ਹੱਡਾਰੋੜੀ ਤੋਂ ਅੱਕੇ ਲੋਕਾਂ ਨੇ ਡੀਸੀ ਦਫ਼ਤਰ ਘੇਰਿਆ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 26 ਜੁਲਾਈ
ਸਥਾਨਕ ਨੌਧਰਾਣੀ ਫਾਟਕ ਨੇੜਲੇ ਗੋਬਿੰਦ ਨਗਰ, ਗਾਂਧੀ ਨਗਰ ਵਾਸੀਆਂ ਅਤੇ ਫਾਟਕ ਪਾਰ ਦੀਆਂ ਸਨਅਤੀ ਇਕਾਈਆਂ ਦੇ ਮਜ਼ਦੂਰਾਂ ਨੇ ਨੌਧਰਾਣੀ ਫਾਟਕ ਨੇੜੇ ਸਥਿਤ ਹੱਡਾਰੋੜੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ। ਇਲਾਕਾ ਵਾਸੀਆਂ ਨੇ ਹੱਡਾਰੋੜੀ ਨੂੰ ਰਿਹਾਇਸ਼ੀ ਖੇਤਰ ਤੋਂ ਦੂਰ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ‘ਹੱਡਾਰੋੜੀ ਚੁਕਾਓ-ਪਰਿਵਾਰ ਬਚਾਓ’ ਕਮੇਟੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਖ਼ਿਲਾਫ਼ ਟਰੱਕ ਯੂਨੀਅਨ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਨੇ ਹੱਥਾਂ ਵਿੱਚ ‘ਰਿਹਾਇਸ਼ੀ ਖੇਤਰ ’ਚੋਂ ਹੱਡਾਰੋੜੀ ਦੂਰ ਹਟਾਓ, ਹੱਡਾਰੋੜੀ ਦੀ ਬਦਬੂ ਕਾਰਨ ਬਿਮਾਰ ਹੋ ਰਹੇ ਬੱਚਿਆਂ ਲਈ ਕੌਣ ਜ਼ਿੰਮੇਵਾਰ, ‘ਆਪ’ ਸਰਕਾਰ ‘ਆਪ’ ਸਰਕਾਰ’ ਆਦਿ ਨਾਅਰੇ ਲਿਖੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਧਰਨੇ ਨੂੰ ਸੰਬੋਧਨ ਕਰਦਿਆਂ ਮੁਹੱਲਾ ਵਾਸੀ ਅਤੇ ਸੂਬਾਈ ਮੁਲਾਜ਼ਮ ਆਗੂ ਰਣਜੀਤ ਸਿੰਘ ਰਾਣਵਾਂ, ਪੰਜਾਬ ਏਟਕ ਦੇ ਆਗੂ ਭਰਪੂਰ ਸਿੰਘ ਬੂਲਾਪੁਰ, ਮੁਹੰਮਦ ਖਲੀਲ, ਬਘੇਲ ਸਿੰਘ ਚੂੰਬਰ, ਐਡਵੋਕੇਟ ਮੁਹੰਮਦ ਇਕਬਾਲ, ਅਜੇ ਕਮਾਰ, ਪ੍ਰਿੰਸੀਪਲ ਜੱਗਾ ਸਿੰਘ ਮੰਡਿਆਲਾ ਨੇ ਕਿਹਾ ਕਿ ਮੁਹੱਲਾ ਵਾਸੀਆਂ, ਸਨਅਤੀ ਮਜ਼ਦੂਰਾਂ ਅਤੇ ਤਾਰਾ ਕਾਨਵੈਂਟ ਸਕੂਲ ਦੇ ਪ੍ਰਬੰਧਕਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਹੱਡਾਰੋੜੀ ਨੂੰ ਰਿਹਾਇਸ਼ੀ ਖੇਤਰ ਤੋਂ ਦੂਰ ਤਬਦੀਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਨੈਸ਼ਨਲ ਗਰੀਨ ਟ੍ਰਿਬਿਊਨਲ, ਮੁੱਖ ਮੰਤਰੀ ਪੰਜਾਬ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ, ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਡਿਪਟੀ ਕਮਿਸ਼ਨਰ ਅਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਪੱਤਰ ਵੀ ਲਿਖੇ ਗਏ ਹਨ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਇਸ ਦੇ ਵਿਰੁੱਧ ਅੱਜ ਲੋਕਾਂ ਨੇ ਮਜਬੂਰ ਹੋ ਕੇ ਰੋਸ ਮੁਜ਼ਾਹਰਾ ਕਰ ਕੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ। ਆਗੂਆਂ ਨੇ ਕਿਹਾ ਕਿ ਹੱਡਾਰੋੜੀ ’ਚੋਂ ਹਰ ਸਮੇਂ ਆ ਰਹੀ ਗੰਦੀ ਬਦਬੂ ਕਾਰਨ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ, ਹੱਡਾਰੋੜੀ ’ਚ ਰਹਿੰਦੇ ਮਾਸਾਹਾਰੀ ਕੁੱਤਿਆਂ ਤੋਂ ਰਾਹਗੀਰਾਂ ਨੂੰ ਹਰ ਵੇਲੇ ਜਾਨੀ ਨੁਕਸਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਆਗੂਆਂ ਨੇ ਕਿਹਾ ਕਿ ਕਮੇਟੀ ਨੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ ਭਰਾਤਰੀ ਜਨਤਕ ਜਥੇਬੰਦੀਆਂ ਦੀ ਇੱਕ ਮੀਟਿੰਗ 4 ਅਗਸਤ ਨੂੰ ਗਰੂ ਰਵਿਦਾਸ ਮੰਦਰ ਗਾਂਧੀ ਨਗਰ ਵਿੱਚ ਸੱਦੀ ਹੈ। ਕਮੇਟੀ ਦੇ ਵਫ਼ਦ ਨੇ ਹੱਡਾਰੋੜੀ ਨੂੰ ਤੁਰੰਤ ਰਿਹਾਇਸ਼ੀ ਖੇਤਰ ਤੋਂ ਦੂਰ ਤਬਦੀਲ ਕਰਨ ਲਈ ਡਿਪਟੀ ਕਮਿਸ਼ਨਰ ਦੇ ਨਾਂ ਮੰਗ ਪੱਤਰ ਸਹਾਇਕ ਕਮਿਸ਼ਨਰ ਹਰਬੰਸ ਸਿੰਘ ਨੂੰ ਸੌਂਪਿਆ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜੂਨੀਅਰ ਇਨਵਾਇਰਮੈਂਟ ਇੰਜਨੀਅਰ ਹਰਜੀਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਬੋਰਡ ਦੀ ਟੀਮ ਮੌਕੇ ਦਾ ਜਾਇਜ਼ਾ ਲੈ ਚੁੱਕੀ ਤੇ ਮਾਮਲਾ ਕਾਰਵਾਈ ਅਧੀਨ ਹੈ।