ਸਰਕਾਰੀ ਕਾਲਜਾਂ ’ਚ ਦਾਖ਼ਲੇ ਲਈ ਸੀਟਾਂ ਦੇ ਮੁਕਾਬਲੇ ਕਈ ਗੁਣਾ ਵੱਧ ਫਾਰਮ ਪੁੱਜੇ
ਸਤਵਿੰਦਰ ਬਸਰਾ
ਲੁਧਿਆਣਾ, 23 ਜੂਨ
ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਸਕੂਲਾਂ ਵਿੱਚ ਇਸ ਵਾਰ ਵੱਖ-ਵੱਖ ਵਿਸ਼ਿਆਂ ਦੀ ਪੜ੍ਹਾਈ ਲਈ ਰਾਖਵੀਆਂ ਸੀਟਾਂ ਦੇ ਮੁਕਾਬਲੇ ਕਈ ਗੁਣਾ ਵੱਧ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇੱਥੋਂ ਦੇ ਸਰਕਾਰੀ ਕਾਲਜ ਲੜਕੀਆਂ ਵਿੱਚ ਬੀ.ਕਾਮ ਪਹਿਲਾ ਸਾਲ ਦੀਆਂ ਕੁੱਲ 140 ਸੀਟਾਂ ਦੇ ਮੁਕਾਬਲੇ 1169 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਆਨਲਾਈਨ ਦਾਖ਼ਲਾ ਪੋਰਟਲ ’ਤੇ 25 ਜੂਨ ਤੱਕ ਫਾਰਮ ਭਰੇ ਜਾ ਸਕਦੇ ਹਨ। ਸਕੂਲੀ ਪੜ੍ਹਾਈ ਭਾਵੇਂ ਵਿਦਿਆਰਥੀਆਂ ਨੇ ਕਿਸੇ ਵੀ ਪ੍ਰਾਈਵੇਟ ਸਕੂਲ ਵਿੱਚ ਕੀਤੀ ਹੋਵੇ, ਪਰ ਉਚੇਰੀ ਪੜ੍ਹਾਈ ਲਈ ਉਨ੍ਹਾਂ ਦੀ ਪਹਿਲੀ ਪਸੰਦ ਸਰਕਾਰੀ ਕਾਲਜਾਂ ਵਿੱਚ ਦਾਖ਼ਲਾ ਲੈਣਾ ਹੀ ਹੁੰਦੀ ਹੈ। ਇਸ ਦਾ ਅੰਦਾਜ਼ਾ ਹਰ ਸਾਲ ਵੱਖ-ਵੱਖ ਵਿਸ਼ਿਆਂ ਦੀਆਂ ਸੀਟਾਂ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਤੋਂ ਆਸਾਨੀ ਨਾਲ ਲਾਇਆ ਜਾ ਸਕਦਾ ਹੈ। ਇਸ ਵਾਰ ਵੀ ਸਰਕਾਰੀ ਕਾਲਜ ਲੜਕੀਆਂ ਵਿੱਚ ਦਾਖ਼ਲਿਆਂ ਸਬੰਧੀ ਵਿਦਿਆਰਥੀਆਂ ਵਿੱਚ ਵੱਧ ਰੁਝਾਨ ਦੇਖਣ ਨੂੰ ਮਿਲਿਆ ਹੈ। ਕਾਲਜ ਦੀ ਪ੍ਰਿੰਸੀਪਲ ਸੁਮਨ ਲਤਾ ਅਨੁਸਾਰ ਬੀ.ਐੱਸਸੀ ਮੈਡੀਕਲ ਵਿੱਚ ਕੁੱਲ 120 ਸੀਟਾਂ ਹਨ ਜਦਕਿ ਸ਼ਨਿੱਚਰਵਾਰ ਤੱਕ 202 ਵਿਦਿਆਰਥੀਆਂ ਨੇ ਆਪਣੇ ਨਾਮ ਰਜਿਸਟਰ ਕਰਵਾ ਦਿੱਤੇ ਸਨ। ਇਸੇ ਤਰ੍ਹਾਂ ਬੀ.ਕਾਮ ਦੀਆਂ 140 ਸੀਟਾਂ ਲਈ ਸਭ ਤੋਂ ਵੱਧ 1169 ਵਿਦਿਆਰਥੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਸ ਤੋਂ ਇਲਾਵਾ ਬੀ.ਏ. ਪਹਿਲਾ ਸਾਲ ਦੀਆਂ 630 ਸੀਟਾਂ ਲਈ 1002 ਵਿਦਿਆਰਥੀਆਂ ਜਦਕਿ ਬੀ.ਐੱਸਸੀ ਨਾਨ-ਮੈਡੀਕਲ ਦੇ ਪਹਿਲੇ ਸਾਲ ਦੀਆਂ 160 ਸੀਟਾਂ ਲਈ 222 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਪ੍ਰਿੰ. ਸੁਮਨ ਲਤਾ ਨੇ ਦੱਸਿਆ ਕਿ ਵਿਦੇਸ਼ਾਂ ’ਚ ਪੜ੍ਹਾਈ ਮਹਿੰਗੀ ਹੋਣ ਕਰਕੇ ਆਉਂਦੇ ਸਾਲਾਂ ਵਿੱਚ ਪੰਜਾਬ ਦੇ ਕਾਲਜਾਂ ’ਚ ਵਿਦਿਆਰਥੀਆਂ ਦੀ ਗਿਣਤੀ ਹੋਰ ਵਧਣ ਦੀ ਉਮੀਦ ਹੈ।
ਇਸੇ ਤਰ੍ਹਾਂ ਸਰਕਾਰੀ ਕਾਲਜ ਲੁਧਿਆਣਾ (ਈਸਟ) ਦੇ ਪ੍ਰਿੰਸੀਪਲ ਦੀਪਕ ਕੁਮਾਰ ਚੋਪੜਾ ਨੇ ਦੱਸਿਆ ਕਿ ਬੀ.ਏ. ਪਹਿਲਾ ਸਾਲ ਦੀਆਂ 250 ਸੀਟਾਂ ਲਈ 200 ਦੇ ਕਰੀਬ ਵਿਦਿਆਰਥੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਜਦਕਿ ਬੀ.ਕਾਮ ਦੀਆਂ 70 ਸੀਟਾਂ ਲਈ ਦੁੱਗਣੇ ਤੋਂ ਵੀ ਵੱਧ 170 ਵਿਦਿਆਰਥੀ ਸ਼ਨਿੱਚਰਵਾਰ ਤੱਕ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਗਿਣਤੀ ਆਖ਼ਰੀ ਮਿਤੀ 25 ਜੂਨ ਤੱਕ ਹੋਰ ਵਧ ਜਾਣ ਦੀ ਉਮੀਦ ਹੈ। ਇਨ੍ਹਾਂ ਤੋਂ ਇਲਾਵਾ ਐੱਸਸੀਡੀ ਸਰਕਾਰੀ ਕਾਲਜ ਵਿੱਚ ਵੀ ਦਾਖ਼ਲਿਆਂ ਲਈ ਮੈਰਿਟ ਸੂਚੀ ਬਹੁਤ ਉੱਪਰ ਜਾਣ ਦੀ ਉਮੀਦ ਹੈ।