ਟਾਂਗਰੀ ਨਦੀ ਵਿੱਚ ਪਾੜ ਪੈਣ ਕਾਰਨ ਕਈ ਪਿੰਡ ਘਿਰੇ
ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਦੇਵੀਗੜ੍ਹ, 11 ਜੁਲਾਈ
ਭਾਰੀ ਮੀਂਹ ਕਾਰਨ ਟਾਂਗਰੀ ਨਦੀ ’ਚ ਪਾਣੀ ਦਾ ਪੱਧਰ ਵਧਣ ਕਾਰਨ ਬੰਨ੍ਹ ’ਚ ਤਿੰਨ ਥਾਵਾਂ ’ਤੇ ਪਾੜ ਪੈ ਗਏ ਹਨ, ਜਿਸ ਕਾਰਨ ਪਿੰਡ ਦੁਧਨ ਗੁੱਜਰਾਂ, ਲੇਹਲਾਂ, ਹਾਜੀਪੁਰ, ਚਪਰਾਹੜ, ਅਦਾਲਤੀਵਾਲਾ, ਮਗਰ ਸਾਹਿਬ, ਰੌਹੜ ਜਾਗੀਰ ਆਦਿ ਪਿੰਡ ਪਾਣੀ ਵਿੱਚ ਘਿਰ ਗਏ ਹਨ। ਇਸ ਤੋਂ ਇਲਾਵਾ ਪਿੰਡ ਦੇ ਡੇਰਿਆਂ ਵਿੱਚ ਵੀ ਪਾਣੀ ਭਰ ਗਿਆ ਹੈ। ਇਲਾਕੇ ’ਤੇ ਪਈ ਇਸ ਆਫ਼ਤ ਕਾਰਨ ਜਾਨ ਮਾਲ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਹਾਲਾਤ ਨੂੰ ਦੇਖਦਿਆਂ ਐੱਸਡੀਐੱਮ ਦੁਧਨਸਾਧਾਂ ਕ੍ਰਿਪਾਲਵੀਰ ਸਿੰਘ ਇਲਾਕੇ ਵਿੱਚ ਪਹੁੰਚੇ, ਜਨਿ੍ਹਾਂ ਨੇ ਪਟਿਆਲਾ-ਦੇਵੀਗੜ੍ਹ-ਪਹੇਵਾ ਰਾਜ ਮਾਰਗ ਨੂੰ ਹਰਿਆਣਾ ਸਰਕਾਰ ਨਾਲ ਤਾਲ ਮੇਲ ਕਰ ਕੇ ਬੰਦ ਕਰਵਾਇਆ, ਕਿਉਂਕਿ ਪਿੰਡ ਰੌਹੜ ਜਾਗੀਰ ਨੇੜਿਓਂ ਮੁੱਖ ਮਾਰਗ ਵਿੱਚ ਬਣੀ ਪੁਲੀ ਅਤੇ ਸੜਕ ’ਚ ਤਰੇੜਾਂ ਪੈ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੇ ਹਾਲਾਤ ਨੂੰ ਦੇਖਦਿਆਂ ਉੱਚੀਆਂ ਥਾਵਾਂ ’ਤੇ ਚਲੇ ਜਾਣ ਤਾਂ ਕਿ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ। ਇਸ ਦੌਰਾਨ ਇਲਾਕਾ ਨਿਵਾਸੀਆਂ ਵਲੋਂ ਪ੍ਰਸ਼ਾਸਨ ਦੀ ਸਹਾਇਤਾਂ ਨਾਲ ਟਾਂਗਰੀ ਦੇ ਪਾੜਾਂ ਨੂੰ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਉਹ ਸਾਰੇ ਯਤਨ ਪਾਣੀ ਦਾ ਵਹਾਅ ਤੇਜ਼ ਹੋਣ ਕਰ ਕੇ ਅਜੇ ਫੇਲ੍ਹ ਸਾਬਤ ਹੋ ਰਹੇ ਹਨ।
