ਮਰਾਠੀ ਸੰਗੀਤ ਨਾਟਕ ਅਤੇ ਨਾਟਯ ਸੰਗੀਤ
ਕਮਲੇਸ਼ ਉੱਪਲ
ਮਹਾਰਾਸ਼ਟਰ ਭਾਰਤ ਦਾ ਅਜਿਹਾ ਰਾਜ ਹੈ ਜਿਥੇ ਨਾਟਕ ਅਤੇ ਸੰਗੀਤ ਦਾ ਸਬੰਧ ਇਸ ਤਰ੍ਹਾਂ ਦਾ ਰਿਹਾ ਹੈ ਕਿ ਦੋਵੇਂ ਇਕ ਦੂਜੇ ਦੇ ਕਲਾਤਮਿਕ ਪੂਰਕ ਹਨ। ਨਾਟਕ ਵਿਚ ਵਰਤੇ ਜਾਂਦੇ ਸੰਗੀਤ ਨੂੰ ਨਾਟਯ ਸੰਗੀਤ ਅਰਥਾਤ ਗਾਇਕੀ ਦੀ ਵਖਰੀ ਵਿਧਾ ਦਾ ਦਰਜਾ ਦਿਵਾਉਣ ਲਈ ਮਰਾਠੀ ਨਾਟ-ਕਰਮੀਆਂ ਨੇ ਅਨੋਖੇ ਜੋਸ਼ ਅਤੇ ਉਮੰਗ ਨਾਲ ਨਾਟਕਾਂ ਵਿਚ ਸੰਗੀਤ ਦੀ ਵਰਤੋਂ ਕੀਤੀ। ਮਰਾਠਿਆਂ ਦੇ ਸਭਿਆਚਾਰਕ ਜੀਵਨ ਵਿਚ ਹਿੰਦੋਸਤਾਨੀ ਸੰਗੀਤ ਪਰੰਪਰਾ ਇਤਨਾ ਉੱਚਾ ਦਰਜਾ ਰੱਖਦੀ ਸੀ ਕਿ ਉਹ ਸੰਗੀਤ ਦੀ ਸ਼ਮੂਲੀਅਤ ਤੋਂ ਬਿਨਾਂ ਕਿਸੇ ਕਰਤਬੀ ਕਲਾ ਦਾ ਕਿਆਸ ਹੀ ਨਹੀਂ ਸਨ ਕਰ ਸਕਦੇ।
ਮਰਾਠਿਆਂ ਨੂੰ ਆਪਣੇ ਪੇਸ਼ੇਵਰ ਨਾਟਕਾਂ ਵਿਚ ਸੰਗੀਤ ਦੀ ਅਹਿਮੀਅਤ ਬਣਾਉਣ ਦੀ ਪ੍ਰੇਰਨਾ ਕਿਵੇਂ ਮਿਲੀ, ਇਹ ਸੰਜੋਗ ਦੀ ਗੱਲ ਹੈ। 19ਵੀ ਸਦੀ ਦੇ ਅੰਤਲੇ ਦਹਾਕਿਆਂ ਦਾ ਸਮਾਂ ਸੀ ਜਦੋਂ ਪ੍ਰਸਿੱਧ ਰੰਗਕਰਮੀ ਅੱਨਾ ਸਾਹਿਬ ਕਿਰਲੋਸਕਰ ਕੋਈ ਨਾਟਕ ਦੇਖਣ ਗਏ ਪਰ ਉਥੇ ਉਨ੍ਹਾਂ ਨੂੰ ਥਾਂ ਨਹੀਂ ਮਿਲੀ। ਉਹ ਕਿਸੇ ਦੂਜੇ ਨਾਟਘਰ ਚਲੇ ਗਏ ਜਿਥੇ ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ ਦਾ ਨਾਟਕ ‘ਇੰਦਰ ਸਭਾ’ ਖੇਡਿਆ ਜਾ ਰਿਹਾ ਸੀ। ਇਹ ਨਾਟਕ ਦੇਖ ਕੇ ਅੱਨਾ ਸਾਹਿਬ ਨੂੰ ਖ਼ਿਆਲ ਆਇਆ ਕਿ ਕਿਉਂ ਨਾ ਮਰਾਠੀ ਵਿਚ ਵੀ ਅਜਿਹੇ ਸੰਗੀਤ ਭਰਪੂਰ ਨਾਟਕ ਖੇਡੇ ਜਾਣ? ਉਨ੍ਹਾਂ ਉਸੇ ਰਾਤ ਨਾਟਕ ‘ਸੰਗੀਤ ਸ਼ਾਕੁੰਤਲ’ ਦੀ ਰਚਨਾ ਸ਼ੁਰੂ ਕਰ ਦਿੱਤੀ ਅਤੇ ਪੰਜ ਅੰਕੇ ਨਾਟਕ ਦਾ ਇਕ ਅੰਕ ਇਕੋ ਬੈਠਕ ਵਿਚ ਲਿਖ ਮਾਰਿਆ; ਇਸ ਵਿਚ 250 ਗੀਤ ਪਾ ਦਿੱਤੇ। ਗੱਦ ਅਤੇ ਪਦ ਦੇ ਮਿਲੇ-ਜੁਲੇ ਰੂਪ ਵਾਲਾ ਇਹ ਨਾਟਕ 31 ਅਕਤੂਬਰ 1880 ਨੂੰ ਆਨੰਦ ਉਦਭਵ ਨਾਟ-ਘਰ ਵਿਚ ਖੇਡਿਆ ਗਿਆ। ਮਰਾਠੀ ਨਾਟਕਾਂ ਵਿਚ ਗਾਣਿਆਂ ਦੀ ਬਹੁਤਾਤ ਨਾਟਕਾਂ ਦਾ ਅਭਿੰਨ ਅੰਗ ਬਣ ਜਾਂਦੀ ਸੀ। ਵਾਰਤਕ ਵਿਚ ਸੰਵਾਦ ਭਾਵੇਂ ਨਾਟਕ ਨੂੰ ਅੱਗੇ ਤੋਰਦੇ ਸਨ ਪਰ ਗਾਣੇ ਵੀ ਹਾਲਾਤ ਨਾਲ ਇੰਝ ਜੁੜੇ ਹੁੰਦੇ ਸਨ ਕਿ ਉਹ ਨਾਟਕ ਦੀ ਹੋਂਦ ਦਾ ਲਾਜ਼ਮੀ ਅੰਗ ਬਣ ਜਾਂਦੇ ਸਨ। ਇਨ੍ਹਾਂ ਨਾਟਕਾਂ ਦੀ ਅਉਧ ਘੱਟੋ-ਘਟ ਛੇ-ਸੱਤ ਘੰਟੇ ਬਣ ਜਾਂਦੀ ਸੀ ਤੇ ਕਈ ਵਾਰੀ ਅੱਠ-ਨੌਂ ਘੰਟੇ ਵੀ ਲੈ ਜਾਂਦੀ। ਨਾਟਕੀ ਪ੍ਰਦਰਸ਼ਨ ਸ਼ਾਮ ਤੋਂ ਤੜਕੇ ਸਵੇਰ ਤਕ ਚਲਦਾ। ‘ਸੰਗੀਤ ਸ਼ਾਕੁੰਤਲ’ ਦਰਸ਼ਕਾਂ ਲਈ ਅਸਲੋਂ ਨਵਾਂ ਤਜਰਬਾ ਹੋ ਨਿੱਬੜਿਆ ਤੇ ਬਹੁਤ ਪਸੰਦ ਕੀਤਾ ਗਿਆ। ਫਿਰ ਅਜਿਹੇ ਸੰਗੀਤ ਭਰਪੂਰ ਨਾਟਕਾਂ ਦਾ ਰੁਝਾਨ ਬਣ ਗਿਆ। ਇਉਂ ਮਰਾਠੀ ਨਾਟਕਾਂ ਵਿਚ ਸੰਗੀਤ ਦੀ ਵਰਤੋਂ ਹੋਣ ਲੱਗੀ। ਸਾਂਗਲੀ ਵਿਚ 1843 ਵਿਚ ਪਹਿਲਾਂ-ਪਹਿਲ ਖੇਡੇ ਨਾਟਕ ‘ਸੀਤਾ ਸਵਯੰਬਰ’ ਵਿਚ ਵੀ ਸੰਗੀਤ ਦੀ ਵਰਤੋਂ ਹੋਈ ਸੀ। ਨਾਟਕ ਵਿਚ ਸੂਤਰਧਾਰ, ਗਾਇਕੀ ਦੇ ਨਾਲ-ਨਾਲ ਸੰਵਾਦ ਬੋਲਣ ਦਾ ਕੰਮ ਵੀ ਕਰਦਾ ਸੀ ਅਤੇ ਪਾਤਰ ਸਿਰਫ਼ ਮੂਕ ਅਭਿਨੈ ਕਰਦੇ ਸਨ ਪਰ ‘ਸੰਗੀਤ ਸ਼ਾਕੁੰਤਲ’ ਵਿਚ ਪਾਤਰ ਸੰਵਾਦ ਬੋਲਦੇ ਅਤੇ ਗਾਣੇ ਵੀ ਗਾਉਂਦੇ ਸਨ। ਮਰਾਠੀ ਨਾਟਕ ਸ਼ੁਰੂ-ਸ਼ੁਰੂ ਵਿਚ ਮਹਾਰਾਸ਼ਟਰ ਦੀ ਪ੍ਰਚਲਤ ਹਰੀਦਾਸੀ ਕੀਰਤਨ ਪਰੰਪਰਾ ’ਤੇ ਆਧਾਰਿਤ ਸੀ ਜਿਸ ਵਿਚ ਇਕ ਹੀ ਕੀਰਤਨਕਾਰ ਗੀਤ ਗਾਉਂਦਾ ਅਤੇ ਸਾਰਿਆਂ ਦੇ ਸੰਵਾਦ ਬੋਲ ਦਿੰਦਾ। ਇਸ ਲਈ ਅਸਲੀ ਮਰਾਠੀ ਨਾਟਯ ਸੰਗੀਤ ਵਾਲੇ ਨਾਟਕ ਦੀ ਸ਼ੁਰੂਆਤ ਅੱਨਾ ਸਾਹਿਬ ਦੇ ‘ਸੰਗੀਤ ਸ਼ਾਕੁੰਤਲ’ ਤੋਂ ਮੰਨੀ ਗਈ ਹੈ।
ਸੰਗੀਤ ਦੀ ਸਰਦਾਰੀ ਵਾਲੇ ਨਾਟਕਾਂ ਦੀ ਲੜੀ ਵਿਚ ਅਗਲਾ ਪ੍ਰਮੁਖ ਨਾਟਕ ‘ਸੰਗੀਤ ਸੌਭਦ੍ਰ’ ਸੀ। ਇਸ ਵਿਚ 150 ਗਾਣੇ ਸਨ ਜੋ ਮਗਰੋਂ ਘਟਾ ਦਿੱਤੇ ਗਏ। ਕਈ ਵਾਰ ਅਜਿਹਾ ਵੀ ਹੁੰਦਾ ਸੀ ਕਿ ਦ੍ਰਿਸ਼ ਬਦਲਣ ਦਾ ਵਕਫ਼ਾ ਪੂਰਨ ਲਈ ਚੰਗੇ ਗਲੇ ਵਾਲਾ ਅਭਿਨੇਤਾ ਦ੍ਰਿਸ਼ ਬਦਲੀ ਦੌਰਾਨ ਕੋਈ ਗੀਤ ਸ਼ੁਰੂ ਕਰ ਦਿੰਦਾ ਸੀ। ਇਸ ਬਾਰੇ ਰੋਚਕ ਪ੍ਰ਼ਸੰਗ ਵਰਨਣਯੋਗ ਹੈ। ਇਕ ਨਾਟਕ ਵਿਚ ਸੂਤਰਧਾਰ ਦੇ ਪ੍ਰਵੇਸ਼ ਗੀਤ ਲਈ ਕਿਸੇ ਉਤਮ ਮਰਾਠੀ ਸੰਗੀਤਕਾਰ ਨੂੰ ਬੁਲਾ ਲਿਆ ਗਿਆ। ਉਸ ਨੂੰ ਪਹਿਲਾਂ ਤਾਂ ਨਾਟ ਸੰਗੀਤ ਦੀ ਲੋੜ ਅਨੁਸਾਰ ਖੜ੍ਹੇ ਹੋ ਕੇ ਗਾਉਣ ਵਿਚ ਔਖ ਹੋਈ। ਉਸ ਨੇ ਦਰਸ਼ਕਾਂ ਅਤੇ ਪ੍ਰਬੰਧਕਾਂ ਤੋਂ ਬੈਠ ਕੇ ਗਾਉਣ ਦੀ ਪ੍ਰਵਾਨਗੀ ਲੈ ਲਈ। ਉਹਨੇ ਗਾਇਕੀ ਦਾ ਉਹ ਰੰਗ ਜਮਾਇਆ ਕਿ ਰਾਤ ਨੌਂ ਵਜੇ ਤੋਂ ਸ਼ੁਰੂ ਹੋਇਆ ਪ੍ਰੋਗਰਾਮ ਤੜਕੇ ਤਿੰਨ ਵਜੇ ਤਕ ਚਲਦਾ ਰਿਹਾ। ਨਾ ਪ੍ਰਬੰਧਕ ਹਿੱਲੇ ਨਾ ਸਰੋਤੇ। ਅਖੀਰ ਉਸ ਮਹਾਨ ਗਾਇਕ ਨੂੰ ਖ਼ਿਆਲ ਆਇਆ- ਉਹੋ! ਇਹ ਤਾਂ ਨਾਟਕ ਦਾ ਸੰਗੀਤ ਹੈ! ਤਦ ਕਿਧਰੇ ਉਸ ਨੇ ਪ੍ਰੋਗਰਾਮ ਸਮਾਪਤ ਕੀਤਾ। ਪ੍ਰਬੰਧਕਾਂ ਨੇ ਐਲਾਨ ਕਰ ਦਿੱਤਾ ਕਿ ਸੰਗੀਤ ਨੇ ਅੱਜ ਜੋ ਤ੍ਰਿਪਤੀ ਕਰਾਈ ਹੈ, ਉਹੀ ਕਾਫ਼ੀ ਹੈ, ਨਾਟਕ ਦਾ ਬਾਕੀ ਹਿੱਸਾ ਕੱਲ੍ਹ ਦਿਖਾਵਾਂਗੇ।
ਅਗਲਾ ਸੰਗੀਤਕ ਨਾਟਕ ਵੱਲਾਰ ਦੇਵਲ ਜੀ ਦਾ ‘ਮ੍ਰਿੱਛਕਟਿਕ’ ਨਾਂ ਦਾ ਨਾਟਕ ਹੈ ਜਿਸ ਵਿਚ ਵਸੰਤਸੇਨਾ ਅਤੇ ਚਾਰੂਦੱਤ ਦੀ ਪ੍ਰੇਮ ਕਥਾ ਹੈ। ਇਹ ਨਾਟਕ 1890 ਵਿਚ ਖੇਡਿਆ ਗਿਆ। ਫਿਰ ‘ਸੰਗੀਤ ਸ਼ਾਰਦਾ’ ਨਾਂ ਹੇਠ ਪਹਿਲਾ ਸਮਾਜਿਕ ਸੰਗੀਤ ਨਾਟਕ ਦਿਖਾਇਆ ਗਿਆ। ਇਨ੍ਹਾਂ ਨਾਟਕਾਂ ਦੇ ਰਚੈਤਾ ਦੇਵਲ ਜੀ, ਅੱਨਾ ਸਾਹਿਬ ਕਿਰਲੋਸਕਰ ਦੇ ਸ਼ਿੱਸ਼ ਸਨ। ਇਸ ‘ਸੰਗੀਤ ਸ਼ਾਰਦਾ’ ਨਾਟਕ ਵਿਚ ਸ਼ਾਰਦਾ ਨਾਂ ਦੀ ਬਾਲੜੀ ਦੇ ਇਕ ਬੁੱਢੇ ਨਾਲ ਵਿਆਹ ਦੇ ਪ੍ਰਸੰਗ ਦੀਆਂ ਘਟਨਾਵਾਂ ਬੁਣੀਆਂ ਹਨ ਅਤੇ ਇਸ ਵਿਚ ਮਾਰਮਿਕ ਗੀਤ ਸੰਜੋਏ ਗਏ।
ਦੇਵਲ ਜੀ ਦੇ ਨਾਟਕਾਂ ‘ਸੰਗੀਤ ਸੌਭਦ੍ਰ’ ਅਤੇ ‘ਸੰਗੀਤ ਸ਼ਾਰਦਾ’ ਵਿਚ ਨਾਇਕਾਵਾਂ ਦੀਆਂ ਭੂਮਿਕਾਵਾਂ ਬਾਲ ਗੰਧਰਵ ਨੇ ਨਿਭਾਈਆਂ ਜੋ ਇਸਤਰੀ ਪਾਤਰ ਨਿਭਾਉਣ ਵਿਚ ਅਜਿਹਾ ਮਾਹਿਰ ਸੀ ਕਿ ਜਿਸ ਨੇ ਮਰਾਠੀ ਨਾਟਕ ਦੇ ਇਤਿਹਾਸ ਵਿਚ ਮਿਥਿਹਾਸਕ ਦਰਜਾ ਹਾਸਲ ਕਰ ਲਿਆ ਹੈ। ਉਨ੍ਹੀਂ ਦਿਨੀਂ ਨਾਟਕਾਂ ਵਿਚ ਇਸਤਰੀ ਭੂਮਿਕਾ ਨੌਜਵਾਨ ਪੁਰਸ਼ ਕਲਾਕਾਰ ਹੀ ਖੇਡਦੇ ਸਨ। 