ਕਿਸਾਨ ਸੰਘਰਸ਼ ਕਾਰਨ ਚੰਡੀਗੜ੍ਹ ਦੀਆਂ ਕਈ ਸੜਕਾਂ ’ਤੇ ਜਾਮ
ਆਤਿਸ਼ ਗੁਪਤਾ
ਚੰਡੀਗੜ੍ਹ, 2 ਸਤੰਬਰ
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਰਾਜਧਾਨੀ ਚੰਡੀਗੜ੍ਹ ਵਿੱਚ ਦੋ ਵੱਡੇ ਇਕੱਠ ਕੀਤੇ ਗਏ। ਇਸ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਟਰੈਕਟਰ, ਟਰਾਲੀਆਂ, ਬੱਸਾਂ ਤੇ ਕਾਰਾਂ ਵਿੱਚ ਚੰਡੀਗੜ੍ਹ ਪਹੁੰਚੇ। ਉਨ੍ਹਾਂ ਨੇ ਸੈਕਟਰ-34 ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀਤੀ ਮਹਾਪੰਚਾਇਤ ਅਤੇ ਬੀਕੇਯੂ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸੈਕਟਰ-34 ਦੇ ਦਸਹਿਰਾ ਗਰਾਊਂਡ ਵਿੱਚ ਖੇਤੀ ਨੀਤੀ ਸਬੰਧੀ ਲਾਏ ‘ਖੇਤੀ ਨੀਤੀ ਮੋਰਚਾ’ ਵਿੱਚ ਸ਼ਮੂਲੀਅਤ ਕੀਤੀ। ਸ਼ਹਿਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਕਾਰਨ ਸੜਕਾਂ ’ਤੇ ਜਾਮ ਲੱਗਿਆ ਰਿਹਾ। ਇਸ ਕਰ ਕੇ ਆਮ ਰਾਹਗੀਰਾਂ ਨੂੰ ਕਈ ਘੰਟੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਜਾਣਕਾਰੀ ਅਨੁਸਾਰ ਕਿਸਾਨ ਸੰਘਰਸ਼ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਚੰਡੀਗੜ੍ਹ ਦੇ ਸੈਕਟਰ-34 ਵਿੱਚ ਪਹੁੰਚੇ ਸਨ। ਇਸ ਕਾਰਨ ਚੰਡੀਗੜ੍ਹ ਤੇ ਮੁਹਾਲੀ ਨਾਲ ਲਗਦੇ ਸੈਕਟਰਾਂ ਵਿੱਚ ਸਵੇਰ ਤੋਂ ਹੀ ਟਰੈਫਿਕ ਜਾਮ ਹੋ ਗਈ ਸੀ, ਜੋ ਸ਼ਾਮ ਤੱਕ ਜਾਰੀ ਰਹੀ।
ਦੂਜੇ ਪਾਸੇ, ਬੀਕੇਯੂ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਬਾਅਦ ਦੁਪਹਿਰ ਸੈਕਟਰ-34 ਤੋਂ ਮਟਕਾ ਚੌਕ ਤੱਕ ਕੀਤੇ ਪੈਦਲ ਮਾਰਚ ਕਰ ਕੇ ਸ਼ਹਿਰ ਵਿੱਚ ਥਾਂ-ਥਾਂ ’ਤੇ ਆਵਾਜਾਈ ਠੱਪ ਹੋ ਗਈ। ਇਸ ਮੌਕੇ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਬਹਾਲੀ ਲਈ ਕਈ ਸੜਕਾਂ ’ਤੇ ਆਵਾਜਾਈ ਬੰਦ ਕਰ ਦਿੱਤੀ, ਜਿਸ ਕਾਰਨ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।
