ਮੈਰਾਥਨ ਦਾ ਵਿਸ਼ਵ ਚੈਂਪੀਅਨ ਕੈਲਵਿਨ ਕਿਪਟਮ
ਵਿਸ਼ਵ ਦੇ ਮਹਾਨ ਖਿਡਾਰੀ 37
ਪ੍ਰਿੰ. ਸਰਵਣ ਸਿੰਘ
ਕੀਨੀਆ ਦਾ ਕੈਲਵਿਨ ਕਿਪਟਮ ਸੂਰਜ ਵਾਂਗ ਚੜਿ੍ਹਆ ਤੇ ਤਾਰੇ ਵਾਂਗ ਲੋਪ ਹੋ ਗਿਆ। ਉਸ ਨੇ ਚੜ੍ਹਦੀ ਜੁਆਨੀ ’ਚ ਮੈਰਾਥਨ ਦੌੜ ਦਾ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ ਸੀ। ਖੇਡ ਜਗਤ ਨੂੰ ਬੜੀਆਂ ਆਸਾਂ ਸਨ ਕਿ ਉਹ ਧਰੂ ਤਾਰੇ ਵਾਂਗ ਲੰਮਾ ਸਮਾਂ ਲਿਸ਼ਕੇਗਾ। 42.195 ਕਿਲੋਮੀਟਰ ਯਾਨੀ 26 ਮੀਲ 385 ਗਜ਼ ਦੀ ਮੈਰਾਥਨ ਦੌੜ ਦੋ ਘੰਟੇ ਤੋਂ ਘੱਟ ਸਮੇਂ ’ਚ ਦੌੜੇਗਾ ਤੇ ਪੋਲ ਵਾਲਟਰ ਸਰਗੀ ਬੁਬਕਾ ਵਾਂਗ ਵਾਰ ਵਾਰ ਵਿਸ਼ਵ ਰਿਕਾਰਡ ਤੋੜੇਗਾ। ਪਰ ਹੋਣੀ ਉਹਦੇ ਰਾਹ ’ਚ ਸ਼ਹਿ ਲਾਈ ਬੈਠੀ ਹੋਈ ਸੀ। ਜਿਵੇਂ ਉਹਦੀ ਚੜ੍ਹਾਈ ਹੋਈ ਸੀ ਉਵੇਂ ਉਹਦਾ ਅੰਤ ਵੀ ਅਚਾਨਕ ਹੋਇਆ। ਉਹ ਅਜੇ 24 ਸਾਲਾਂ ਦਾ ਹੋਇਆ ਸੀ ਕਿ ਕਾਰ ਹਾਦਸੇ ਵਿੱਚ ਆਪਣੇ ਕੋਚ ਨਾਲ ਅਗਲੇ ਜਹਾਨ ਤੁਰ ਗਿਆ। ਉਸ ਦੀ ਜੁਆਨੀ ’ਚ ਹੋਈ ਦਰਦਨਾਕ ਮੌਤ ਦਾ ਸੋਗ ਵਿਸ਼ਵ ਭਰ ’ਚ ਮਨਾਇਆ ਗਿਆ। ਵਿਸ਼ਵ ਦੇ ਮਹਾਨ ਖਿਡਾਰੀਆਂ ਅਤੇ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਉਸ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ।
ਉਹਦਾ ਜਨਮ 2 ਦਸੰਬਰ 1999 ਨੂੰ ਹੋਇਆ ਸੀ ਤੇ ਮੌਤ 11 ਫਰਵਰੀ 2024 ਨੂੰ ਹੋਈ। ਉਦੋਂ ਮੈਰਾਥਨ ਦਾ ਵਿਸ਼ਵ ਰਿਕਾਰਡ ਉਸੇ ਦੇ ਨਾਂ ਸੀ ਜਿਸ ਦਾ ਸਮਾਂ ਸੀ 2 ਘੰਟੇ 35 ਸਕਿੰਟ। ਉਹਦਾ ਰੰਗ ਕਾਲ਼ਾ, ਜੁੱਸਾ ਇਕਹਿਰਾ, ਨੈਣ ਨਕਸ਼ ਤਿੱਖੇ, ਕੱਦ 5 ਫੁੱਟ 