ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਵਿਧਾਇਕ ਦੀ ਕੋਠੀ ਤੱਕ ਮਾਰਚ
ਜਗਮੋਹਨ ਸਿੰਘ
ਰੂਪਨਗਰ, 7 ਫਰਵਰੀ
ਇੱਥੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੀ ਰੂਪਨਗਰ ਇਕਾਈ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਗ਼ ਤੋਂ ਵਿਧਾਇਕ ਦਿਨੇਸ਼ ਚੱਢਾ ਦੀ ਕੋਠੀ ਤੱਕ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ ਕੋ-ਕਨਵੀਨਰ ਰਾਧੇ ਸ਼ਾਮ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਸੁਰਤਾਪੁਰੀ, ਨਰਿੰਦਰ ਸੈਣੀ ਸਕੱਤਰ ਏਟਕ ਪੰਜਾਬ, ਮਲਾਗਰ ਸਿੰਘ ਖਮਾਣੋਂ ਡੀਐੱਮਐਫ, ਬੀਐਸ ਸੈਣੀ, ਅਵਤਾਰ ਸਿੰਘ ਲੌਦੀਮਾਜਰਾ, ਗੁਰਵਿੰਦਰ ਸਿੰਘ ਹਜ਼ਾਰਾ, ਗੁਰਨਾਮ ਸਿੰਘ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਪੈਨਸ਼ਨਰਾਂ ਦੀ ਪੈਨਸ਼ਨ 2:59 ਦੇ ਫਾਰਮੂਲੇ ਨਾਲ ਸੋਧ ਕੇ ਫਿਕਸ ਕੀਤੀ ਜਾਵੇ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ 46 ਫ਼ੀਸਦੀ ਫਿਕਸ ਕਰ ਕੇ ਏਰੀਅਰ ਜਾਰੀ ਕੀਤਾ ਜਾਵੇ, ਠੇਕੇਦਾਰੀ ਆਉਟਸੋਰਸਿੰਗ, ਨਿੱਜੀਕਰਨ ਰਾਹੀਂ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਭਵਿੱਖ ਵਿੱਚ ਪੱਕੀ ਭਰਤੀ ਕੀਤੀ ਜਾਵੇ। ਤਿੰਨ ਸਾਲ ਦਾ ਪਰਖਕਾਲ ਸਮਾਂ ਸਣੇ ਪੂਰੀ ਤਨਖ਼ਾਹ ਕੀਤਾ ਜਾਵੇ, ਮੁਲਾਜ਼ਮਾਂ ਦੇ ਬੰਦ ਕੀਤੇ 37 ਭੱਤੇ ਬਹਾਲ ਕੀਤੇ ਜਾਣ, 6ਵੇਂ ਤਨਖ਼ਾਹ ਕਮਿਸ਼ਨ ਦਾ ਏਰੀਅਰ ਜਾਰੀ ਕੀਤਾ ਜਾਵੇ ਆਦਿ ਮੰਗਾਂ ਦੀ ਪੂਰਤੀ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ 9 ਫਰਵਰੀ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ 22 ਫਰਵਰੀ ਨੂੰ ਹਲਕਾ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਤੱਕ ਰੋਸ ਮਾਰਚ ਕਰ ਕੇ ਮੰਗ ਪੱਤਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ 16 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਰੂਪਨਗਰ ਵਿੱਚ ਲਾਗੂ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।