ਹਾਲਾਂਕਿ ਟਰੈਫਿਕ ਪੁਲੀਸ ਨੇ ਸੈਕਟਰ-34 ਦੇ ਗਰਾਊਂਡ ਵਿੱਚ ਕਿਸਾਨ ਸੰਘਰਸ਼ ਕਰ ਕੇ ਟਰੈਫਿਕ ਐਡਵਾਈਜ਼ਰੀ ਦੇਰ ਰਾਤ ਜਾਰੀ ਕਰ ਦਿੱਤੀ ਸੀ, ਪਰ ਪੈਦਲ ਮਾਰਚ ਦਾ ਲੋਕਾਂ ਨੂੰ ਪਤਾ ਨਾ ਹੋਣ ਕਰ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਦਾ ਵੱਡਾ ਕਾਫ਼ਲਾ ਸੈਕਟਰ-34 ਦੇ ਦਸਹਿਰਾ ਗਰਾਊਂਡ ਤੋਂ ਚੱਲ ਕੇ ਸੈਕਟਰ-20 ਤੇ 21 ਵਾਲੀ ਸੜਕ ਤੋਂ ਹੁੰਦਾ ਹੋਇਆ ਮੱਧ ਮਾਰਗ ’ਤੇ ਪਹੁੰਚਿਆ, ਜਿੱਥੋਂ ਉਸ ਨੇ ਮਟਕਾ ਚੌਕ ਤੱਕ ਪਹੁੰਚ ਕੀਤੀ। ਇਸ ਦੌਰਾਨ ਪੁਲੀਸ ਨੇ ਰਾਹ ਦੀਆਂ ਸਾਰੀਆਂ ਸੜਕਾਂ ਨੂੰ ਬੰਦ ਕਰ ਦਿੱਤਾ, ਜਿਸ ਕਰ ਕੇ ਲੋਕ ਕਈ-ਕਈ ਘੰਟੇ ਟਰੈਫਿਕ ਜਾਮ ਵਿੱਚ ਫਸੇ ਰਹੇ।
15 ਸਾਲਾਂ ਬਾਅਦ ਸ਼ਹਿਰ ਵਿੱਚ ਕਿਸਾਨਾਂ ਦਾ ਵੱਡਾ ਇਕੱਠ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਸ਼ਹਿਰ ਵਿੱਚ 15 ਸਾਲਾਂ ਬਾਅਦ ਕਿਸਾਨਾਂ ਦਾ ਇੰਨਾ ਵੱਡਾ ਇਕੱਠ ਹੋਇਆ ਹੈ। ਇਸ ਤੋਂ ਪਹਿਲਾਂ ਯੂਟੀ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸ਼ਹਿਰ ਵਿੱਚ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਨਹੀਂ ਸੀ ਦਿੱਤੀ ਜਾਂਦੀ। ਇਸ ਵਾਰ ਕਿਸਾਨਾਂ ਦੇ ਬਜ਼ਿੱਦ ਹੋਣ ਕਰ ਕੇ ਯੂਟੀ ਪ੍ਰਸ਼ਾਸਨ ਨੇ ਸੈਕਟਰ-34 ਗਰਾਊਂਡ ਵਿੱਚ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਚੰਡੀਗੜ੍ਹ ਪੁਲੀਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ
ਚੰਡੀਗੜ੍ਹ ਪੁਲੀਸ ਨੇ ਕਿਸਾਨੀ ਸੰਘਰਸ਼ ਦੇ ਚਲਦਿਆਂ ਸ਼ਹਿਰ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਇਸ ਦੌਰਾਨ ਚੰਡੀਗੜ੍ਹ ਪੁਲੀਸ ਦੇ ਨਾਲ-ਨਾਲ ਪੰਜਾਬ ਪੁਲੀਸ ਤੇ ਰੈਪਿਡ ਐਕਸ਼ਨ ਫੋਰਸ ਦੇ ਮੁਲਾਜ਼ਮਾਂ ਨੂੰ ਵੀ ਸ਼ਹਿਰ ਵਿੱਚ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਵੱਲੋਂ ਸੈਕਟਰ-34 ਵਿੱਚ ਚੌਕਸੀ ਰੱਖੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੌਕੇ ਦੋ ਹਜ਼ਾਰ ਦੇ ਕਰੀਬ ਸੁਰੱਖਿਆ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ।