸਕੂਲ ਨਾਲ ਸਾਂਝੀ ਸੀ ਤੇ ਸਕੂਲ ਵਿੱਚ ਮੋਟਰ ਲੱਗੀ ਹੋਈ ਸੀ। ਪੰਚਾਇਤ ਅਤੇ ਸਕੂਲ ਕਮੇਟੀ ਦੇ ਸਹਿਯੋਗ ਸਦਕਾ ਲਿੰਕ ਪਾਈਪ ਪਾ ਕੇ ਡਿਸਪੈਂਸਰੀ ਵਿੱਚ ਬੂਟਿਆਂ ਲਈ ਪਾਣੀ ਦਾ ਇੰਤਜ਼ਾਮ ਹੋ ਗਿਆ ਤੇ ਸਾਰੇ ਬੂਟੇ ਚੱਲ ਪਏ। ਸਾਡਾ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਫਿਰ ਅਸੀਂ ਪੰਚਾਇਤ ਨਾਲ ਮਿਲ ਕੇ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਬੂਟੇ ਲਗਾਉਣ ਦੀ ਵਿਉਂਤ ਬਣਾਈ। ਪਿੰਡ ਦੇ ਦੋਹਾਂ ਛੱਪੜਾਂ ਦੁਆਲੇ ਬੂਟੇ ਲਗਾਏ। ਸ਼ਮਸ਼ਾਨ ਘਾਟ, ਕੁਟੀਆ, ਵਾਟਰ ਵਰਕਸ ਵਾਲੀ ਜਗ੍ਹਾ ਅਤੇ ਬੱਸ ਅੱਡੇ ’ਤੇ ਪਈ ਜਗ੍ਹਾ ਵਿੱਚ ਬੂਟੇ ਲਗਾਏ।
ਇਉਂ ਪਿੰਡ ਦੀਆਂ ਖਾਲੀ ਪਈਆਂ ਲੱਗਭਗ ਸਾਰੀਆਂ ਥਾਵਾਂ ਤੇ ਬੂਟੇ ਲਗਾ ਦਿੱਤੇ। ਸਾਡੀ ਡਿਸਪੈਂਸਰੀ ਹੁਣ ਹਰੇ ਭਰੇ ਬੂਟਿਆਂ ਨਾਲ ਭਰ ਗਈ ਸੀ। ਆਲਮ ਇਹ ਸੀ ਕਿ ਲੰਘਣ ਵਾਲੇ ਲੋਕ ਅੱਡੀਆਂ ਚੁੱਕ ਚੁੱਕ ਕੇ ਅੰਦਰ ਦੇਖਦੇ ਤੇ ਅਸੀਂ ਅੰਦਰ ਬੈਠੇ ਇਹ ਸੋਚਦੇ ਰਹਿੰਦੇ ਕਿ ਕਦੋਂ ਸਾਡੇ ਬੂਟੇ ਵੱਡੇ ਹੋਣ ਅਤੇ ਕੰਧ ਉੱਪਰ ਦੀ ਦਿਖਾਈ ਦੇਣ। ਕਈ ਵਾਰ ਲੋਕ ਡਿਸਪੈਂਸਰੀ ਅੰਦਰ ਆ ਕੇ ਵੀ ਬੂਟੇ ਨਿਹਾਰਦੇ ਅਤੇ ਸਾਡੇ ਕੰਮ ਦੀ ਪ੍ਰਸ਼ੰਸਾ ਕਰਦੇ। ਇਸ ਨਾਲ ਸਾਨੂੰ ਹੋਰ ਪ੍ਰੇਰਨਾ ਮਿਲਦੀ। ਖ਼ੈਰ! ਇਸ ਤੋਂ ਬਾਅਦ ਡਿਸਪੈਂਸਰੀ ਨੂੰ ਸਿ਼ੰਗਾਰਨ ਦਾ ਕੰਮ ਸ਼ੁਰੂ ਹੋਇਆ। ਗੇਟ ਉੱਪਰ ਡਾਟ ਬਣਵਾਈ ਅਤੇ ਉੱਪਰ ਸਿਵਲ ਪਸ਼ੂ ਡਿਸਪੈਂਸਰੀ ਕਾਲ ਬੰਜਾਰਾ ਲਿਖਵਾਇਆ। ਬਿਲਡਿੰਗ ਅਤੇ ਚਾਰਦੀਵਾਰੀ ਨੂੰ ਰੰਗ ਕਰਵਾਇਆ। ਡਿਸਪੈਂਸਰੀ ਦੇ ਸਾਹਮਣੇ ਛੋਟਾ ਜਿਹਾ ਪਾਰਕ ਬਣਵਾਇਆ। ਇਸ ਵਿੱਚ ਘਾਹ ਲਗਾ ਦਿੱਤਾ ਗਿਆ। ਮਨ ਵਿੱਚ ਪਾਰਕ ਦੇ ਆਲੇ ਦੁਆਲੇ ਫੁੱਲਾਂ ਵਾਲੇ ਬੂਟੇ ਲਗਾਉਣ ਦਾ ਖਿਆਲ ਆਇਆ। ਫੁੱਲਾਂ ਵਾਲੇ ਕੁਝ ਬੂਟਿਆਂ ਦੀ ਪਨੀਰੀ ਲੈ ਆਏ ਅਤੇ ਕੁਝ ਬੀਜ। ਇਹ ਕੰਮ ਅਸੀਂ ਨਵੰਬਰ ਮਹੀਨੇ ਕੀਤਾ। ਦਸੰਬਰ ਆਉਣ ਤੱਕ ਫੁੱਲਾਂ ਵਾਲੇ ਬੂਟਿਆਂ ਦੀ ਪਨੀਰੀ ਚੱਲ ਪਈ ਸੀ ਅਤੇ ਬੀਜ ਉਗ ਪਏ। ਜਨਵਰੀ ਮਹੀਨੇ ਟਾਵਾਂ ਟਾਵਾਂ ਫੁੱਲ ਝਾਤੀ ਮਾਰਨ ਲੱਗਾ। ਫਰਵਰੀ ਵਿੱਚ ਤਾਂ ਸਾਰੇ ਬੂਟਿਆਂ ਉੱਪਰ ਫੁੱਲ ਆ ਗਏ ਸਨ। ਦੇਖਦਿਆਂ ਦੇਖਦਿਆਂ ਡਿਸਪੈਸਰੀ ਦੀ ਦਿੱਖ ਨੂੰ ਚਾਰ ਚੰਦ ਲੱਗ ਗਏ। ਪਾਰਕ ਦੇ ਇੱਕ ਪਾਸੇ ਖਾਲੀ ਪਈ ਕਾਫੀ ਜਗ੍ਹਾ ਵਿੱਚ ਖਸਖਸ ਦੇ ਬੀਜ ਖਲਾਰ ਦਿੱਤੇ। ਹੁਣ ਇਹ ਫੁੱਲ ਭਰਪੂਰ ਮਾਤਰਾ ਵਿੱਚ ਖਿੜੇ ਹੋਏ ਸਨ। ਦੁਪਹਿਰ ਵੇਲੇ ਡਿਸਪੈਂਸਰੀ ਵਿੱਚ ਫੁੱਲਾਂ ਦੀ ਗੁਲਜ਼ਾਰ ਪੂਰੀ ਖਿੜ ਜਾਂਦੀ ਸੀ। ਅੱਧੀ ਛੁੱਟੀ ਵੇਲੇ ਸਕੂਲ ਦੀ ਕੰਧ ਉੱਪਰ ਫੁੱਲ ਦੇਖਣ ਲਈ ਬੱਚਿਆਂ ਦੀ ਭੀੜ ਇਕੱਠੀ ਹੋ ਜਾਂਦੀ। ਹੁਣ ਸਾਨੂੰ ਫੁੱਲਾਂ ਦੀ ਰਖਵਾਲੀ ਦੀ ਚਿੰਤਾ ਵੀ ਹੋਣ ਲੱਗੀ। ਅਸੀਂ ਸਕੂਲੇ ਛੁੱਟੀ ਹੋਣ ਤੋਂ ਬਾਅਦ ਹੀ ਡਿਸਪੈਂਸਰੀ ਬੰਦ ਕਰਦੇ।
ਸਾਡੀ ਡਿਸਪੈਂਸਰੀ ਪਿੰਡ ਦੀਆਂ ਸਾਰੀਆਂ ਥਾਵਾਂ ਤੋਂ ਸੋਹਣੀ ਥਾਂ ਬਣ ਚੁੱਕੀ ਸੀ। ਕਈ ਵਾਰ ਬਰਾਤ ਚੜ੍ਹਨ ਵੇਲੇ ਵਿਆਂਹਦੜ ਅਤੇ ਬਰਾਤੀ ਸਾਡੀ ਡਿਸਪੈਂਸਰੀ ਵਿੱਚ ਫੁੱਲਾਂ ਕੋਲ ਫੋਟੋਆਂ ਖਿਚਾਉਣ ਵੀ ਆਉਂਦੇ। ਇਸ ਤਰ੍ਹਾਂ ਹੱਸਦੇ ਖੇਡਦੇ ਸੋਹਣਾ ਸਮਾਂ ਬੀਤਣ ਲੱਗਾ ਅਤੇ ਮਾਰਚ ਮਹੀਨਾ ਆ ਗਿਆ।...