11 ਇੰਚ ਤੇ ਭਾਰ 65 ਕਿਲੋ ਸੀ। ਉਹ ਵਿਸ਼ਵ ਦੀਆਂ ਸਭ ਤੋਂ ਤੇਜ਼ ਦੌੜੀਆਂ ਗਈਆਂ ਸੱਤ ਮੈਰਾਥਨਾਂ ਵਿੱਚੋਂ ਤਿੰਨਾਂ ’ਚ ਦੌੜਿਆ ਸੀ ਤੇ ਤਿੰਨੇ ਜਿੱਤਿਆ ਸੀ। ਤਿੰਨੇ ਵਾਰ ਉਸ ਨੇ ਆਪਣਾ ਪਹਿਲਾ ਰਿਕਾਰਡ ਨਵਿਆਇਆ ਸੀ। ਲੰਡਨ ਤੇ ਸ਼ਿਕਾਗੋ ਦੀਆਂ ਮੇਜਰਜ਼ ਮੈਰਾਥਨਾਂ ਜਿੱਤਣੀਆਂ ਉਸ ਦੀ ਇਤਿਹਾਸਕ ਪ੍ਰਾਪਤੀ ਮੰਨੀਆਂ ਜਾਂਦੀਆਂ ਹਨ।
ਉਹ ਕੀਨੀਆ ਦੇ ਪਿੰਡ ਚੈਪਸੈਮੋ, ਚੈਪਕੋਰੀਓ ਵਿੱਚ ਸੈਨਸਨ ਚੈਰੀਯੋਤ ਦੇ ਘਰ ਮਾਤਾ ਮੈਰੀ ਕਾਂਗੋਗੋ ਦੀ ਕੁੱਖੋਂ ਪੈਦਾ ਹੋਇਆ ਸੀ। ਉਹ ਪੰਜ ਭੈਣ ਭਰਾ ਸਨ ਜਿਨ੍ਹਾਂ ’ਚ ਉਹ ਤੀਜੇ ਥਾਂ ਜੰਮਿਆ ਸੀ। ਉਸ ਦਾ ਪਿਤਾ ਚੰਗਾ ਦੌੜਾਕ ਸੀ ਤੇ ਮਾਤਾ ਵਾਲੀਬਾਲ ਦੀ ਖਿਡਾਰਨ ਜਿਸ ਨੇ ਕੀਨੀਆ ਦੀ ਟੀਮ ਵੱਲੋਂ ਐਟਲਾਂਟਾਂ ਦੀਆਂ ਓਲੰਪਿਕ ਖੇਡਾਂ-1996 ’ਚ ਭਾਗ ਲਿਆ ਸੀ। ਉਹ ਸਾਧਾਰਨ ਕਿਸਾਨ ਸਨ ਜੋ ਖੇਤੀ ਕਰਨ ਨਾਲ ਭੇਡਾਂ ਬੱਕਰੀਆਂ ਵੀ ਪਾਲਦੇ ਸਨ। ਕਿਪਟਮ ਸਕੂਲੋਂ ਆਉਣ ਪਿੱਛੋਂ ਖੇਤੀਬਾੜੀ ’ਚ ਹੱਥ ਵਟਾਉਂਦਾ ਸੀ ਤੇ ਇੱਜੜ ਚਰਾਉਣ ਲੈ ਜਾਂਦਾ ਸੀ। ਉਸ ਦੀਆਂ ਮੁੱਢਲੀਆਂ ਦੌੜਾਂ ਪਸ਼ੂਆਂ ਨੂੰ ਮੋੜੇ ਲਾਉਣ ਤੋਂ ਸ਼ੁਰੂ ਹੋਈਆਂ ਸਨ।
ਉਹ ਰਿਫਟ ਵਾਦੀ ਦੀਆਂ ਚੜ੍ਹਾਈਆਂ ਉਤਰਾਈਆਂ ਉੱਤੇ ਚੜ੍ਹਦਾ ਉਤਰਦਾ ਦੌੜਦਾ ਹੋਇਆ ਦਮ ਪਕਾਉਂਦਾ ਰਹਿੰਦਾ। ਟੀਵੀ ਤੋਂ ਮੈਰਾਥਨ ਦੌੜਾਂ ਵੇਖਦਾ ਤਾਂ ਉਹਦੇ ਮਨ ’ਚ ਵੀ ਮੈਰਾਥਨ ਦੌੜਾਕ ਬਣਨ ਦੀਆਂ ਲੂਹਰੀਆਂ ਉੱਠਦੀਆਂ। ਮੈਰਾਥਨ ਦਾ ਵਿਸ਼ਵ ਚੈਂਪੀਅਨ ਇਲੀਓਡ ਕਿਪਚੋਗੇ ਉਹਦਾ ਆਦਰਸ਼ ਬਣ ਗਿਆ ਸੀ। ਕਿਪਟਮ ਨੇ 8 ਅਕਤੂਬਰ 2023 ਨੂੰ ਸ਼ਿਕਾਗੋ ਦੀ ਮੈਰਾਥਨ 2 ਘੰਟੇ 35 ਸਕਿੰਟ ਵਿੱਚ ਦੌੜ ਕੇ ਵਿਸ਼ਵ ਰਿਕਾਰਡ ਆਪਣੇ ਨਾਂ ਕਰਾ ਲਿਆ ਸੀ। ਅਪਰੈਲ 2024 ’ਚ ਦੌੜੀ ਜਾਣ ਵਾਲੀ ਰੋਟੈਰਡਮ ਮੈਰਾਥਨ ਅਤੇ ਅਗਸਤ 2024 ਵਿੱਚ ਪੈਰਿਸ ਦੀਆਂ ਓਲੰਪਿਕ ਖੇਡਾਂ ਦੀ ਮੈਰਾਥਨ ਲਈ ਜਦੋਂ ਉਹ ਤੇ ਉਹਦਾ ਕੋਚ ਦੋ ਘੰਟਿਆਂ ਦੀ ਹੱਦ ਤੋੜਨ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ। ਜਿਵੇਂ ਰੌਜਰ ਬੈਨਿਸਟਰ ਨੇ ਮੀਲ ਦੀ ਦੌੜ ’ਚ ਚਾਰ ਮਿੰਟ ਦੀ ਹੱਦ ਤੋੜੀ ਸੀ ਉਵੇਂ ਉਹ ਵੀ ਮੈਰਾਥਨ ਦੌੜ ’ਚ ਦੋ ਘੰਟਿਆਂ ਦੀ ਹੱਦ ਤੋੜਨ ਲਈ ਤਤਪਰ ਸੀ।
ਮੈਰਾਥਨ ਦੌੜ ਦਾ ਪਿਛੋਕੜ ਢਾਈ ਹਜ਼ਾਰ ਸਾਲ ਪਹਿਲਾਂ ਲੜੀ ਗਈ ਲੜਾਈ ਨਾਲ ਸਬੰਧਿਤ ਹੈ। 490 ਪੂ. ਈ. ਵਿੱਚ ਪਰਸ਼ੀਆ ਨੇ ਏਥਨਜ਼ ’ਤੇ ਹਮਲਾ ਕਰਨ ਲਈ ਆਪਣੀ ਫ਼ੌਜ ਉੱਥੋਂ ਕੁਝ ਮੀਲ ਦੂਰ ਪਿੰਡ ਮੈਰਾਥਨ ਵਿੱਚ ਉਤਾਰੀ ਸੀ। ਉਦੋਂ ਮੈਰਾਥਨ ਛੋਟਾ ਜਿਹਾ ਪਿੰਡ ਸੀ ਜੋ ਹੁਣ ਸ਼ਹਿਰ ਬਣ ਗਿਆ ਹੈ। ਯੂਨਾਨ ਦੇ ਜਰਨੈਲ ਨੇ ਆਪਣੇ ਓਲੰਪਿਕ ਦੌੜਾਕ ਫਿਡੀਪੀਡੀਸ ਨੂੰ ਸਪਾਰਟਾ ਤੋਂ ਮਦਦ ਲੈਣ ਲਈ ਦੌੜਾਇਆ। ਉਹ ਦੌੜਦਾ, ਦਰਿਆ ਤੈਰਦਾ ਤੇ ਪਹਾੜੀਆਂ ਦੀਆਂ ਚੋਟੀਆਂ ਚੜ੍ਹਦਾ ਉਤਰਦਾ ਸਪਾਰਟਾ ਅੱਪੜਿਆ। ਸੁਨੇਹਾ ਦੇ ਕੇ ਵਾਪਸ ਏਥਨਜ਼ ਪਹੁੰਚਿਆ ਹੀ ਸੀ ਕਿ ਬਿਨਾਂ ਆਰਾਮ ਕੀਤੇ ਉਸ ਨੂੰ ਫ਼ੌਜ ਨਾਲ ਮੈਰਾਥਨ ਵੱਲ ਕੂਚ ਕਰਨਾ ਪਿਆ। ਮੈਰਾਥਨ ਦੇ ਮੈਦਾਨ ਵਿੱਚ ਜੰਮ ਕੇ ਲੜਾਈ ਹੋਈ ਜਿਸ ਵਿੱਚ ਯੂਨਾਨੀ ਜਿੱਤ ਗਏ।
