ਮਾਲਵੇ ਦੇ ਕਈ ਪਿੰਡ ਨਹਿਰੀ ਪਾਣੀ ਨੂੰ ਤਰਸੇ
ਜੋਗਿੰਦਰ ਸਿੰਘ ਮਾਨ
ਮਾਨਸਾ, 2 ਜੁਲਾਈ
ਮਾਲਵਾ ਖੇਤਰ ਦੇ ਵੱਡੀ ਗਿਣਤੀ ਖੇਤਾਂ ਨੂੰ ਲੋਡ਼ ਅਨੁਸਾਰ ਨਹਿਰੀ ਪਾਣੀ ਨਹੀਂ ਮਿਲ ਰਿਹਾ। ਭਾਵੇਂ ਵੱਖ-ਵੱਖ ਹਕੂਮਤਾਂ ਵੱਲੋਂ ਟੇਲਾਂ ’ਤੇ ਪਾਣੀ ਪਹੁੰਚਾਉਣ ਅਤੇ ਪੂਰਾ ਨਹਿਰੀ ਪਾਣੀ ਦੇਣ ਦੇ ਤਿੰਨ ਦਹਾਕਿਆਂ ਤੋਂ ਦਾਅਵੇ ਕੀਤੇ ਜਾ ਰਹੇ ਹਨ ਪਰ ਮਾਲਵਾ ਖੇਤਰ ਦੇ ਕਈ ਪਿੰਡਾਂ ਦੇ ਖੇਤ ਨਹਿਰੀ ਪਾਣੀ ਨੂੰ ਤਰਸ ਰਹੇ ਹਨ।
ਬੁਢਲਾਡਾ ਤਹਿਸੀਲ ’ਚ ਪੈਂਦੇ ਪਿੰਡ ਦਿਆਲਪੁਰਾ ਅਤੇ ਇਸ ਦੇ ਨਾਲ ਲੱਗਦੇ ਮੱਲ ਸਿੰਘ ਵਾਲਾ ਪਿੰਡ ਸਾਢੇ ਤਿੰਨ ਦਹਾਕਿਆਂ ਤੋਂ ਨਹਿਰੀ ਪਾਣੀ ਲਈ ਤਰਸੇ ਰਹੇ ਹਨ। ਇਸੇ ਤਰ੍ਹਾਂ ਗੁਰਨੇ ਕਲਾਂ, ਗੁਰਨੇ ਖੁਰਦ, ਹਸਨਪੁਰ, ਬੋੜਾਵਾਲ, ਫਫੜੇ ਭਾਈਕੇ, ਵਰ੍ਹੇ, ਪਿਪਲੀਆ, ਅਹਿਮਦਪੁਰ, ਮਘਾਣੀਆ ਆਦਿ ਪਿੰਡਾਂ ਵਿੱਚ ਨਹਿਰੀ ਖਾਲ ਚਾਲੂ ਹਾਲਤ ਵਿੱਚ ਨਹੀਂ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬੁਢਲਾਡਾ ਬਲਾਕ ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਦਰਜਨਾਂ ਅਜਿਹੇ ਪਿੰਡ ਹਨ, ਜਿੱਥੇ ਨਹਿਰੀ ਖਾਲ ਅਜੇ ਵੀ ਨਾਂ-ਮਾਤਰ ਹਨ ਅਤੇ ਕਈ ਪਿੰਡਾਂ ਵਿੱਚ ਨਹਿਰੀ ਖਾਲ ਚਾਲੂ ਹਾਲਤ ਵਿਚ ਨਹੀਂ ਹਨ। ਇਸੇ ਤਰ੍ਹਾਂ ਪਿੰਡ ਦਿਆਲਪੁਰਾ ਨੂੰ ਭਾਵੇਂ ਕਾਗਜ਼ਾਂ ਵਿੱਚ ਕਿਸ਼ਨਗੜ੍ਹ ਮਾਈਨਰ ’ਚੋਂ ਤਿੰਨ ਮੋਘੇ ਲੱਗੇ ਹੋਏ ਹਨ ਪਰ ਇਨ੍ਹਾਂ ਮੋਘਿਆਂ ’ਤੇ ਬਣੇ ਪੱਕੇ ਖਾਲ ਪਾਣੀ ਨਾ ਆਉਣ ਕਾਰਨ ਟੁੱਟ ਗਏ ਹਨ, ਜਿਨ੍ਹਾਂ ਦਾ ਨਾਮ-ਨਿਸ਼ਾਨ ਮੁੱਕ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਕਾਮਰੇਡ ਛੱਜੂ ਸਿੰਘ ਦਿਆਲਪੁਰਾ ਤੇ ਪਿੰਡ ਦੀ ਮੌਜੂਦਾ ਮਹਿਲਾ ਸਰਪੰਚ ਦੇ ਪਤੀ ਸਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜ਼ਮੀਨ ਹੇਠਲਾ ਪਾਣੀ ਐਨਾ ਮਾੜਾ ਹੈ ਕਿ ਜੇ ਲਗਾਤਾਰ ਖੇਤ ਨੂੰ ਦੋ ਵਾਰ ਲਾ ਦੇਈਏ ਤਾਂ ਉਹ ਖੇਤ ਕੱਲਰ ਹੋ ਜਾਂਦਾ ਹੈ ਅਤੇ ਪਾਣੀ ਸਾਢੇ ਸੱਤ ਸੌ ਫੁੱਟ ’ਤੇ ਚੰਗਾ ਹੈ ਜਿਸ ਲਈ ਆਮ ਬੰਦਾ ਬੋਰ ਨਹੀਂ ਲਗਵਾ ਸਕਦਾ। ਸੀਪੀਆਈ (ਐਮ.ਐਲ) ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਸਿੰਘ ਨੱਤ ਦਾ ਕਹਿਣਾ ਹੈ ਕਿ ਸਰਕਾਰ ਨੂੰ ਟੇਲਾਂ ’ਤੇ ਪੈਂਦੇ ਦਿਆਲਪੁਰਾ ਤੇ ਮੱਲ ਸਿੰਘ ਵਾਲਾ ਵਰਗੇ ਸਾਰੇ ਪਿੰਡਾਂ ਦੀ ਨਹਿਰੀ ਪਾਣੀ ਦੀ ਸਮੱਸਿਆ ਨੂੰ ਪਹਿਲ ਦੇ ਅਾਧਾਰ ’ਤੇ ਹੱਲ ਕਰਨਾ ਚਾਹੀਦਾ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਪਿੰਡਾਂ ਵਿੱਚ ਖੇਤਾਂ ਤੱਕ ਪੂਰਾ ਪਾਣੀ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਵੀਆਂ ਸਕੀਮਾਂ ਤਹਿਤ ਖਾਲਾਂ, ਨਹਿਰਾਂ, ਸੂਏ-ਕੱਸੀਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ।