For the best experience, open
https://m.punjabitribuneonline.com
on your mobile browser.
Advertisement

ਫਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਕਾਰਨ ਕਈ ਦੁਕਾਨਾਂ ਸੜੀਆਂ

08:37 AM Jan 31, 2024 IST
ਫਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਕਾਰਨ ਕਈ ਦੁਕਾਨਾਂ ਸੜੀਆਂ
ਅੱਗ ਬੁਝਾਉਣ ਦਾ ਯਤਨ ਕਰਦੇ ਹੋਏ ਫਾਇਰ ਬ੍ਰਿਗੇਡ ਦੇ ਕਾਮੇ। ਫੋਟੋ: ਨਿਤਿਨ ਮਿੱਤਲ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 30 ਜਨਵਰੀ
ਚੰਡੀਗੜ੍ਹ-ਮੁਹਾਲੀ ਦੀ ਸਰਹੱਦ ’ਤੇ ਪੈਂਦੀ ਸੈਕਟਰ 53/54 ਵਾਲੀ ਸੜਕ ’ਤੇ ਸਥਿਤ ਫਰਨੀਚਰ ਮਾਰਕੀਟ ਵਿੱਚ ਅੱਜ ਸਵੇਰ ਸਮੇਂ ਭਿਆਨਕ ਅੱਗ ਲੱਗ ਗਈ ਜਿਸ ਕਰਕੇ ਡੇਢ ਦਰਜਨ ਦੇ ਕਰੀਬ ਦੁਕਾਨਾਂ ਅੱਗ ਦੀ ਭੇਟ ਚੜ੍ਹ ਗਈਆਂ। ਇਸ ਦੌਰਾਨ ਦੁਕਾਨਾਂ ਵਿੱਚ ਪਿਆ ਸਾਰਾ ਫਰਨੀਚਰ ਤੇ ਹੋਰ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ ਹੈ। ਇਸ ਦੌਰਾਨ ਕਿਸੇ ਵੀ ਕਿਸਮ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਪਰ ਡੇਢ ਦਰਜਨ ਦੇ ਕਰੀਬ ਦੁਕਾਨਾਂ ਦੇ ਸੁਆਹ ਹੋਣ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਫਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਦੇ ਕਰੀਬ ਫਰਨੀਚਰ ਮਾਰਕੀਟ ਵਿੱਚ ਅੱਗ ਲੱਗ ਗਈ ਸੀ। ਮਾਰਕੀਟ ਵਿੱਚ ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਦੁਕਾਨਦਾਰਾਂ ਤੇ ਉੱਥੇ ਕੰਮ ਕਰਨ ਵਾਲਿਆਂ ਵਿੱਚ ਭਗਦੜ ਮਚ ਗਈ ਤੇ ਹਰੇਕ ਦੁਕਾਨਦਾਰ ਵੱਲੋਂ ਆਪਣੀ ਦੁਕਾਨ ਦਾ ਸਾਮਾਨ ਬਚਾਉਣ ਲਈ ਸਾਮਾਨ ਨੂੰ ਬਾਹਰ ਸੜਕ ’ਤੇ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅੱਗ ਦੇ ਤੇਜ਼ੀ ਨਾਲ ਅੱਗੇ ਵਧਣ ਕਾਰਨ ਦੁਕਾਨਾਂ ਵਿੱਚ ਪਿਆ ਲੱਖਾਂ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਫਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਚੰਡੀਗੜ੍ਹ ਪੁਲੀਸ ਦੀਆਂ ਟੀਮਾਂ ਪਹੁੰਚ ਗਈਆਂ। ਫਾਇਰ ਬ੍ਰਿਗੇਡ ਦੀਆਂ ਅੱਧਾ ਦਰਜਨ ਤੋਂ ਵੱਧ ਗੱਡੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਹਾਲਾਂਕਿ ਦੇਰ ਸ਼ਾਮ ਤੱਕ ਫਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਬਾਰੇ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਵੀ ਸ਼ਨਾਖਤ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਜ਼ਿਕਰਯੋਗ ਹੈ ਕਿ ਫਰਨੀਚਰ ਮਾਰਕੀਟ ਵਿੱਚ ਪਹਿਲਾਂ ਵੀ ਕਈ ਵਾਰ ਅੱਗ ਲੱਗ ਚੁੱਕੀ ਹੈ।

Advertisement

ਭੀੜ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਕਰਨੀ ਪਈ ਜੱਦੋ-ਜਹਿਦ

ਸੈਕਟਰ 53/54 ਵਾਲੀ ਸੜਕ ’ਤੇ ਸਥਿਤ ਫਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਉੱਥੋਂ ਰਾਹਗੀਰ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਤਮਾਸ਼ਬੀਨ ਬਣੇ ਹੋਏ ਸਨ। ਲੋਕਾਂ ਦੀ ਭੀੜ ਕਰਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਘਟਨਾ ਵਾਲੀ ਥਾਂ ’ਤੇ ਪਹੁੰਚਣ ਵਿੱਚ ਭਾਰੀ ਜੱਦੋ-ਜਹਿਦ ਕਰਨੀ ਪਈ। ਇਸ ਦੌਰਾਨ ਜਿੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਰਾਹ ਨਹੀਂ ਮਿਲ ਰਿਹਾ ਸੀ। ਦੂਜੇ ਪਾਸੇ ਦੁਕਾਨਦਾਰਾਂ ਨੂੰ ਵੀ ਆਪਣਾ ਸਾਮਾਨ ਦੁਕਾਨਾਂ ਤੋਂ ਬਾਹਰ ਕੱਢ ਕੇ ਰੱਖਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Advertisement
Author Image

sukhwinder singh

View all posts

Advertisement
Advertisement
×