ਗੰਨਾ ਉਤਪਾਦਕਾਂ ਦੀਆਂ ਮੰਗਾਂ ਸਬੰਧੀ ਕਿਸਾਨਾਂ ਵੱਲੋਂ ਮਾਰਚ
ਜਤਿੰਦਰ ਬੈਂਸ
ਗੁਰਦਾਸਪੁਰ, 26 ਸਤੰਬਰ
ਖੰਡ ਮਿੱਲਾਂ ਨੂੰ ਚਲਾਉਣ ਦੀ ਤਰੀਕ ਮਿੱਥਣ ਅਤੇ ਗੰਨਾ ਉਤਪਾਦਕ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਇਲਾਕੇ ਦੇ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ ਅੱਜ ਗੁਰਦਾਸਪੁਰ ਸ਼ਹਿਰ ਅੰਦਰ ਗੰਨਾ ਮਾਰਚ ਕੀਤਾ ਗਿਆ। ਮਾਰਚ ਮਗਰੋਂ ਕਿਸਾਨਾਂ ਨੇ ਮੰਗਾਂ ਦੇ ਹੱਕ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ ਅਤੇ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਨੇ ਕਿਹਾ ਕਿ ਗੰਨਾ ਉਤਪਾਦਕਾਂ ਦੇ ਮਸਲਿਆਂ ਪ੍ਰਤੀ ਸਰਕਾਰ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ਹੈ ਕਿ ਮਿੱਲਾਂ ਚਲਾਉਣ ਦੀ ਤਰੀਕ ਪਹਿਲੀ ਨਵੰਬਰ ਪੱਕੀ ਤੈਅ ਕੀਤੀ ਜਾਵੇ ਅਤੇ ਗੰਨੇ ਦੀ ਅਦਾਇਗੀ ਕਿਸਾਨਾਂ ਨੂੰ ਤੁਲਾਈ ਦੇ ਬਾਅਦ ਉਸੇ ਵੇਲੇ ਨਕਦ ਰੂਪ ਵਿੱਚ ਕੀਤੀ ਜਾਵੇ ਤਾਂ ਜੋ ਕਿਸਾਨ ਲੇਬਰ ਦੇ ਪੈਸੇ ਸਮੇਂ ਸਿਰ ਦੇ ਸਕੇ ਅਤੇ ਆਪਣੇ ਘਰ ਦੇ ਖਰਚੇ ਕਰ ਸਕੇ। ਬੁਲਾਰਿਆਂ ਕਿਹਾ ਕਿ ਗੰਨਾ ਕਿਸਾਨਾਂ ਨਾਲ ਗੰਨਾ ਮਿਲਾਂ ’ਤੇ ਖੜ੍ਹਨ ਸਮੇਂ ਕਿਸੇ ਕਿਸਮ ਦੀ ਘਟਨਾ ਵਾਪਰਣ ’ਤੇ ਕਿਸਾਨ ਦੇ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਗੰਨੇ ਦਾ ਭਾਅ ਸਾਰੇ ਖਰਚੇ ਪਾ ਕੇ 50 ਫੀਸਦੀ ਐਲਾਨਿਆ ਜਾਵੇ।
ਬੁਲਾਰਿਆਂ ਕਿਹਾ ਕਿ ਕਿਸਾਨ ਦੇ ਇੱਕ ਕੁਇੰਟਲ ਗੰਨੇ ਵਿੱਚੋਂ ਤਕਰੀਬਨ 14 ਕਿਲੋ ਖੰਡ ਨਿਕਲਦੀ ਹੈ, ਸੀਰਾ ਨਿਕਲਦਾ ਹੈ ਜਿਸ ਤੋਂ ਸ਼ਰਾਬ ਬਣਦੀ ਹੈ ਜੋ ਬੋਤਲ ਦਾ ਰੇਟ ਹਜ਼ਾਰਾਂ ਰੁਪਏ ਹੁੰਦਾ ਹੈ। ਚੂਰਾ ਨਿਕਲਦਾ ਹੈ ਜਿਸ ਤੋਂ ਗੱਤਾ ਬਣਦਾ ਹੈ। ਉਨ੍ਹਾਂ ਕਿਹਾ ਕਿ ਮਿੱਲ ਮਾਲਕ ਕਿਸਾਨ ਦੇ ਇੱਕ ਕੁਇੰਟਲ ਗੰਨੇ ਤੋਂ ਬੇਹਿਸਾਬਾ ਮੁਨਾਫ਼ਾ ਕਮਾਉਂਦੇ ਹਨ ਅਤੇ ਸਰਕਾਰਾਂ ਤੋਂ ਰਿਆਇਤਾਂ ਲੈਂਦੇ ਹਨ। ਉਨ੍ਹਾਂ ਕਿਹਾ ਕਿ ਗੰਨੇ ਦਾ ਭਾਅ ਗੰਨਾ ਬਿਜਾਈ ਤੋਂ ਐਲਾਨਿਆ ਜਾਣਾ ਚਾਹੀਦਾ ਹੈ। ਹਾਲਾਂਕਿ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਧਰਨੇ ਦਾ ਐਲਾਨ ਕੀਤਾ ਸੀ, ਲੇਕਿਨ ਡਿਪਟੀ ਕਮਿਸ਼ਨਰ ਵੱਲੋਂ ਗੰਨੇ ਨਾਲ ਸਬੰਧਤ ਮੰਗਾਂ ਦੇ ਹੱਲ ਲਈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ 18 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਤੈਅ ਕਰਵਾ ਦੇਣ ਮਗਰੋਂ ਕਿਸਾਨਾਂ ਨੇ ਅਣਮਿੱਥੇ ਸਮੇਂ ਦਾ ਧਰਨਾ ਮੁਲਤਵੀ ਕਰ ਦਿੱਤਾ। ਅੱਜ ਦੇ ਧਰਨੇ ਨੂੰ ਹਰਦੀਪ ਸਿੰਘ, ਗੁਰਮੁੱਖ ਸਿੰਘ, ਸਕੱਤਰ ਸਿੰਘ, ਸਿਮਰਜੋਤ ਸਿੰਘ, ਗੁਰਪ੍ਰਤਾਪ ਸਿੰਘ, ਬਲਵਿੰਦਰ ਸਿੰਘ, ਬੀਬੀਆਂ ਦੀ ਪ੍ਰਧਾਨ ਦਵਿੰਦਰ ਕੌਰ, ਦਲੀਪ ਸਿੰਘ, ਗੁਰਬਚਨ ਸਿੰਘ, ਡਾ.ਜਤਿੰਦਰ ਸਿੰਘ, ਨਾਨਕ ਸਿੰਘ, ਮਨਦੀਪ ਸਿੰਘ, ਸਹਿਜ ਸਿੰਘ, ਅਜੀਤ ਸਿੰਘ, ਹਰਵਿੰਦਰ ਸਿੰਘ, ਸ਼ੀਤਲ ਸਿੰਘ ਤੇ ਹਰਭਜਨ ਸਿੰਘ ਨੇ ਸੰਬੋਧਨ ਕੀਤਾ।