For the best experience, open
https://m.punjabitribuneonline.com
on your mobile browser.
Advertisement

ਤਨਖ਼ਾਹਾਂ ਨਾ ਮਿਲਣ ਵਿਰੁੱਧ ਜੰਗਲਾਤ ਕਾਮਿਆ ਵੱਲੋਂ ਮਾਰਚ

10:43 AM Oct 09, 2024 IST
ਤਨਖ਼ਾਹਾਂ ਨਾ ਮਿਲਣ ਵਿਰੁੱਧ ਜੰਗਲਾਤ ਕਾਮਿਆ ਵੱਲੋਂ ਮਾਰਚ
ਪਟਿਆਲਾ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਦੇ ਹੋਏ ਜੰਗਲਾਤ ਕਾਮੇ।
Advertisement

ਪੱਤਰ ਪ੍ਰੇਰਕ
ਪਟਿਆਲਾ, 8 ਅਕਤੂਬਰ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22 ਬੀ ਚੰਡੀਗੜ੍ਹ ਨਾਲ ਸਬੰਧਿਤ ਜੰਗਲਾਤ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਵੱਲੋਂ ਪਿਛਲੇ ਚਾਰ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਅੱਜ ਦੂਜੇ ਦਿਨ ਵਣ ਮੰਡਲ ਅਫ਼ਸਰ ਪਟਿਆਲਾ ਦੇ ਦਫ਼ਤਰ ਅੱਗੇ ਰੈਲੀ ਕੀਤੀ ਗਈ। ਇਸ ਤੋਂ ਬਾਅਦ ਜੰਗਲਾਤ ਕਾਮਿਆਂ ਵੱਲੋਂ ਸ਼ਹਿਰ ਵਿੱਚ ਝੰਡਾ ਮਾਰਚ ਕੀਤਾ ਗਿਆ ਜਿਸ ਦੀ ਅਗਵਾਈ ਜ਼ਿਲ੍ਹਾ ਜਨਰਲ ਸਕੱਤਰ ਜਸਵਿੰਦਰ ਸਿੰਘ ਸੌਜਾ, ਸ਼ੇਰ ਸਿੰਘ ਸਰਹਿੰਦ, ਜਗਤਾਰ ਸਿੰਘ ਸ਼ਾਹਪੁਰ, ਦਰਸ਼ਨ ਸਿੰਘ ਬੇਲੂਮਾਜਰਾ ਤੇ ਭਿੰਦਰ ਘੱਗਾ ਨੇ ਕੀਤੀ।
ਭੁਪਿੰਦਰ ਸਿੰਘ ਸਾਧੋਹੇੜੀ, ਦਵਿੰਦਰ ਸਿੰਘ ਚੌਧਰੀਮਾਜਰਾ, ਮਹਿੰਦਰ ਸਿੰਘ ਤੇ ਜੋਗਾ ਸਿੰਘ ਭਾਦਸੋਂ ਨੇ ਕਿਹਾ ਕਿ ਲੋਕਾਂ ਨਾਲ ਲੁਭਾਉਣੇ ਵਾਅਦੇ ਕਰਨ ਵਾਲੀ ਸਰਕਾਰ ਨੇ ਲਗਭਗ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਜੰਗਲਾਤ ਮਹਿਕਮੇ ਦਾ ਇੱਕ ਵੀ ਕਾਮਾ ਪੱਕਾ ਨਹੀਂ ਕੀਤਾ। ਪਿਛਲੇ ਚਾਰ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਕਾਰਨ ਕਰਮਚਾਰੀਆਂ ਦਾ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਪਿਆ ਹੈ। ਨਰੇਸ਼ ਕੁਮਾਰ ਪਟਿਆਲਾ, ਰਾਜਵੰਤ ਸਮਾਣਾ, ਗੁਰਬਚਨ ਸਿੰਘ ਨਾਭਾ, ਸੁਮੇਲ ਖ਼ਾਨ ਭਾਦਸੋਂ ਤੇ ਹਰਜਿੰਦਰ ਸਿੰਘ ਸਰਹਿੰਦ ਨੇ ਕਿਹਾ ਕਿ ਜੰਗਲਾਤ ਕਾਮਿਆਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਰਹਿੰਦਾ ਵਧੇ ਰੇਟਾਂ ਦਾ ਏਰੀਅਲ ਨਹੀਂ ਦਿੱਤਾ ਜਾ ਰਿਹਾ। ਫੰਡਾਂ ਦੇ ਬਾਵਜੂਦ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਇਸ ਸੰਘਰਸ਼ ਦੀ ਹਮਾਇਤ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਦਰਸ਼ਨ ਸਿੰਘ ਬੇਲੂ ਮਾਜਰਾ, ਲਖਵਿੰਦਰ ਖ਼ਾਨਪੁਰ, ਕੋਰ ਸਿੰਘ ਕੋਟਖੁਰਦ, ਮਾਸਟਰ ਮੱਘਰ ਸਿੰਘ ਤੇ ਭਜਨ ਸਿੰਘ ਨਾਭਾ ਨੇ ਕਿਹਾ ਕਿ ਫੈਡਰੇਸ਼ਨ ਵੱਲੋਂ ਵਣ ਮੰਡਲ ਦਫ਼ਤਰ ਪਟਿਆਲਾ ਅੱਗੇ ਸੰਘਰਸ਼ ਦੀ ਹਮਾਇਤ ਕੀਤੀ ਜਾਵੇਗੀ।
ਅੱਜ ਵੱਖ-ਵੱਖ ਬਜ਼ਾਰਾਂ ਤੇ ਦਫ਼ਤਰਾਂ ਅੱਗੇ ਕੀਤੇ ਧਰਨੇ ਨੂੰ ਸੰਬੋਧਨ ਕਰਦਿਆਂ ਸ਼ਮਸ਼ੇਰ ਸਿੰਘ, ਬਲਕਾਰ ਧਾਮੋਮਾਜਰਾ ਅਤੇ ਗੁਰਮੁਖ ਸਿੰਘ ਸਰਹਿੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਤਨਖ਼ਾਹਾਂ ਜਾਰੀ ਨਾ ਕੀਤੀ ਤਾਂ ਜਥੇਬੰਦੀ ਬਦਲਵੇਂ ਤੇ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਗੁਰਮੀਤ ਕੌਰ ਨਾਭਾ, ਪਰਮਜੀਤ ਕੌਰ ਭਾਦਸੋਂ, ਨਾਜ਼ਰਾ ਬੇਗ਼ਮ ਸਰਹਿੰਦ ਅਤੇ ਗੁਰਦੇਵ ਕੌਰ ਬੋਸਰ ਨੇ ਕਿਹਾ ਕਿ 9 ਅਕਤੂਬਰ ਨੂੰ ਜਥੇਬੰਦੀ ਵੱਲੋਂ ਰੋਸ ਰੈਲੀ ਕਰਨ ਤੋਂ ਬਾਅਦ ਝੰਡੇ ਅਤੇ ਬੈਨਰ ਨਾਲ ਮਾਰਚ ਕੱਢ ਕੇ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ।

Advertisement

Advertisement
Advertisement
Author Image

sukhwinder singh

View all posts

Advertisement