ਪੰਚਾਇਤਾਂ ਦੇ ਬੁਨਿਆਦੀ ਢਾਂਚੇ ’ਚ ਸੁਧਾਰ ਲਈ ਕੇਂਦਰ ਵੱਲੋਂ ਕਈ ਤਜਵੀਜ਼ਾਂ ਮਨਜ਼ੂਰ
ਨਵੀਂ ਦਿੱਲੀ, 26 ਅਕਤੂਬਰ
ਪੰਚਾਇਤੀ ਰਾਜ ਮੰਤਰਾਲੇ ਨੇ ਦੇਸ਼ ਭਰ ’ਚ ਨਵੀਆਂ ਪੰਚਾਇਤ ਇਮਾਰਤਾਂ ਦੀ ਉਸਾਰੀ, ਰਿਸੋਰਸ ਸੈਂਟਰਾਂ ਅਤੇ ਮੌਜੂਦਾ ਢਾਂਚੇ ਨੂੰ ਅਪਗਰੇਡ ਕਰਨ ਲਈ ਕਈ ਤਜਵੀਜ਼ਾਂ ਨੂੰ ਪ੍ਰਵਾਨਗੀ ਦਿੱਤੀ ਹੈ। ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਇਨ੍ਹਾਂ ’ਚੋਂ ਤਜਵੀਜ਼ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕਿਆਂ ’ਚ ਕਰੀਬ 400 ਗ੍ਰਾਮ ਪੰਚਾਇਤ ਇਮਾਰਤਾਂ ਦੀ ਉਸਾਰੀ ਦੀ ਤਜਵੀਜ਼ ਵੀ ਸ਼ਾਮਲ ਹੈ। ਸੂਤਰ ਮੁਤਾਬਕ ਗ੍ਰਾਮ ਸਵਰਾਜ ਅਭਿਆਨ ਤਹਿਤ ਕੇਂਦਰੀ ਤਾਕਤੀ ਕਮੇਟੀ ਦੀ ਇਸ ਮਹੀਨੇ ਦੇ ਸ਼ੁਰੂ ’ਚ ਹੋਈ ਮੀਟਿੰਗ ਦੌਰਾਨ ਕਈ ਤਜਵੀਜ਼ਾਂ ’ਤੇ ਚਰਚਾ ਹੋਈ। ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਵਿਵੇਕ ਭਾਰਦਵਾਜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਬੁਨਿਆਦੀ ਢਾਂਚੇ ਦੇ ਕਈ ਮੁੱਦਿਆਂ ਅਤੇ ਪੰਚਾਇਤਾਂ ਦੀ ਸਿਖਲਾਈ ਬਾਰੇ ਵਿਚਾਰ ਵਟਾਂਦਰਾ ਹੋਇਆ। ਸੂਤਰ ਨੇ ਕਿਹਾ, ‘‘ਸਰਹੱਦੀ ਇਲਾਕਿਆਂ ਦੇ ਪਿੰਡਾਂ ’ਚ ਪੰਚਾਇਤਾਂ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੀ ਮੁਹਿੰਮ ਤਹਿਤ ਅਰੁਣਾਚਲ ਪ੍ਰਦੇਸ਼ ’ਚ 400 ਪੰਚਾਇਤ ਭਵਨਾਂ ਕਮ ਸਾਂਝ ਸੇਵਾ ਕੇਂਦਰਾਂ ਦੀ ਉਸਾਰੀ ਨੂੰ ਮੰਤਰਾਲੇ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ।’’ ਮੰਤਰਾਲੇ ਨੇ ਪੰਚਾਇਤ ਭਵਨਾਂ ਅਤੇ ਸਾਂਝ ਸੇਵਾ ਕੇਂਦਰਾਂ ਦੀ ਉਸਾਰੀ ਦੀ ਹਮਾਇਤ ਕੀਤੀ ਹੈ। ਮੰਤਰਾਲੇ ਨੇ ਜੰਮੂ ਕਸ਼ਮੀਰ ’ਚ 2024-25 ਦੌਰਾਨ 970 ਗ੍ਰਾਮ ਪੰਚਾਇਤ ਭਵਨਾਂ ਦੀ ਉਸਾਰੀ ਅਤੇ 1,606 ਸਾਂਝ ਸੇਵਾ ਕੇਂਦਰਾਂ ਦੀ ਸਥਾਪਨਾ ਦਾ ਪੱਖ ਪੂਰਿਆ ਹੈ। ਇਸ ਦੇ ਨਾਲ ਮਿਜ਼ੋਰਮ, ਮੇਘਾਲਿਆ, ਨਾਗਾਲੈਂਡ, ਅਸਾਮ ਅਤੇ ਮਨੀਪੁਰ ਸਮੇਤ ਉੱਤਰ-ਪੂਰਬ ਦੇ ਹੋਰ ਸੂਬਿਆਂ ’ਚ ਵੀ ਪੰਚਾਇਤੀ ਬੁਨਿਆਦੀ ਢਾਂਚੇ ਲਈ ਹਮਾਇਤ ਦਿੱਤੀ ਗਈ ਹੈ। ਉੱਤਰ-ਪੂਰਬੀ ਸੂਬਿਆਂ ਲਈ 1,633 ਗ੍ਰਾਮ ਪੰਚਾਇਤ ਭਵਨਾਂ ਅਤੇ 514 ਸਾਂਝ ਸੇਵਾ ਕੇਂਦਰਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ। -ਪੀਟੀਆਈ
ਪੰਜਾਬ ਸਣੇ ਹੋਰ ਸੂਬਿਆਂ ’ਚ ਪੰਚਾਇਤ ਭਵਨਾਂ ਦੀ ਉਸਾਰੀ ਨੂੰ ਪ੍ਰਵਾਨਗੀ
ਪੰਚਾਇਤੀ ਰਾਜ ਮੰਤਰਾਲੇ ਨੇ ਪੰਜਾਬ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ ਅਤੇ ਤਿਲੰਗਾਨਾਂ ਸਮੇਤ ਵੱਖ ਵੱਖ ਸੂਬਿਆਂ ’ਚ ਸਾਂਝ ਸੇਵਾ ਕੇਂਦਰਾਂ ਦੇ ਨਾਲ ਨਾਲ 3,301 ਗ੍ਰਾਮ ਪੰਚਾਇਤ ਭਵਨਾਂ ਦੀ ਉਸਾਰੀ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਇਸੇ ਦੇ ਨਾਲ ਗ੍ਰਾਮ ਪੰਚਾਇਤਾਂ ਲਈ 22,164 ਕੰਪਿਊਟਰ ਵੀ ਮਨਜ਼ੂਰ ਕੀਤੇ ਗਏ ਹਨ। ਸੂਬਿਆਂ ਅਤੇ ਜ਼ਿਲ੍ਹਾ ਪੱਧਰ ’ਤੇ ਪੰਚਾਇਤ ਰਿਸੋਰਸ ਸੈਂਟਰਾਂ ਨੂੰ ਆਧੁਨਿਕ ਬਣਾਉਣ ਲਈ ਇਹ ਫ਼ੈਸਲੇ ਲਏ ਗਏ ਹਨ। 25 ਸੂਬਿਆਂ ’ਚ ਪੰਚਾਇਤ ਰਿਸੋਰਸ ਸੈਂਟਰਾਂ ਅਤੇ 395 ਜ਼ਿਲ੍ਹਿਆਂ ’ਚ ਜ਼ਿਲ੍ਹਾ ਪੰਚਾਇਤ ਰਿਸੋਰਸ ਸੈਂਟਰਾਂ ’ਚ ਕੰਪਿਊਟਰ ਲੈਬਜ਼ ਨੂੰ ਅਪਗਰੇਡ ਕੀਤਾ ਜਾਵੇਗਾ। ਕੇਂਦਰੀ ਤਾਕਤੀ ਕਮੇਟੀ ਨੇ ਮਾਸਟਰ ਟਰੇਨਰਜ਼, ਗੈਸਟ ਫੈਕਲਟੀਜ਼ ਅਤੇ ਐਮੀਨੈਂਟ ਰਿਸੋਰਸ ਪਰਸਨਸ ਦੇ ਮਾਣਭੱਤੇ ’ਚ ਵੀ ਵਾਧਾ ਕੀਤਾ ਹੈ। -ਪੀਟੀਆਈ