ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ’ਚ ਅੱਗ ਲੱਗਣ ਕਾਰਨ ਕਈ ਦਰੱਖ਼ਤ ਸੜੇ
ਰਵਿੰਦਰ ਰਵੀ
ਬਰਨਾਲਾ, 8 ਜਨਵਰੀ
ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਨੇੜੇ ਦਰੱਖ਼ਤਾਂ ਨੂੰ ਅੱਗ ਲੱਗ ਗਈ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਜੰਗਲਾਤ ਵਿਭਾਗ ਦਾ ਕੋਈ ਅਧਿਕਾਰੀ ਅਤੇ ਕੋਈ ਮੁਲਾਜ਼ਮ ਘਟਨਾ ਸਥਾਨ ’ਤੇ ਨਹੀਂ ਪੁੱਜਿਆ ਪਹੁੰਚਿਆ। ਅੱਗ ਲੱਗਣ ਕਾਰਨ ਕਈ ਦਰਖ਼ਤ ਸੜ ਗਏ। ਅੱਗ ਬਝਾਊ ਟੀਮ ਦੇ ਮੁਲਾਜ਼ਮਾਂ ਨੇ ਅੱਗ ਨੂੰ ਅੱਗੇ ਵਧਣ ਤੋਂ ਰੋਕਣ ਲਈ ਬਹੁਤ ਫੁਰਤੀ ਨਾਲ ਕੰਮ ਨੂੰ ਨੇਪਰੇ ਚਾੜ੍ਹਿਆ। ਪੁਲੀਸ ਨੇ ਟਰੈਫ਼ਿਕ ਨੂੰ ਰੋਕ ਕੇ ਰੱਖਿਆ। ਦੱਸਣਾ ਬਣਦਾ ਹੈ ਕਿ ਇਸ ਚੌਕ ਵਿਖੇ ਨਹਿਰੀ ਵਿਭਾਗ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਖਾਲ ਨੂੰ ਮੋੜਨ ਲਈ ਕੰਮ ਚਲਾਇਆ ਜਾ ਰਿਹਾ ਹੈ। ਨਹਿਰੀ ਵਿਭਾਗ ਵੱਲੋਂ ਸੜਕ ਦੀ ਪੁਟਾਈ ਕੀਤੀ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਪਹੁੰਚਣ ’ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਮੰਗ ਕਰਦਿਆਂ ਕਿਹਾ ਕਿ ਅੱਗ ਲੱਗਣ ਦੀ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਸੇ ਵੱਲੋਂ ਜਾਣ-ਬੱਝ ਕੇ ਦਰੱਖ਼ਤਾਂ ਨੂੰ ਅੱਗ ਤਾਂ ਨਹੀਂ ਲਗਾਈ ਗਈ।