ਜਿੱਤ ਦੀ ਖ਼ਬਰ ਤੁਰੰਤ ਏਥਨਜ਼ ਪਹੁੰਚਾਉਣ ਲਈ ਜਰਨੈਲ ਨੇ ਥੱਕੇ ਟੁੱਟੇ ਫਿਡੀਪੀਡੀਸ ਨੂੰ ਮੁੜ ਏਥਨਜ਼ ਵੱਲ ਦੌੜਾਇਆ। ਦੌੜਦਿਆਂ ਉਹਦੇ ਪੈਰਾਂ ’ਚੋਂ ਖੂਨ ਸਿਮ ਆਇਆ ਜਿਸ ਨਾਲ ਲਹੂ ਦੇ ਨਿਸ਼ਾਨ ਪਹਾੜੀ ਪੱਥਰਾਂ ’ਤੇ ਲੱਗਦੇ ਗਏ। ਏਥਨਜ਼ ਵਾਸੀਆਂ ਨੂੰ ਆਪਣੇ ਓਲੰਪੀਅਨ ਦੌੜਾਕ ਦਾ ਝਾਉਲਾ ਪਿਆ ਤਾਂ ਉਹ ਘਰਾਂ ਦੀਆਂ ਛੱਤਾਂ ਤੋਂ ਉਤਰ ਕੇ ਖ਼ਬਰ ਸੁਣਨ ਲਈ ਅੱਗੇ ਵਧੇ। ਹੰਭੇ, ਹਫ਼ੇ ਤੇ ਲਹੂ ਲੁਹਾਣ ਹੋਏ ਪੈਰਾਂ ਵਾਲੇ ਸਿਰੜੀ ਦੌੜਾਕ ਨੇ ਸਾਰੀ ਸੱਤਿਆ ’ਕੱਠੀ ਕਰ ਕੇ ਕੇਵਲ ਇਹੋ ਕਿਹਾ, ‘ਖ਼ੁਸ਼ੀਆਂ ਮਨਾਓ, ਆਪਾਂ ਜਿੱਤ ਗਏ ਆਂ!’ ਏਨਾ ਕਹਿ ਕੇ ਉਹ ਡਿੱਗ ਪਿਆ ਤੇ ਪਰਲੋਕ ਸਿਧਾਰ ਗਿਆ।
*
ਮਾਡਰਨ ਓਲੰਪਿਕ ਖੇਡਾਂ 1896 ਵਿੱਚ ਏਥਨਜ਼ ਤੋਂ ਹੀ ਸ਼ੁਰੂ ਕੀਤੀਆਂ ਗਈਆਂ। ਉਨ੍ਹਾਂ ਖੇਡਾਂ ’ਚ ਫਿਡੀਪੀਡੀਸ ਦੀ ਯਾਦ ਵਿੱਚ ਪੱਚੀ ਕੁ ਮੀਲ ਲੰਮੀ ਦੌੜ ਸ਼ਾਮਲ ਕੀਤੀ ਗਈ ਜਿਸ ਦਾ ਨਾਂ ਮੈਰਾਥਨ ਦੌੜ ਰੱਖਿਆ ਗਿਆ। ਏਥਨਜ਼ ਦੇ ਇੱਕ ਰਈਸ ਨੇ ਐਲਾਨ ਕੀਤਾ, ਜੇ ਕੋਈ ਯੂਨਾਨੀ ਦੌੜਾਕ ਇਹ ਦੌੜ ਜਿੱਤ ਜਾਵੇ ਤਾਂ ਉਹ ਦਸ ਲੱਖ ਯੂਨਾਨੀ ਸਿੱਕਿਆਂ ਨਾਲ ਉਸ ਨੂੰ ਆਪਣੀ ਧੀ ਦਾ ਡੋਲਾ ਵੀ ਦੇਵੇਗਾ।
ਦੌੜ ਸ਼ੁਰੂ ਹੋਈ ਤਾਂ ਯੂਨਾਨੀ ਦੌੜਾਕ ਸਪਰਿਡਨ ਲੂਈਸ ਪਹਿਲਾਂ ਪਿੱਛੇ ਰਿਹਾ। ਜਦੋਂ ਦੌੜ ਤਿੰਨ ਕੁ ਮੀਲ ਬਾਕੀ ਰਹਿ ਗਈ ਤਾਂ ਉਹ ਸਭ ਤੋਂ ਮੂਹਰੇ ਹੋ ਗਿਆ। ਯੂਨਾਨੀ ਦਰਸ਼ਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਉਹ ਸਟੇਡੀਅਮ ਵਿੱਚ ਸਭ ਤੋਂ ਪਹਿਲਾਂ ਦਾਖਲ ਹੋਇਆ ਤਾਂ ਦਰਸ਼ਕ ਉਤਸ਼ਾਹ ਵਿੱਚ ਤਾੜੀਆਂ ਮਾਰਦੇ ਉੱਠ ਖੜ੍ਹੇ ਹੋਏ। ਬਾਦਸ਼ਾਹ ਦੇ ਦੋਵੇਂ ਸ਼ਹਿਜ਼ਾਦੇ ਖ਼ੁਸ਼ੀ ਵਿੱਚ ਯੂਨਾਨੀ ਦੌੜਾਕ ਨੂੰ ਹੱਲਾਸ਼ੇਰੀ ਦਿੰਦੇ ਉਹਦੇ ਨਾਲ ਦੌੜਨ ਲੱਗੇ। ਸਪਰਿਡਨ ਲੂਈਸ ਮੈਰਾਥਨ ਦੌੜ ਦਾ ਪਹਿਲਾ ਓਲੰਪਿਕ ਚੈਂਪੀਅਨ ਬਣ ਗਿਆ। ਖ਼ੁਸ਼ ਹੋਏ ਯੂਨਾਨ ਦੇ ਬਾਦਸ਼ਾਹ ਨੇ ਜੇਤੂ ਨੂੰ ਵਧਾਈ ਦਿੰਦਿਆਂ ਕਿਹਾ, “ਮੰਗ ਜੋ ਕੁਛ ਮੰਗਣਾ।”
ਲੂਈਸ ਨੇ ਆਖਿਆ, “ਮੇਰੇ ਕੋਲ ਘੋੜਾ ਤਾਂ ਹੈ ਪਰ ਘੋੜਾ-ਗੱਡੀ ਨਹੀਂ।” ਉਹ ਡਾਕੀਆ ਸੀ ਜਿਸ ਦਾ ਕੰਮ ਘੋੜਾ-ਗੱਡੀ ਨਾਲ ਸੁਖਾਲਾ ਹੋ ਸਕਦਾ ਸੀ। ਉਸ ਨੇ ਰਾਜੇ ਤੋਂ ਘੋੜਾ-ਗੱਡੀ ਲੈ ਲਈ ਪਰ ਰਈਸ ਦੀ ਧੀ ਦਾ ਡੋਲਾ ਨਾ ਲਿਆ ਕਿਉਂਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ। 1896 ਤੋਂ 1924 ਦੀਆਂ ਓਲੰਪਿਕ ਖੇਡਾਂ ਤੱਕ ਮੈਰਾਥਨ ਦੌੜਾਂ ਦੀ ਦੂਰੀ ਇੱਕੋ ਜਿੰਨੀ ਨਹੀਂ ਸੀ। ਪਹਿਲੀਆਂ ਓਲੰਪਿਕ ਖੇਡਾਂ ਵਿੱਚ ਮੈਰਾਥਨ 25 ਮੀਲ ਭਾਵ 40 ਕਿਲੋਮੀਟਰ ਦੀ ਸੀ ਜੋ ਲੂਈਸ ਨੇ 2:58:50 ਟਾਈਮ ਵਿੱਚ ਦੌੜੀ ਸੀ।
1924 ਵਿੱਚ ਪੈਰਿਸ ਦੀਆਂ ਓਲੰਪਿਕ ਖੇਡਾਂ ਤੋਂ ਮੈਰਾਥਨ ਦੌੜ ਦੀ ਦੂਰੀ 26 ਮੀਲ 385 ਗਜ਼ ਰੱਖਣੀ ਤੈਅ ਹੋ ਗਈ। ਉਹ ਦੌੜ ਫਿਨਲੈਂਡ ਦੇ ਐਲਵਿਨ ਸਟੈਂਰੂਜ਼ ਨੇ 2:41:22.6 ਸਮੇਂ ਵਿੱਚ ਪੂਰੀ ਕੀਤੀ। ਸਮੇਂ ਨਾਲ ਮੈਰਾਥਨ ਦੌੜਾਕ ਤੇਜ਼ ਤੋਂ ਤੇਜ਼ ਦੌੜਦੇ ਰਹੇ ਅਤੇ ਓਲੰਪਿਕ ਤੇ ਵਿਸ਼ਵ ਰਿਕਾਰਡ ਨਵਿਆਉਂਦੇ ਰਹੇ। 2021 ਵਿੱਚ ਟੋਕੀਓ ਦੀਆਂ ਓਲੰਪਿਕ ਖੇਡਾਂ ਸਮੇਂ ਕੀਨੀਆ ਦਾ ਦੌੜਾਕ ਇਲਿਊਡ ਕਿਪਚੋਗੇ ਮੈਰਾਥਨ 2 ਘੰਟੇ 8 ਮਿੰਟ 38 ਸਕਿੰਟ ’ਚ ਲਾ ਕੇ ਗੋਲਡ ਮੈਡਲ ਜਿੱਤਿਆ। ਹੁਣ ਤਾਂ ਔਰਤਾਂ ਵੀ ਮੈਰਾਥਨ ਦੌੜਦੀਆਂ ਹਨ।