ਇਸੇ ਤਰ੍ਹਾਂ ਸਬ-ਡਿਵੀਜ਼ਨ ਦੁੱਧਣ ਸਾਧਾਂ ਦੇ ਦਰਜਨਾਂ ਪਿੰਡਾਂ ਦੀਆਂ ਸੜਕਾਂ ’ਤੇ ਪਾਣੀ ਦਾ ਪੱਧਰ ਵਧਣ ਕਾਰਨ ਕਸਬਾ ਦੇਵੀਗੜ੍ਹ ਨਾਲੋਂ ਸੰਪਰਕ ਟੁੱਟ ਗਿਆ ਹੈ। ਇਸ ਖੇਤਰ ਦੇ ਪਿੰਡਾਂ ਦੀਆਂ ਸੜਕਾਂ ਉੱਤੇ ਪਾਣੀ ਦੀ ਨਿਕਾਸੀ ਲਈ ਵੱਡੀ ਮਾਤਰਾ ਵਿੱਚ ਸੈਂਫਲ ਬਣੇ ਹੋਏ ਹਨ ਇਨ੍ਹਾਂ ਵਿੱਚ ਪਾਣੀ ਦਾ ਪੱਧਰ ਪੰਜ ਫੁੱਟ ਤੱਕ ਹੋ ਗਿਆ ਹੈ ਜਿਸ ਕਾਰਨ ਆਵਾਜਾਈ ਠੱਪ ਹੋ ਗਈ ਹੈ।
ਸ਼ੁਤਰਾਣਾ ’ਚ ਘੱਗਰ, ਮੋਮੀਆਂ ਤੇ ਸਾਗਰਾ ਨੇ ਮਚਾਈ ਤਬਾਹੀ
ਪਾਤੜਾਂ (ਪੱਤਰ ਪ੍ਰੇਰਕ): ਘੱਗਰ ਦੇ ਕਈ ਥਾਵਾਂ ਤੋਂ ਉਛਲਣ ਕਾਰਨ ਹਲਕਾ ਸ਼ੁਤਰਾਣਾ ਵਿਚ ਵੀ ਤਬਾਹੀ ਸ਼ੁਰੂ ਹੋ ਗਈ ਹੈ। ਘੱਗਰ ਸਣੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਈ ਮੋਮੀਆਂ ਡਰੇਨ, ਹਰਿਆਣਾ ਦੀ ਮੁਸ਼ਤਫਾਪੁਰ ਝੀਲ ਤੋਂ ਆਉਣ ਵਾਲਾ ਪਾਣੀ ਕਿਸਾਨਾਂ ਲਈ ਆਫ਼ਤ ਬਣ ਗਿਆ ਹੈ। ਪਿੰਡ ਹਰਚੰਦਪੁਰਾ ਨੇੜੇ ਘੱਗਰ, ਸਾਗਰਾ ਪਾੜਾ ਵਿੱਚੋਂ ਨਿਕਲੇ ਪਾਣੀ ਨਾਲ ਹਲਕੇ ਦੇ ਦਰਜਨਾਂ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਪ੍ਰਸ਼ਾਸਨ ਵੱਲੋਂ ਭਾਖੜਾ ਮੇਨ ਲਾਈਨ ਦੀ ਆਰਡੀ 460 ਜੋ ਘੱਗਰ ਦਰਿਆ ਨਹਿਰ ਹੇਠੋਂ ਲੰਘਦਾ ਹੈ, ਦੇ ਪੁਲ ਥੱਲੇ ਫਸੀ ਬੂਟੀ ਕੱਢਣ ਦਾ ਕੰਮ ਜਾਰੀ ਹੈ। ਘੱਗਰ ਦੀਆਂ ਨਾਜ਼ੁਕ ਥਾਵਾਂ ਨੂੰ ਮਜ਼ਬੂਤ ਕਰਨ ਲਈ ਲੋਕਾਂ ਨੂੰ ਥੈਲੇ ਮੁਹੱਈਆ ਕਰਵਾਏ ਜਾ ਰਹੇ ਹਨ।