1911 ਵਿਚ ਕਾਕਾ ਸਾਹਿਬ ਖਾਡਿਲਕਰ ਨੇ ਨਾਟਕ ‘ਮਾਨਾਪਮਾਨ’ ਰਚਿਆ। ਇਸ ਨਾਟਕ ਤੋਂ ਸੰਗੀਤ ਨਾਟਕਾਂ ਦਾ ਸੰਗੀਤ ਨਿਰਦੇਸ਼ਕ ਵੱਖਰਾ ਅਤੇ ਨਾਟ ਨਿਰਦੇਸ਼ਕ ਵੱਖਰਾ ਰੱਖਣ ਦੀ ਪਰੰਪਰਾ ਸ਼ੁਰੂ ਹੋ ਗਈ। ਹੌਲੀ-ਹੌਲੀ ਨਾਟ ਸੰਗੀਤ ਨਿਵੇਕਲਾ ਰੂਪ ਅਖ਼ਤਿਆਰ ਕਰਦਾ ਗਿਆ। ਫਿਰ ਪੇਸ਼ ਹੋਇਆ ਨਾਟਕ ‘ਸੰਸ਼ਯ ਕਲੋਲ’ ਜਿਸ ਵਿਚ ਨਾਇਕਾ ਦੀ ਭੂਮਿਕਾ ਕਈ ਸਾਲਾਂ ਤੱਕ ਬਾਲ ਗੰਧਰਵ ਨੇ ਖੇਡੀ ਭਾਵੇਂ ਮਗਰੋਂ ਹੋਰ ਵੀ ਕਈ ਐਕਟਰ ਇਸ ਪਾਤਰ ਨੂੰ ਖੇਡਦੇ ਰਹੇ।
ਨਾਟਕਕਾਰ ਕੋਲਹਟਕਰ ਦੀ ਆਮਦ ਨਾਲ ਸੰਗੀਤ ਨਾਟਕਾਂ ਦੀਆਂ ਪੇਸ਼ਕਾਰੀਆਂ ਵਿਚ ਇਕ ਹੋਰ ਪਰਿਵਰਤਨ ਆਇਆ। ਉਨ੍ਹਾਂ ਨਾਟਕ ਵਿਚੋਂ ਸੂਤਰਧਾਰ, ਨਟੀ ਤੇ ਨਾਂਦੀ ਖਾਰਜ ਕਰ ਦਿਤੇ ਅਤੇ ਨਾਟਕ ਕਥਾਨਕ ਤੋਂ ਹੀ ਸ਼ੁਰੂ ਹੋਣ ਲੱਗਾ। ਉਨ੍ਹਾਂ ਦੇ ਨਾਟਕ ਗੰਭੀਰ, ਔਖੀ ਜ਼ਬਾਨ ਵਾਲੇ ਅਤੇ ਗਾਣੇ ਉਰਦੂ ਰੰਗਤ ਵਾਲੇ ਸਨ। ਰਾਮਗਣੇਸ਼ ਗਡਕਰੀ ਭਾਸ਼ਾ ਸ਼ਾਸਤਰੀ ਨਾਟਕਕਾਰ ਸੀ ਜਿਸ ਦਾ ਨਾਟਕ ‘ਏਕਚ ਪਿਆਲਾ’ 20 ਫਰਵਰੀ 1918 ਨੂੰ ਪਹਿਲੀ ਵਾਰੀ ਮੰਚਿਤ ਹੋਇਆ। ਇਹ ਨਾਟਕ ਸ਼ਰਾਬ ਦੇ ਬੁਰੇ ਨਤੀਜਿਆਂ ਬਾਰੇ ਹੈ। ਇਥੋਂ ਮਰਾਠੀ ਨਾਟਕਾਂ ਵਿਚ ਪੂਰਨ ਯਥਾਰਥਵਾਦ ਦੀ ਆਮਦ ਹੋ ਜਾਂਦੀ ਹੈ। ਸੰਗੀਤ ਨਾਟਕਾਂ ਦੇ ਗਲੈਮਰ ਦੀ ਥਾਂ ਹੁਣ ਅਸਲੀਅਤ ਦੇ ਦ੍ਰਿਸ਼ ਚਿਤਰਨ ਨੇ ਲੈ ਲਈ, ਭਾਵੇਂ ਲੋੜ ਅਨੁਸਾਰ ਸੰਗੀਤ ਦੀ ਵਰਤੋਂ ਹੁੰਦੀ ਰਹੀ।
ਸੰਪਰਕ: 98149-02564