ਇੰਟਰਨੈਸ਼ਨਲ ਸੰਤ ਸਮਾਜ ਦੀ ਮੀਟਿੰਗ ਦੌਰਾਨ ਕਈ ਮਤੇ ਪਾਸ
ਪੱਤਰ ਪ੍ਰੇਰਕ
ਫਿਲੌਰ, 19 ਮਈ
ਇੰਟਰਨੈਸ਼ਨਲ ਸੰਤ ਸਮਾਜ ਦੀ ਇੱਕ ਮੀਟਿੰਗ ਸੰਤ ਸ਼ਮਸ਼ੇਰ ਸਿੰਘ ਜਗੇੜਾ ਦੀ ਪ੍ਰਧਾਨਗੀ ਹੇਠ ਆਲੋਵਾਲ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਡੇਰਾ ਬਾਬਾ ਜਰਨੈਲ ਸਿੰਘ ਵਿੱਚ ਕਰਵਾਈ ਗਈ। ਇਸ ਮੀਟਿੰਗ ’ਚ ਵਿਚਾਰ ਚਰਚਾ ਕਰਨ ਉਪਰੰਤ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਾਂਗਰਸ ਦੇ ਰਾਜ ਵੇਲੇ ਖੰਨਾ ਦੇ ਐੱਸਐੱਸਪੀ ਸਮੇਤ ਹੋਰ ਸਿਆਸੀ ਆਗੂਆਂ ਦੀ ਸਰਪ੍ਰਸਤੀ ਹੇਠ ਨਸ਼ੇ ਵੇਚਣ ਦੀ ਜਾਂਚ ਕੀਤੀ ਜਾਵੇ। ਇੱਕ ਹੋਰ ਮਤੇ ਰਾਹੀਂ ਮੰਗ ਕੀਤੀ ਕਿ ਲੁਧਿਆਣਾ ਦੇ ਦੁੱਗਰੀ ਰੋਡ ਸਥਿਤ ਗੁਰਦੁਆਰਾ ਮਸਤੂਆਣਾ ਸਾਹਿਬ ਦਾ ਪ੍ਰਬੰਧ ਟਰੱਸਟ ਨੂੰ ਤੁਰੰਤ ਸੌਂਪਿਆ ਜਾਵੇ। ਇੱਕ ਹੋਰ ਮਤੇ ਰਾਹੀਂ ਮੰਗ ਕੀਤੀ ਕਿ 287 ਵਰਗ ਗਜ ਜ਼ਮੀਨ ਸਬੰਧੀ ਕੇਸ ਦਰਜ ਕਰ ਕੇ ਪੜਤਾਲ ਕੀਤੀ ਜਾਵੇ। ਇਸ ਤੋਂ ਬਿਨਾਂ ਮੀਟਿੰਗ ਦੌਰਾਨ ਬੇਅਦਬੀਆਂ, ਚੋਰੀ ਹੋਏ ਸਰੂਪ ਸਮੇਤ ਹੋਰਨਾ ਮਸਲਿਆਂ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆ ਮਤਾ ਪਾਸ ਕੀਤਾ ਕਿ ਹਾਈ ਕੋਰਟ ਦਾ ਮੌਜੂਦਾ ਜੱਜ ਇਸ ਦੀ ਪੜਤਾਲ ਕਰੇ। ਇਸ ਮੀਟਿੰਗ ਦੌਰਾਨ ਸੰਤ ਜਗੇੜਾ ਤੋਂ ਇਲਾਵਾ ਸਿੰਘ ਸਾਹਿਬ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਪਟਨਾ ਸਾਹਿਬ, ਸੰਤ ਸੁਖਵਿੰਦਰ ਸਿੰਘ ਜਨਰਲ ਸਕੱਤਰ ਇੰਟਰਨੈਸ਼ਨਲ ਸੰਤ ਸਮਾਜ, ਸੰਤ ਜਰਨੈਲ ਸਿੰਘ, ਮੁਫਤੀ ਸਾਹਿਬ ਮਲੇਰਕੋਟਲਾ, ਬਾਬਾ ਲਾਲ ਸਿੰਘ ਭੀਖੀ ਪ੍ਰਧਾਨ ਸੰਤ ਸਮਾਜ ਜ਼ਿਲ੍ਹਾ ਮਾਨਸਾ, ਬਾਬਾ ਸੁਰਿੰਦਰ ਸਿੰਘ ਹਾਜ਼ਰ ਸਨ।