ਕਈ ਸਕੂਲਾਂ ਦਾ ਮੀਂਹ ਦੇ ਪਾਣੀ ਨੇ ਰੋਕਿਆ ਰਾਹ ਤੇ ਕਈਆਂ ’ਚ ਲੱਗੀਆਂ ਰੌਣਕਾਂ
ਦਰਸ਼ਨ ਸਿੰਘ ਸੋਢੀ/ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ/ਬਨੂੜ, 17 ਜੁਲਾਈ
ਜ਼ਿਲ੍ਹਾ ਸਾਹਬਿਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਅੱਜ ਜਿੱਥੇ ਮੀਂਹ ਦੇ ਪਾਣੀ ਕਾਰਨ ਕਈ ਸਕੂਲਾਂ ਤੱਕ ਪਹੁੰਚਣਾ ਵਿਦਿਆਰਥੀਆਂ ਲਈ ਮੁਸ਼ਕਲ ਹੋਇਆ ਪਿਆ ਸੀ ਉੱਥੇਹੀ ਕਈ ਸਕੂਲਾਂ ਵਿੱਚ ਭਰਵੀਂ ਹਾਜ਼ਰੀ ਨਾਲ ਰੌਣਕਾਂ ਪਰਤ ਆਈਆਂ ਹਨ। ਬਨੂੜ ਨੇੜਲੇ ਪਿੰਡ ਮੋਹੀ ਕਲਾਂ ਤੋਂ ਮੋਹੀ ਖੁਰਦ ਨੂੰ ਜਾਂਦੀ ਲਿੰਕ ਸੜਕ ਵਿਚਾਲੇ ਪਏ ਬਾਰਿਸ਼ ਦੇ ਪਾਣੀ ਨਾਲ ਪਏ ਡੂੰਘੇ ਪਾੜ ਕਰਨ ਸਕੂਲੀ ਬੱਚੇ ਜਾਨ ਜੋਖ਼ਿਮ ਵਿੱਚ ਪਾ ਕੇ ਆਪਣੇ ਸਾਈਕਲ ਲੰਘਾ ਰਹੇ ਹਨ। ਇਸ ਪਾੜ ਕਾਰਨ ਤਕਰੀਬਨ ਅੱਧੀ ਦਰਜਨ ਪਿੰਡਾਂ ਦਾ ਲਾਂਘਾ ਬੰਦ ਪਿਆ ਹੈ।
ਪਿੰਡ ਮੋਹੀ ਖੁਰਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਮੋਹੀ ਕਲਾਂ, ਖੇੜੀ ਗੁਰਨਾ, ਘੜਾਮਾਂ ਕਲਾਂ ਅਤੇ ਘੜਾਮਾਂ ਖੁਰਦ ਦੇ ਬੱਚੇ ਇਸੇ ਸੜਕ ਰਾਹੀਂ ਪੜ੍ਹਨ ਆਉਂਦੇ ਹਨ। ਸਾਈਕਲਾਂ ਉੱਤੇ ਆਉਂਦੇ ਇਨ੍ਹਾਂ ਬੱਚਿਆਂ ਨੂੰ ਸੜਕੀ ਪਾੜ ਵਿੱਚ ਬਣਾਈ ਹੋਈ ਦੋ-ਤਿੰਨ ਫੁੱਟ ਚੌੜੀ ਮਿੱਟੀ ਦੀ ਵੱਟ ਉੱਤੋਂ ਲੰਘਣਾ ਪੈਂਦਾ ਹੈ। ਇਸ ਵੱਟ ਅਤੇ ਪਾੜ ਦੇ ਆਲੇ-ਦੁਆਲੇ ਦੋਵੇਂ ਪਾਸੇ ਪਾਣੀ ਭਰਿਆ ਹੋਇਆ ਹੈ। ਬੱਚਿਆਂ ਦੇ ਮਾਪਿਆਂ ਨੇ ਖਦਸ਼ਾ ਪ੍ਰਗਟਾਇਆ ਕਿ ਇੱਥੇ ਹਾਦਸਾ ਵਾਪਰਨ ਦਾ ਡਰ ਹੈ ਤੇ ਸਾਈਕਲ ਥੋੜਾ ਜਿਹਾ ਬੇਕਾਬੂ ਹੋਣ ਨਾਲ ਪਾਣੀ ਵਿੱਚ ਡਿੱਗ ਸਕਦਾ ਹੈ।
ਇਨ੍ਹਾਂ ਪਿੰਡਾਂ ਦੇ ਵਸਨੀਕਾਂ ਅਮਰੀਕ ਸਿੰਘ ਸੂਰਜਗੜ੍ਹ, ਗੁਰਬਚਨ ਸਿੰਘ, ਰਾਜਿੰਦਰ ਸਿੰਘ ਅਤੇ ਭੋਲਾ ਸਿੰਘ ਨੇ ਦੱਸਿਆ ਕਿ ਇਸ ਪਾੜ ਸਬੰਧੀ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੇ ਜਾਣ ਦੇ ਬਾਵਜੂਦ ਹਾਲੇ ਤੱਕ ਪਾੜ ਨੂੰ ਪੂਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਨਿਾਂ ਕਿਸੇ ਦੇਰੀ ਤੋਂ ਇਸ ਪਾੜ ਨੂੰ ਪੂਰਿਆ ਜਾਵੇ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਪਿਛਲੀ ਦਨਿੀਂ ਭਾਰੀ ਬਾਰਸ਼ ਅਤੇ ਹੜ੍ਹਾਂ ਕਾਰਨ ਮਜਬੂਰੀ ਵੱਸ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਕਰਨੇ ਪੈ ਗਏ ਸੀ ਪਰ ਹਾਲਾਤ ਸੁਖਾਵੇਂ ਹੋਣ ਤੋਂ ਬਾਅਦ ਅੱਜ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਭਰਵੀਂ ਹਾਜ਼ਰੀ ਨਾਲ ਮੁੜ ਰੌਣਕਾਂ ਪਰਤ ਆਈਆਂ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਪਹਿਲੇ ਦਨਿ 70 ਫ਼ੀਸਦੀ ਤੋਂ ਵੱਧ ਹਾਜ਼ਰੀ ਦਰਜ ਕੀਤੀ ਗਈ ਹੈ, ਜਦੋਂਕਿ ਡੇਰਾਬੱਸੀ ਦੇ ਤਿੰਨ ਸਕੂਲ, ਜਨਿ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗਾਜ਼ੀਪੁਰ, ਨਗਲਾ ਅਤੇ ਭਾਂਖਰਪੁਰ ਸਕੂਲ ਸ਼ਾਮਲ ਹਨ, ਫਿਲਹਾਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਅਸ਼ਵਨੀ ਦੱਤਾ ਨੇ ਦੱਸਿਆ ਕਿ ਹੜ੍ਹਾਂ ਦੇ ਮੱਦੇਨਜ਼ਰ ਮੁਹਾਲੀ ਜ਼ਿਲ੍ਹੇ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਦੌਰਾ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਟੀਮਾਂ ਦੀ ਉਨ੍ਹਾਂ ਖ਼ੁਦ ਅਗਵਾਈ ਕਰਦਿਆਂ ਸਕੂਲਾਂ ਅਤੇ ਨੇੜਲੇ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਸਕੂਲ ਵਿੱਚ ਐਤਵਾਰ ਸ਼ਾਮ ਤੱਕ ਸਾਫ਼-ਸਫ਼ਾਈ ਕਰਵਾ ਕੇ ਅੱਜ ਸਕੂਲ ਖੋਲ੍ਹੇ ਗਏ ਹਨ। ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਰ ਪੱਖੋਂ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਵੀ ਸਕੂਲਾਂ ਦੇ ਦੌਰੇ ਕੀਤੇ। ਉਨ੍ਹਾਂ ਦੱਸਿਆ ਕਿ ਤਿੰਨ ਪ੍ਰਾਇਮਰੀ/ਮਿਡਲ ਸਕੂਲਾਂ ਵਿੱਚ ਸਮੱਸਿਆਵਾਂ ਹੋਣ ਕਾਰਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਅਗਲੇ ਹੁਕਮ ਤੱਕ ਸਕੂਲ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਸਕੂਲਾਂ ਵਿੱਚ ਸਫ਼ਾਈ ਅਤੇ ਪਾਣੀ ਦੀ ਨਿਕਾਸੀ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਡੇਰਾਬੱਸੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗਾਜ਼ੀਪੁਰ, ਨਗਲਾ ਅਤੇ ਭਾਂਖਰਪੁਰ ਦਾ ਉਨ੍ਹਾਂ ਵੱਲੋਂ ਖ਼ੁਦ ਦੌਰਾ ਕੀਤਾ ਗਿਆ, ਜਿੱਥੇ ਸਕੂਲ ਦੀਆਂ ਇਮਾਰਤਾਂ ਵਿਦਿਆਰਥੀਆਂ ਦੀ ਸੁਰੱਖਿਆ ਮੱਦੇਨਜ਼ਰ ਠੀਕ ਹਨ। ਇੰਜ ਹੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਪਰਮਿੰਦਰ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਦੇਸੂਮਾਜਰਾ ਅਤੇ ਝੂੰਗੀਆਂ ਦਾ ਦੌਰਾ ਕੀਤਾ ਅਤੇ ਇੱਥੇ ਵੀ ਹਾਲਾਤ ਵਿੱਦਿਅਕ ਮਾਹੌਲ ਲਈ ਸਾਜ਼ਗਾਰ ਸਨ। ਇਸੇ ਤਰ੍ਹਾਂ ਸਮੂਹ ਬੀਪੀਈਓਜ਼ ਨੇ ਵੀ ਆਪਣੇ ਬਲਾਕ ਅਧੀਨ ਆਉਂਦੇ ਸਕੂਲਾਂ ਦੇ ਦੌਰੇ ਕੀਤੇ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ।