For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਕਈ ਆਗੂ ਰਹੇ ਨਜ਼ਰਬੰਦ

08:01 AM May 03, 2024 IST
ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਕਈ ਆਗੂ ਰਹੇ ਨਜ਼ਰਬੰਦ
ਸਰਕਾਰੀ ਮਿਡਲ ਸਕੂਲ ਜਮਾਲਪੁਰ ’ਚ ਪੁਲੀਸ ਮੁਲਾਜ਼ਮਾਂ ਵੱਲੋਂ ਨਜ਼ਰਬੰਦ ਕੀਤੇ ਗਏ ਅਧਿਆਪਕ ਸਤਵੰਤ ਸਿੰਘ।
Advertisement

ਦੀਪਕ ਠਾਕੁਰ
ਤਲਵਾੜਾ, 2 ਮਈ
ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਫਗਵਾੜਾ ਫੇਰੀ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਪੂਰਥਲਾ ਕਨਵੀਨਰ ਪਰਮਿੰਦਰ ਪਾਲ ਸਿੰਘ ਸਮੇਤ 10 ਦੇ ਕਰੀਬ ਮੈਂਬਰਾਂ ਨੂੰ ਸਕੂਲਾਂ ਅਤੇ ਘਰਾਂ ’ਚ ਨਜ਼ਰਬੰਦ ਕੀਤਾ ਗਿਆ। ਪੁਲੀਸ ਦੀ ਕਾਰਵਾਈ ਖ਼ਿਲਾਫ਼ ਐੱਨਪੀਐੱਸ ਮੁਲਾਜ਼ਮਾਂ ’ਚ ਰੋਸ ਰਿਹਾ ਹੈ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਨੇ ਸਰਕਾਰ ਨੂੰ ਪੁਰਾਣੀ ਪੈਨਸ਼ਨ ਜ਼ਲਦ ਬਹਾਲ ਕਰਨ ਦੀ ਮੰਗ ਕੀਤੀ ਹੈ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ, ਜਨਰਲ ਸਕੱਤਰ ਜਰਨੈਲ ਸਿੰਘ ਪੱਟੀ ਅਤੇ ਵਿੱਤ ਸਕੱਤਰ ਵਰਿੰਦਰ ਵਿੱਕੀ ਨੇ ਦੱਸਿਆ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਜਾਰੀ ਕੀਤੇ ਅਧੂਰੇ ਨੋਟੀਫਿਕੇਸ਼ਨ ਦੇ ਇੱਕ ਸਾਲ ਬੀਤ ਜਾਣ ਬਾਅਦ ਵੀ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਨ ’ਚ ਨਾਕਾਮ ਰਹੀ ਹੈ, ਜਿਸ ਦੇ ਵਿਰੋਧ ’ਚ ਸੰਘਰਸ਼ ਕਮੇਟੀ ਨੇ ਪੰਜਾਬ ਭਰ ’ਚ ਪੋਸਟਰ ਮੁਹਿੰਮ ਵਿੱਢੀ ਹੋਈ ਹੈ। ਇਸ ਤੋਂ ਬੁਖਲਾਈ ‘ਆਪ’ ਸਰਕਾਰ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਫਗਵਾੜਾ ਆਮਦ ਤੋਂ ਪਹਿਲਾਂ ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਨੂੰ ਘਰਾਂ ਅਤੇ ਸਕੂਲਾਂ ’ਚ ਨਜ਼ਰਬੰਦ ਕੀਤਾ।
ਜ਼ਿਲ੍ਹਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਵਾਹਿਦ (ਫਗਵਾੜਾ) ਦੇ ਸਿੰਗਲ ਟੀਚਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਨਜ਼ਰਬੰਦ ਕੀਤਾ, ਛੁੱਟੀ ਉਪਰੰਤ ਪੁਲੀਸ ਉਸ ਨੂੰ ਥਾਣੇ ਲੈ ਗਈ ਅਤੇ ਸ਼ਾਮ ਕਰੀਬ 7 ਵਜੇ ਛੱਡਿਆ। ਇਸੇ ਤਰ੍ਹਾਂ ਬਲਵਿੰਦਰ ਨਿਧੜਕ ਸਰਕਾਰੀ ਮਿਡਲ ਸਕੂਲ ਮਲਕਪੁਰ ਫਗਵਾੜਾ, ਲਖਵੀਰ ਚੰਦ ਸਤਨਾਪੁਰਾ, ਸਤਵੰਤ ਸਿੰਘ ਸਰਕਾਰੀ ਮਿਡਲ ਸਕੂਲ ਜਮਾਲਪੁਰ (ਫਗਵਾੜਾ) , ਸਤਨਾਮ ਸਿੰਘ ਗਿੱਲ, ਮਨਜੀਤ ਸਿੰਘ ਅਤੇ ਅਧਿਆਪਕ ਦਲ ਦੇ ਸੂਬਾ ਮੀਤ ਪ੍ਰਧਾਨ ਗੁਰਮੁਖ ਸਿੰਘ ਬਾਬਾ ਸਮੇਤ 10 ਦੇ ਕਰੀਬ ਜ਼ਿਲ੍ਹਾ ਆਗੂਆਂ ਨੇ ਪੁਲੀਸ ਨੇ ਉਨ੍ਹਾਂ ਦੇ ਸਕੂਲਾਂ ਜਾਂ ਘਰਾਂ ’ਚ ਹੀ ਨਜ਼ਰਬੰਦ ਕੀਤਾ। ਸੂਬਾਈ ਆਗੂਆਂ ਨੇ ਅੱਜ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ‘ਆਪ’ ਸਰਕਾਰ ’ਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਅਨੈਤਿਕ ਢੰਗ ਤਰੀਕੇ ਅਪਣਾਉੁਣ ਦੇ ਦੋਸ਼ ਲਗਾਏ ਹਨ। ਇੱਕ ਪਾਸੇ ਸ਼ਰਾਬ ਘੁਟਾਲੇ ’ਚ ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦਰ ਕੇਜਰੀਵਾਲ ਦੇ ਹੱਕ ’ਚ ਪੰਜਾਬ ਸਰਕਾਰ ਦਿੱਲੀ ’ਚ ਧਰਨੇ ਪ੍ਰਦਰਸ਼ਨ ਕਰ ਰਹੀ ਹੈ, ਦੂਜੇ ਪਾਸੇ ਸ਼ਾਂਤਮਈ ਢੰਗ ਨਾਲ ਆਪਣੀ ਚਿਰੌਕਣੀ ਮੰਗ ਦੀ ਪ੍ਰਾਪਤੀ ਲਈ ਸਵਿੰਧਾਨਕ ਤਰੀਕੇ ਨਾਲ ਆਵਾਜ਼ ਉਠਾ ਰਹੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਸਕੂਲਾਂ ’ਚ ਨਜ਼ਰਬੰਦ ਕਰ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਰ ਰਹੀ ਹੈ। ਸੂਬਾ ਕਨਵੀਨਰ ਜਸਵੀਰ ਤਲਵਾੜਾ ਅਤੇ ਜਨਰਲ ਸਕੱਤਰ ਜਰਨੈਲ ਸਿੰਘ ਪੱਟੀ ਨੇ ਸੂਬਾ ਕਮੇਟੀ ਦੇ ਉਲੀਕੇ ਪ੍ਰੋਗਰਾਮ ਉਸੇ ਤਰ੍ਹਾਂ ਹੀ ਲਾਗੂ ਕਰਨ ਦਾ ਐਲਾਨ ਕੀਤਾ ਹੈ।

Advertisement

ਮੁਲਾਜ਼ਮ ਆਗੂ ਨੂੰ ਨਜ਼ਰਬੰਦ ਕਰਨ ਦੀ ਨਿਖੇਧੀ

ਫਗਵਾੜਾ (ਪੱਤਰ ਪ੍ਰੇਰਕ): ਮੁੱਖ ਮੰਤਰੀ ਦੇ ਫਗਵਾੜਾ ਵਿੱਚ ਰੋਡ ਸ਼ੋਅ ਦੌਰਾਨ ਮੁਲਾਜ਼ਮਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਆਗੂ ਗਜ਼ਟਿਡ ਐੱਸਸੀਬੀਸੀ ਐਂਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਤਵੰਤ ਸਿੰਘ ਟੂਰਾ ਨੂੰ ਪੁਲੀਸ ਪ੍ਰਸ਼ਾਸਨ ਫਗਵਾੜਾ ਵੱਲੋਂ ਘਰ ’ਚ ਨਜ਼ਰਬੰਦ ਕਰਨ ਦੀ ਫੈਡਰੇਸ਼ਨ ਦੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ, ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨਾਂ ਅਤੇ ਕੋਰ ਕਮੇਂਟੀ ਮੈਂਬਰ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਵੱਖ-ਵੱਖ ਮੁਲਾਜ਼ਮਾਂ ਜਥੇਬੰਦੀਆਂ ਦੇ ਆਗੂਆਂ ਨੂੰ ਵੱਖ-ਵੱਖ ਥਾਵਾਂ ’ਤੇ ਨਜ਼ਰਬੰਦ ਕਰਨ ਨਾਲ ਮਸਲੇ ਹੱਲ ਨਹੀਂ ਹੋਣੇ, ਸਗੋਂ ਮੁਲਾਜ਼ਮਾਂ ਜਥੇਬੰਦੀਆਂ ਦੇ ਸੂਬਾਈ ਆਗੂਆਂ ਨਾਲ ਸੁਖਾਵੇ ਮਾਹੌਲ ’ਚ ਦੋ ਧਿਰੀ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਹੱਕੀ ਤੇ ਜਾਇਜ਼ ਮੰਗਾ ਦਾ ਨਿਪਟਾਰਾ ਕਰਨ ਲਈ ਉਪਰਾਲਾ ਕੀਤਾ ਜਾਵੇ। ਆਗੂਆ ਨੇ ਕਿਹਾ ਕਿ ਅਜਿਹੇ ਹੱਥਕੰਡੇ ਵਰਤਣ ਤੋਂ ਗੁਰੇਜ਼ ਕੀਤਾ ਜਾਵੇ ਨਹੀਂ ਤਾਂ ਸਰਕਾਰ ਨੂੰ ਲੋਕ ਸਭਾ ਚੋਣਾਂ ਦੌਰਾਨ ਮੁਲਾਜ਼ਮਾਂ ਦੇ ਰੋਸ ਦੇ ਪ੍ਰਗਟਾਵੇ ਦਾ ਸਾਹਮਣਾ ਕਰਨਾ ਪਵੇਗਾ।

Advertisement
Author Image

joginder kumar

View all posts

Advertisement
Advertisement
×