ਹਰਿਆਣਾ ਦੇ ਕਈ ਆਗੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਸਤੰਬਰ
ਇੱਥੇ ਅੱਜ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਦਫਤਰ ਵਿੱਚ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਪੰਡਤ ਮੋਹਨ ਲਾਲ ਬੜੋਲੀ ਦੀ ਅਗਵਾਈ ਹੇਠ ਹਰਿਆਣਾ ਚੋਣ ਸਹਿ-ਇੰਚਾਰਜ ਬਿਪਲਬ ਕੁਮਾਰ ਦੇਬ ਜੇਜੇਪੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ। ਇਸ ਦੌਰਾਨ ਸਾਬਕਾ ਮੰਤਰੀ ਦੇਵੇਂਦਰ ਬਬਲੀ, ਜੇਜੇਪੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੇ ਕਬਲਾਨਾ ਅਤੇ ਸਾਬਕਾ ਜੇਲ੍ਹ ਸੁਪਰਡੈਂਟ ਸੁਨੀਲ ਸਾਂਗਵਾਨ ਨੂੰ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਮਿਲ ਗਈ ਹੈ। ਇਸ ਪ੍ਰੋਗਰਾਮ ਦੌਰਾਨ ਮੰਚ ’ਤੇ ਮੌਜੂਦ ਦੇਵੇਂਦਰ ਬਬਲੀ, ਸੁਨੀਲ ਸਾਂਗਵਾਨ ਅਤੇ ਸੰਜੇ ਕਬਲਾਨਾ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਦੱਸਿਆ ਕਿ ਅੱਜ ਤੋਂ ਭਾਜਪਾ ਦਾ ਮੈਂਬਰਸ਼ਿਪ ਦਿਵਸ ਸ਼ੁਰੂ ਹੋ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਥੋੜ੍ਹੇ ਸਮੇਂ ਵਿੱਚ ਹੀ ਜਨਤਾ ਦੇ ਹਿੱਤ ਵਿੱਚ 108 ਕੰਮ ਕੀਤੇ ਹਨ। ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਸਹਿ-ਇੰਚਾਰਜ ਬਿਪਲਬ ਕੁਮਾਰ ਦੇਬ ਨੇ ਕਿਹਾ ਕਿ ਦੇਵੇਂਦਰ ਬਬਲੀ, ਸੁਨੀਲ ਸਾਂਗਵਾਨ ਅਤੇ ਸੰਜੇ ਕਬਲਾਨਾ ਜਿਸ ਆਤਮ ਵਿਸ਼ਵਾਸ ਨਾਲ ਭਾਜਪਾ ਵਿੱਚ ਸ਼ਾਮਲ ਹੋਏ ਹਨ, ਭਾਜਪਾ ਨਿਸ਼ਚਿਤ ਤੌਰ ’ਤੇ ਆਉਣ ਵਾਲੀਆਂ ਚੋਣਾਂ ਵਿੱਚ ਪੂਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ।
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ):
ਰੋਹਿਤ ਕਸ਼ਯਪ ਦੀ ਅਗਵਾਈ ਹੇਠ ਅੱਜ ਸੈਂਕੜੇ ਨੌਜਵਾਨ ਭਾਜਪਾ ਨੇਤਾ ਨਾਇਬ ਸਿੰਘ ਪਟਾਕ ਮਾਜਰਾ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਭਾਜਪਾ ਨੇਤਾ ਨਾਇਬ ਸਿੰਘ ਪਟਾਕ ਮਾਜਰਾ ਨੇ ਭਾਜਪਾ ਵਿੱਚ ਸ਼ਾਮਲ ਹੋਏ ਨੌਜਵਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਸ੍ਰੀ ਪਟਾਕ ਮਾਜਰਾ ਨੇ ਕਿਹਾ ਕਿ ਅੱਜ ਬਿਨਾਂ ਪਰਚੀ ਤੇ ਬਿਨਾਂ ਖਰਚੀ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ ਜਿਸ ਕਰਕੇ ਸੂਬੇ ਦੇ ਨੌਜਵਾਨ ਵਰਗ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਉਹ ਫਿਰ ਤੋਂ ਸੂਬੇ ਵਿੱਚ ਨਾਇਬ ਸੈਣੀ ਦੀ ਅਗਵਾਈ ਹੇਠ ਫਿਰ ਤੋਂ ਭਾਜਪਾ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ ਗਲਤੀ ਨਾਲ ਵੀ ਲੋਕਾਂ ਨੇ ਕਾਂਗਰਸ ਸਰਕਾਰ ਬਣਾਈ ਤਾਂ ਸੂਬੇ ਵਿਚ ਫਿਰ ਭਾਈ ਭਤੀਜਾਵਾਦ ਤੇ ਖੇਤਰਵਾਦ ਦਾ ਬੋਲਬਾਲਾ ਹੋਵੇਗਾ ਤੇ ਆਮ ਪਰਿਵਾਰਾਂ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਤੋਂ ਹੱਥ ਧੋਣੇ ਪੈਣਗੇ।
ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਸੂਬੇ ਵਿੱਚ ਭਾਜਪਾ ਸਰਕਾਰ ਬਣਾਉਣ ਲਈ ਕਮਰ ਕੱਸੇ ਕਰ ਲੈਣ ਤਾਂ ਜੋ ਦਲਿਤ ਸਮਾਜ ਦੇ ਹੱਕਾਂ ਤੇ ਕੋਈ ਡਾਕਾ ਨਾ ਮਾਰ ਸਕੇ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਘਰ-ਘਰ ਭਾਜਪਾ ਦੀਆਂ ਪਹੁੰਚਾਉਣ ਦੀ ਅਪੀਲ ਕੀਤੀ। ਇਸ ਮੌਕੇ ਰੋਹਿਤ ਕਸ਼ਯਪ, ਸਾਹਿਲ ਸੈਣੀ, ਗੌਰਵ ਸੈਣੀ, ਰਾਜੀਵ, ਯੋਗੇਸ਼, ਵਿਕਾਸ, ਸ਼ੁਭਮ, ਰਾਹੁਲ, ਬਿੱਟੂ, ਅਜੈ , ਰਵੀ ਕੁਮਾਰ, ਸੌਰਵ, ਅਮਨ, ਸ਼ੁਭਮ ਧਿਆਂਗਲਾ, ਸੰਜੂ, ਸੂਰਜ, ਦਿਲਪ੍ਰੀਤ, ਅਭਿਸ਼ੇਕ, ਅਨੁਜ, ਬੀਰ ਸਿੰਘ, ਹੈਪੀ, ਗੁਰਮੀਤ, ਸਤਪਾਲ ਮੌਜੂਦ ਸਨ।