ਕਿਪਟਮ ਦਾ ਪਿੰਡ ਚੈਪਸੈਮੋ ਸਮੁੰਦਰੀ ਸਤ੍ਵਾ ਤੋਂ 2600 ਮੀਟਰ ਦੀ ਉਚਾਈ ਉਤੇ ਹੈ। ਉੱਚੇ ਥਾਂ ਦੌੜਨਾ ਨੀਵੇਂ ਥਾਂ ਦੌੜਨ ਨਾਲੋਂ ਮੁਸ਼ਕਲ ਹੁੰਦਾ ਹੈ ਕਿਉਂਕਿ ਉਚਾਈ ਉਤੇ ਆਕਸੀਜ਼ਨ ਘਟਦੀ ਜਾਂਦੀ ਹੈ ਤੇ ਦਮ ਛੇਤੀ ਚੜ੍ਹ ਜਾਂਦਾ ਹੈ। ਅਫ਼ਰੀਕਾ ਦੀ ਰਿਫਟ ਵਾਦੀ ਦਾ ਇਲਾਕਾ ਉਚਾਣਾਂ ਨਿਵਾਣਾਂ ਵਾਲਾ ਹੋਣ ਕਰਕੇ ਲੰਮੀਆਂ ਦੌੜਾਂ ਦੌੜਨ ਵਾਲਿਆਂ ਲਈ ਕੁਦਰਤੀ ਸਹਾਈ ਹੈ ਜਿਸ ਕਰਕੇ ਕੀਨੀਆ ਦੇ ਮੈਰਾਥਨ ਦੌੜਾਕ ਵਿਸ਼ਵ ਭਰ ’ਚ ਕਿਸੇ ਨੂੰ ਡਾਹੀ ਨਹੀਂ ਦਿੰਦੇ। ਤਦੇ ਅਬੇਬੇ ਬਕੀਲਾ ਤੋਂ ਲੈ ਕੇ ਕਿਪਚੋਗੇ ਹੋਰਾਂ ਤੱਕ ਅਫ਼ਰੀਕਾ ਦੇ ਮੈਰਾਥਨ ਦੌੜਾਕ ਯੂਰਪ ਤੇ ਏਸ਼ਿਆ ਦੇ ਮੈਰਾਥਨ ਦੌੜਾਕਾਂ ਨੂੰ ਪਿੱਛੇ ਛੱਡ ਜਾਂਦੇ ਹਨ।
ਕਿਪਟਮ ਅਜੇ 13-14 ਸਾਲਾਂ ਦਾ ਸਕੂਲ ਪੜ੍ਹਦਾ ਵਿਦਿਆਰਥੀ ਸੀ ਜਦੋਂ ਉਹ ਲੰਮੀਆਂ ਦੌੜਾਂ ਦੇ ਮੁਕਾਬਲਿਆਂ ’ਚ ਭਾਗ ਲੈਣ ਲੱਗ ਪਿਆ। 2013 ਵਿੱਚ ਉਸ ਨੇ ਕੀਨੀਆ ਦੇ ਫੈਮਲੀ ਬੈਂਕ ਐਲਡੋਰੈੱਟ ਦੀ ਹਾਫ਼ ਮੈਰਾਥਨ ਦੌੜ ’ਚ ਭਾਗ ਲਿਆ ਤੇ 10ਵੇਂ ਸਥਾਨ ’ਤੇ ਰਿਹਾ। ਅਗਲੇ ਸਾਲ ਉਹ 12ਵੇਂ ਸਥਾਨ ’ਤੇ ਆਇਆ। ਉਸ ਦੀ ਪਹਿਲੀ ਜਿੱਤ 2018 ਵਿੱਚ ਹੋਈ ਜਦੋਂ ਉਸ ਨੇ 62:01 ਮਿੰਟਾਂ ਵਿੱਚ ਹਾਫ਼ ਮੈਰਾਥਨ ਜਿੱਤੀ। ਉਦੋਂ ਤੱਕ ਉਹ ਆਪਣਾ ਕੋਚ ਆਪ ਹੀ ਸੀ। ਟੀਵੀ ਤੋਂ ਹੋਰਨਾਂ ਨੂੰ ਦੌੜਦਿਆਂ ਵੇਖ ਕੇ ਆਪ ਵੀ ਅੰਨ੍ਹੇਵਾਹ ਦੌੜੀ ਜਾਂਦਾ। ਸਕੂਲੇ ਪੜ੍ਹਨਾ, ਭੇਡਾਂ ਬੱਕਰੀਆਂ ਚਾਰਨੀਆਂ ਅਤੇ ਦੌੜੀ ਜਾਣਾ, ਖਾਣਾ ਤੇ ਸੌਣਾ ਉਹਦਾ ਨਿੱਤਨੇਮ ਸੀ। ਉਦੋਂ ਕਿਸੇ ਨੂੰ ਕੀ ਪਤਾ ਸੀ ਕਿ ਇਹ ਮੁੰਡਾ ਨਾ ਸਿਰਫ਼ ਵਿਸ਼ਵ ਚੈਂਪੀਅਨ ਬਣੇਗਾ ਬਲਕਿ 2023 ਵਿੱਚ ਮੈਰਾਥਨ ਦੌੜ ਦਾ ਨਵਾਂ ਵਿਸ਼ਵ ਰਿਕਾਰਡ ਵੀ ਰੱਖ ਦੇਵੇਗਾ? ਦਸੰਬਰ 2022 ਤੋਂ ਅਕਤੂਬਰ 2023 ਦਰਮਿਆਨ ਦਸ ਮਹੀਨਿਆਂ ਦੇ ਵਕਫ਼ੇ ਵਿੱਚ ਵਿਸ਼ਵ ਦੀਆਂ ਛੇ ਮਹਾਨ ਮੈਰਾਥਨ ਦੌੜਾਂ ’ਚੋਂ ਤਿੰਨ ਦੌੜਾਂ ਜਿੱਤ ਵੀ ਜਾਵੇਗਾ। ਉਹ ਦੁਨੀਆ ਦਾ ਪਹਿਲਾ ਮੈਰਾਥਨ ਦੌੜਾਕ ਹੋਵੇਗਾ ਜਿਹੜਾ 2: 01 ਮਿੰਟ ਦੀ ਹੱਦ ਤੋੜੇਗਾ ਅਤੇ 2023 ਦਾ ਬੈੱਸਟ ਸਪੋਰਟਸਮੈਨ ਆਫ਼ ਦਾ ਯੀਅਰ ਬਣੇਗਾ। ਤੇ ਇਹ ਵੀ ਕਿਸੇ ਦੇ ਖ਼ਾਬ ਖਿਆਲ ’ਚ ਨਹੀਂ ਸੀ ਕਿ 24 ਸਾਲ ਦੀ ਜੋਬਨ ਰੁੱਤੇ ਉਹ ਸਦੀਵੀ ਵਿਛੋੜਾ ਦੇ ਜਾਵੇਗਾ। ਪਿੱਛੇ ਪਤਨੀ, ਚਾਰ ਤੇ ਸੱਤ ਸਾਲਾਂ ਦੇ ਦੋ ਬੱਚੇ ਅਤੇ ਮਾਪਿਆਂ ਨੂੰ ਰੋਂਦੇ ਕੁਰਲਾਉਂਦੇ ਛੱਡ ਜਾਵੇਗਾ। ਉਸ ਦੀ ਪਤਨੀ ਅਸੈਨਥ ਰੀਓ ਓਲੰਪਿਕਸ-2016 ਦੀ ਦੌੜਾਕ ਸੀ ਜੋ ਦੌੜਨਾ ਛੱਡ ਚੁੱਕੀ ਸੀ।
ਮਾਰਚ 2019 ਵਿੱਚ ਕਿਪਟਮ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ’ਤੇ ਪੁਰਤਗਾਲ ਦੀ ਲਿਸਬਨ ਹਾਫ ਮੈਰਾਥਨ ਲਾਉਣ ਗਿਆ ਸੀ ਜੋ ਉਸ ਨੇ ਇੱਕ ਘੰਟੇ ਦੀ ਹੱਦ ਤੋੜਦਿਆਂ 59:54 ਮਿੰਟਾਂ ਵਿੱਚ ਪੂਰੀ ਕੀਤੀ ਸੀ। ਉੱਥੇ ਉਹ 5ਵੇਂ ਸਥਾਨ ’ਤੇ ਰਿਹਾ ਸੀ। 2019 ਵਿੱਚ ਹੀ ਉਸ ਨੇ ਯੂਰਪ ਦਾ ਟੂਰ ਲਾਉਂਦਿਆਂ ਛੇ ਹੋਰ ਲੰਮੀਆਂ ਦੌੜਾਂ ’ਚ ਭਾਗ ਲਿਆ ਤੇ ਵਤਨ ਪਰਤ ਕੇ ਨਵੰਬਰ ਵਿੱਚ ਕੀਨੀਆ ਦੀ ਕਾਸ ਹਾਫ ਮੈਰਾਥਨ ਜਿੱਤੀ ਸੀ। 