ਕੁਰਾਲੀ ਇਲਾਕੇ ਦੇ ਕਈ ਪਿੰਡਾਂ ’ਚ ਬਰਸਾਤੀ ਪਾਣੀ ਵੜਿਆ
ਮਿਹਰ ਸਿੰਘ
ਕੁਰਾਲੀ, 9 ਜੁਲਾਈ
ਭਾਰੀ ਬਾਰਿਸ਼ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਆਏ ਤੇਜ਼ ਪਾਣੀ ਨੇ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਕਰ ਦਿੱਤੀ। ਇਲਾਕੇ ਦੇ ਅਨੇਕਾਂ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਅਤੇ ਕਈ ਸੜਕਾਂ ਪਾਣੀ ਵਿੱਚ ਰੁੜ ਗਈਆਂ। ਸ਼ਹਿਰ ਦੀ ਸਿੱਸਵਾਂ ਨਦੀ ਦੇ ਕੰਢੇ ਵਸੀਆਂ ਬਾਰਾਂ ਪਿੰਡੀਂ ਮੰਦਰ ਕਲੋਨੀ ਅਤੇ ਸੀਸਵਾਂ ਰੋਡ ਦੀ ਡਬਲਿਊਡਬਲਿਊਆਈਸਸੀ ਕਲੋਨੀ ਵਿੱਚ ਨਦੀ ਦਾ ਤੇਜ਼ ਪਾਣੀ ਦਾਖ਼ਲ ਹੋ ਗਿਆ। ਇਸ ਦੌਰਾਨ ਕਈ ਘਰ ਨਦੀ ਦੇ ਤੇਜ਼ ਵਹਾਅ ਵਾਲੇ ਪਾਣੀ ਵਿੱਚ ਘਿਰ ਗਏ। ਦੋ ਘਰਾਂ ਵਿੱਚ ਰਹਿੰਦੇ 14 ਜਣੇ ਇਸ ਪਾਣੀ ਵਿੱਚ ਘਿਰ ਗਏ ਜਿਨ੍ਹਾਂ ਕੋਠੇ ’ਤੇ ਚੜ੍ਹ ਕੇ ਲੋਕਾਂ ਤੋਂ ਮਦਦ ਕੀਤੀ। ਇਸ ਸਬੰਧੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ, ਪਰ ਨੌਜਵਾਨ ਤੇ ਸਮਾਜ ਸੇਵੀ ਗੁਰਸ਼ਰਨ ਸਿੰਘ ਬਿੰਦਰਖੀਆ ਦੀ ਅਗਵਾਈ ਹੇਠ ਨੌਜਵਾਨਾਂ ਦੀ ਟੀਮ ਨੇ ਦੁਸਾਰਨਾ ਪਿੰਡ ਵਾਲੇ ਪਾਸਿਓਂ ਨਦੀ ਵਿੱਚ ਦਾਖ਼ਲ ਹੋ ਕੇ ਦੋ ਪਰਿਵਾਰਾਂ ਦੇ 14 ਮੈਂਬਰਾਂ ਨੂੰ ਬਾਹਰ ਕੱਢਿਆ ਅਤੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ।
ਅੱਜ ਹੋਈ ਬਾਰਿਸ਼ ਕਰਨ ਸ਼ਹਿਰ ਪੂਰੀ ਤਰ੍ਹਾਂ ਜਲ-ਥਲ ਹੋ ਗਿਆ ਅਤੇ ਸ਼ਹਿਰ ਦੇ ਸਾਰੇ ਹਿੱਸਿਆਂ ਵਿੱਚ ਕਈ ਕਈ ਫੁੱਟ ਪਾਣੀ ਭਰ ਗਿਆ। ਸ਼ਹਿਰ ਵਿੱਚੋਂ ਲੰਘਦੀ ਕੌਮੀ ਮਾਰਗ ’ਤੇ ਹੋਰ ਸੜਕਾਂ ਨਦੀ ਦਾ ਰੂਪ ਧਾਰਨ ਕਰ ਗਈਆਂ ਜਦਕਿ ਪਹਾੜੀ ਖੇਤਰ ਤੋਂ ਆਇਆ ਨਦੀ ਦਾ ਪਾਣੀ ਵਾਰਡ ਨੰਬਰ 9 ਅਤੇ 10 ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ। ਸੈਂਕੜੇ ਦੁਕਾਨਾਂ ਤੇ ਘਰ ਕਈ-ਕਈ ਫੁੱਟ ਪਾਣੀ ਵਿੱਚ ਡੁੱਬੇ ਹੋਏ ਹਨ। ਬਿਜਲੀ-ਪਾਣੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਜਦਕਿ ਕਈ ਪਿੰਡਾਂ ਦੀਆਂ ਲਿੰਕ ਸੜਕਾਂ ਵੀ ਟੁੱਟ ਗਈਆਂ। ਸਿੰਘਪੁਰਾ ਪਿੰਡ ਵਿੱਚ ਵੀ ਬਰਸਾਤੀ ਪਾਣੀ ਨੇ ਕਾਫ਼ੀ ਨੁਕਸਾਨ ਕੀਤਾ ਹੈ।