ਸੰਘਰਸ਼ ਕਮੇਟੀ ਵੱਲੋਂ ਜ਼ਮੀਨਾਂ ਦੀ ਕਾਣੀ ਵੰਡ ਖ਼ਿਲਾਫ਼ ਮਾਰਚ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਸਤੰਬਰ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਜ਼ਮੀਨਾਂ ਦੀ ਕਾਣੀ ਵੰਡ ਖ਼ਿਲਾਫ਼ ਘੋਲ ਨੂੰ ਤੇਜ਼ ਕਰਨ ਲਈ ਕਰੀਬ ਸਵਾ ਮਹੀਨਾ ਪਹਿਲਾਂ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਤੋਲੇਵਾਲ ਤੋਂ ਸ਼ੁਰੂ ਕੀਤਾ ‘ਦਲਿਤ ਮੁਕਤੀ ਮਾਰਚ’ ਦਾ ਕਾਫ਼ਲਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਾਲੀਆਂ, ਦੇਹ ਕਲਾਂ, ਸਾਰੋਂ, ਫਤਹਿਗੜ੍ਹ ਛੰਨਾਂ ਤੋਂ ਹੁੰਦਾ ਹੋਇਆ ਪਿੰਡ ਬਡਰੁੱਖਾਂ ਪੁੱਜਿਆ ਜਿਥੇ ਮੋਰਚਾ ਦਾ ਭਰਵਾਂ ਸਵਾਗਤ ਕੀਤਾ।
ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ, ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਅਤੇ ਆਗੂ ਜਗਤਾਰ ਤੋਲੇਵਾਲ ਨੇ ਕਿਹਾ ਕਿ ਦਲਿਤ ਮੁਕਤੀ ਮਾਰਚ ਲੈਂਡ ਸੀਲਿੰਗ ਐਕਟ ਲਾਗੂ ਕਰਨ ਅਤੇ ਸੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਬੇਜ਼ਮੀਨੇ ਅਤੇ ਦਲਿਤ ਮਜ਼ਦੂਰਾਂ ਵਿੱਚ ਵੰਡਾਉਣ ਲਈ, ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਪੱਕੇ ਤੌਰ ’ਤੇ ਲੈਣ ਲਈ, ਨਜ਼ੂਲ ਜ਼ਮੀਨਾਂ ਦੇ ਮਾਲਕੀ ਹੱਕ ਲੈਣ ਅਤੇ ਲਾਲ ਲਕੀਰ ਅੰਦਰ ਆਉਂਦੇ ਮਕਾਨਾ ਦੀਆਂ ਰਜਿਸਟਰੀਆਂ ਕਰਾਉਣ ਲਈ ਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਾਉਣ ਜਿਹੀਆਂ ਮੰਗਾਂ ਮੰਨਵਾਉਣ ਲਈ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਗੁਰਵਿੰਦਰ ਸਿੰਘ, ਵੀਰਪਾਲ ਦੁੱਲੜ , ਜਸਵਿੰਦਰ ਸਿੰਘ ਹੇੜੀਕੇ, ਰਮਨਦੀਪ ਸਿੰਘ ਤੋਲੇਵਾਲ ਆਦਿ ਹਾਜ਼ਰ ਰਹੇ।