ਮਰਾਠੀ ਫਿਲਮ ‘ਸਥਲ’ ਨੇ ਟੋਰਾਂਟੋ ਫਿਲਮ ਫੈਸਟੀਵਲ ਵਿੱਚ ਜਿੱਤਿਆ ਸਿਖਰਲਾ ਏਸ਼ੀਅਨ ਐਵਾਰਡ
ਟੋਰਾਂਟੋ: ਨਿਰਦੇਸ਼ਕ ਜਯੰਤ ਦਿਗਾਂਬਰ ਸੋਮਲਕਰ ਦੀ ਪਹਿਲੀ ਮਰਾਠੀ ਫਿਲਮ ‘ਸਥਲ’ (ਏ ਮੈਚ) ਨੇ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਆਪਣੀ ਦਮਦਾਰ ਪੇਸ਼ਕਾਰੀ ਨਾਲ ਸਿਖਰਲਾ ਏਸ਼ੀਅਨ ਪੁਰਸਕਾਰ ਜਿੱਤਿਆ ਹੈ। ਇਹ ਫਿਲਮ ਇੱਕ ਔਰਤ ਦੀ ਦਮਨਕਾਰੀ ਮਰਦ ਪ੍ਰਧਾਨ ਸਮਾਜ ਵਿਰੁੱਧ ਲੜਾਈ ’ਤੇ ਆਧਾਰਿਤ ਹੈ। ਇਸ ਔਰਤ ’ਤੇ ਜ਼ਬਰਦਸਤੀ ਫੈਸਲੇ ਥੋਪੇ ਜਾਂਦੇ ਹਨ। ਫਿਲਮ ਦੇ ਨਿਰਮਾਤਾ ਸੋਮਲਕਰ ਨੇ ਕਿਹਾ, ‘ਇਹ ਐੱਨਈਟੀਪੀਏਸੀ (ਨੈਟਵਰਕ ਫਾਰ ਦਿ ਪ੍ਰਮੋਸ਼ਨ ਆਫ ਏਸ਼ੀਆ ਪੈਸੀਫਿਕ ਸਿਨੇਮਾ) ਐਵਾਰਡ ਦੁਨੀਆਂ ਭਰ ਦੀਆਂ ਸਾਰੀਆਂ ਬਹਾਦਰ ਔਰਤਾਂ ਨੂੰ ਸਮਰਪਿਤ ਹੈ ਜੋ ਅਜਿਹੇ ਹਾਲਾਤ ਨੂੰ ਚੁਣੌਤੀ ਦਿੰਦੀਆਂ ਹਨ। ਇਹ ਫਿਲਮ ਮੇਰੀ ਲਈ ਬਹੁਤ ਨਿੱਜੀ ਵੀ ਹੈ ਕਿਉਂਕਿ ਇਹ ਮੇਰੇ ਜੱਦੀ ਸ਼ਹਿਰ ਵਿੱਚ ਫਿਲਮਾਈ ਗਈ ਸੀ ਜਿੱਥੇ ਮੈਂ ਜੰਮਿਆ ਸੀ।’ ਦੱਖਣੀ ਏਸ਼ੀਆ ਲਈ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਸੀਨੀਅਰ ਪ੍ਰੋਗਰਾਮ ਸਲਾਹਕਾਰ ਮੀਨਾਕਸ਼ੀ ਸ਼ੇਡੇ ਨੇ ਇਸ ਫਿਲਮ ਨੂੰ ਫੈਸਟੀਵਲ ਵਿੱਚ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਨੇ ਕਿਹਾ, ‘ਇਹ ਉਨ੍ਹਾਂ ਔਰਤਾਂ ਬਾਰੇ ਫਿਲਮ ਹੈ ਜਿਨ੍ਹਾਂ ਦੀ ਵਿਆਹ ਵਿਚ ਚੋਣ ਲਈ ਸੰਭਾਵੀ ਲੜਕਿਆਂ ਸਾਹਮਣੇ ਪਰੇਡ ਕੀਤੀ ਜਾਂਦੀ ਹੈ। ਇਹ ਉਨ੍ਹਾਂ ਲਈ ਬੇਹੱਦ ਅਪਮਾਨਜਨਕ ਹੈ ਕਿਉਂਕਿ ਉਨ੍ਹਾਂ ਨਾਲ ਗੁਲਾਮਾਂ ਵਾਂਗ ਵਿਹਾਰ ਕੀਤਾ ਜਾਂਦਾ ਹੈ। -ਆਈਏਐੱਨਐੱਸ