2020 ਵਿੱਚ ਉਸ ਨੇ 3000 ਮੀਟਰ ਸਟੀਪਲਚੇਜ਼ ਦੇ ਦੌੜਾਕ ਗਰਵਾਇਸ ਹਕੀਜ਼ੀਮਾਨਾ ਨੂੰ ਆਪਣਾ ਕੋਚ ਧਾਰਨ ਕਰ ਲਿਆ ਸੀ। ਉਸ ਸਾਲ ਤੋਂ ਉਹ ਪੂਰੀ ਮੈਰਾਥਨ ਲਾਉਣ ਦੀ ਤਿਆਰੀ ਕਰਨ ਲੱਗਾ ਸੀ। ਦਸੰਬਰ 2020 ’ਚ ਜਦੋਂ ਉਹ 21ਵੇਂ ਸਾਲ ਵਿੱਚ ਸੀ ਤਾਂ ਸਪੇਨ ਦੀ ਵਲੈਂਸੀਆ ਹਾਫ ਮੈਰਾਥਨ 58:42 ਮਿੰਟਾਂ ’ਚ ਦੌੜ ਗਿਆ ਸੀ ਪਰ ਸਥਾਨ ਛੇਵਾਂ ਹੀ ਲੈ ਸਕਿਆ ਸੀ।
ਲੰਡਨ ਤੋਂ ਅਗਲੀ ਮੇਜਰਜ਼ ਮੈਰਾਥਨ 8 ਅਕਤੂਬਰ 2023 ਨੂੰ ਸ਼ਿਕਾਗੋ ਵਿਖੇ ਲੱਗਣੀ ਸੀ। ਉਸ ਲਈ ਕਿਪਟਮ ਤੇ ਉਸ ਦੇ ਕੋਚ ਨੇ ਜਬਰਦਸਤ ਤਿਆਰੀ ਕੀਤੀ ਸੀ। ਸ਼ਿਕਾਗੋ ਦੀ ਦੌੜ ਸ਼ੁਰੂ ਹੋਈ ਤਾਂ ਸਭ ਦੀਆਂ ਨਜ਼ਰਾਂ ਫਿਰ ਕਿਪਟਮ ’ਤੇ ਸਨ। ਉੱਥੇ ਉਸ ਨੇ ਵਿਸ਼ਵ ਰਿਕਾਰਡ ਤੋੜ ਦਿੱਤਾ। ਉਸ ਦਾ ਸਮਾਂ ਸੀ 2 ਘੰਟੇ 35 ਸਕਿੰਟ। ਉਹਦੇ ਨਾਲ ਕੈਲਵਿਨ ਕਿਪਟਮ ਦੀ ਕੁਲ ਦੁਨੀਆ ’ਚ ਧੰਨ ਧੰਨ ਹੋ ਗਈ ਤੇ ਉਸ ਨੂੰ ਪੈਰਿਸ ਓਲੰਪਿਕ-2024 ਦੀਆਂ ਖੇਡਾਂ ਦਾ ਸਭ ਤੋਂ ਤਕੜਾ ਮੈਰਾਥਨ ਦੌੜਾਕ ਸਮਝਿਆ ਜਾਣ ਲੱਗਾ ਸੀ।
11 ਫਰਵਰੀ 2024 ਨੂੰ ਹਨੇਰੇ ਪਏ ਉਹ ਆਪਣੇ ਕੋਚ ਤੇ ਇੱਕ ਔਰਤ ਮੁਸਾਫ਼ਿਰ ਨਾਲ ਕੈਪਟਾਗਾਟ ਤੋਂ ਆਪਣੇ ਟਿਕਾਣੇ ਐਲਡੋਰੈੱਟ ਨੂੰ ਮੁੜ ਰਿਹਾ ਸੀ। ਸੜਕ ’ਤੇ ਵਾਹਨਾਂ ਦੀ ਭੀੜ ਸੀ। ਰਾਤ ਦੇ 11 ਵਜੇ ਦਾ ਟਾਈਮ ਸੀ। ਕਿਪਟਮ ਆਪਣੀ ਕਾਰ ਆਪ ਚਲਾ ਰਿਹਾ ਸੀ। ਰਾਹ ’ਚ ਟਾਇਰ ਪੈਂਚਰ ਹੋ ਗਿਆ ਤੇ ਕਾਰ ਸੜਕ ਤੋਂ ਖਤਾਨਾਂ ਵਿੱਚ ਜਾ ਡਿੱਗੀ ਅਤੇ ਸਿੱਧੀ ਵੱਡੇ ਰੁੱਖ ਨਾਲ ਜਾ ਟਕਰਾਈ। ਉੱਥੇ ਹੀ ਉਸ ਦੀ ਤੇ ਉਹਦੇ ਕੋਚ ਦੀ ਮੌਤ ਹੋ ਗਈ ਜਦ ਕਿ ਪਿੱਛੇ ਬੈਠੀ ਔਰਤ ਬਚ ਗਈ। ਜ਼ਿੰਦਗੀ ਤੇ ਮੌਤ ਦਾ ਪਤਾ ਨਹੀਂ ਕਿਹੜੀ ਗੋਲ ਕਰ ਦੇਵੇ ਤੇ ਕਿਹੜੀ ਬਚਾ ਲਵੇ?
ਈ-ਮੇਲ: principalsarwansingh@gmail.com