... ਮਾਰਚ ਮਹੀਨੇ ਫੁੱਲ ਆਪਣੇ ਪੂਰੇ ਜੋਬਨ ’ਤੇ ਸਨ ਅਤੇ ਆਪਣੇ ਆਖਰੀ ਪੜਾਅ ਵੱਲ ਵਧ ਰਹੇ ਸਨ। ਪੰਜਾਬ ਵਿੱਚ ਸਰਕਾਰੀ ਸਕੂਲਾਂ ਦਾ ਨਤੀਜਾ ਇਕੱਤੀ ਮਾਰਚ ਨੂੰ ਨਿਕਲਦਾ ਹੈ। ਇਕੱਤੀ ਮਾਰਚ ਆਈ ਅਤੇ ਬੱਚਿਆਂ ਦਾ ਨਤੀਜਾ ਨਿਕਲਿਆ। ਪਾਸ ਹੋਏ ਬੱਚੇ ਖੁਸ਼ੀ ਨਾਲ ਕਿਲਕਾਰੀਆਂ ਮਾਰ ਰਹੇ ਸਨ। ਬੱਚਿਆਂ ਨੇ ਕੱਪੜੇ ਵੀ ਸੋਹਣੇ ਸੋਹਣੇ ਪਾਏ ਹੋਏ ਸਨ। ਸਾਰੇ ਹੀ ਬਣ ਸੰਵਰ ਕੇ ਆਏ ਸਨ। ਨਤੀਜਾ ਨਿਕਲਣ ਤੋਂ ਬਾਅਦ ਕੁਝ ਬੱਚੇ ਸਾਡੇ ਕੋਲ ਆਏ ਅਤੇ ਫੁੱਲਾਂ ਕੋਲ ਫੋਟੋਆਂ ਖਿਚਾਉਣ ਦੀ ਇਜਾਜ਼ਤ ਮੰਗੀ, ਅਸੀਂ ਖੁਸ਼ੀ ਖੁਸ਼ੀ ਦੇ ਦਿੱਤੀ। ਹੋਇਆ ਇੰਝ ਕਿ ਬੱਚੇ ਹੋਰ ਬੱਚਿਆਂ ਨੂੰ ਵੀ ਨਾਲ ਲੈ ਆਏ ਅਤੇ ਉਨ੍ਹਾਂ ਨਾਲ ਉਨ੍ਹਾਂ ਦੇ ਨਵੇਂ ਆਏ ਅਧਿਆਪਕ ਜੱਜ ਰਾਮ ਅਤੇ ਵਰਖਾ ਸਿੰਘ ਵੀ ਸਨ। ਦੋਨੋਂ ਅਧਿਆਪਕ ਡਿਸਪੈਂਸਰੀ ਦੀ ਗੁਲਜ਼ਾਰ ਦੇਖ ਕੇ ਦੰਗ ਰਹਿ ਗਏ। ਇਸ ਤੋਂ ਬਾਅਦ ਇਨ੍ਹਾਂ ਅਧਿਆਪਕਾਂ ਨੇ ਆਪਣੇ ਸਕੂਲ ਵਿੱਚ ਵੀ ਬੂਟੇ ਲਗਵਾਉਣੇ ਸ਼ੁਰੂ ਕਰ ਦਿੱਤੇ। ਪਿੰਡ ਵਿੱਚ ਜਦੋਂ ਵੀ ਹੁਣ ਕੋਈ ਨਵਾਂ ਮਕਾਨ ਬਣਦਾ ਹੈ, ਉਸ ਵਿੱਚ ਅਸ਼ੋਕਾ ਦੇ ਬੂਟੇ ਜ਼ਰੂਰ ਲੱਗਦੇ ਹਨ।
ਸੰਪਰਕ: 98144-65017

Advertisement
Author Image

joginder kumar

View all posts

Advertisement
Advertisement
×