ਸਨਸਿਟੀ ਕਲੋਨੀ ਦੇ ਕਈ ਘਰਾਂ ਨੂੰ ਨਹੀਂ ਮਿਲ ਰਿਹਾ ਬਿਜਲੀ ਕੁਨੈਕਸ਼ਨ
ਨਿਜੀ ਪੱਤਰ ਪ੍ਰੇਰਕ
ਸੰਗਰੂਰ, 5 ਅਕਤੂਬਰ
ਕਲੋਨਾਈਜ਼ਰ ਵੱਲੋਂ ਪੁੱਡਾ ਅਪਰੂਵਡ ਕਲੋਨੀ ’ਚ ਐੱਨਓਸੀ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਦਾ ਖਮਿਆਜ਼ਾ ਕਈ ਘਰਾਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਅਧੂਰੀਆਂ ਸ਼ਰਤਾਂ ਕਾਰਨ ਪਾਵਰਕੌਮ ਵਲੋਂ ਕਲੋਨੀ ਦੇ ਕਈ ਘਰਾਂ ਨੂੰ ਰੈਗੂਲਰ ਬਿਜਲੀ ਕੁਨੈਕਸ਼ਨ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ ਜਿਸ ਕਾਰਨ ਇਹ ਵਿਅਕਤੀ ਆਰਜ਼ੀ ਕੁਨੈਕਸ਼ਨ ਜ਼ਰੀਏ ਨੇ ਆਪਣੇ ਘਰ ਦਾ ਹਨ੍ਹੇਰਾ ਦੂਰ ਕਰਦੇ ਹਨ ਅਤੇ ਬਿਜਲੀ ਪਖ਼ਤ ਦਾ ਪ੍ਰਤੀ ਯੂਨਿਟ ਵੱਧ ਰੇਟ ਅਦਾ ਕਰਨ ਲਈ ਮਜਬੂਰ ਹਨ। ਸਥਾਨਕ ਸ਼ਹਿਰ ਦੇ ਰਾਮਪੁਰਾ ਨਜ਼ਦੀਕ ਸਨਸਿਟੀ ਕਲੋਨੀ ਦੇ ਵਸਨੀਕ ਵਰਿੰਦਰ ਸ਼ਰਮਾ ਅਤੇ ਕਰਨੈਲ ਸਿੰਘ ਨੇ ਦੱਸਿਆ ਕਿ ਸਨਸਿਟੀ ਕਲੋਨੀ ਪੁੱਡਾ ਤੋਂ ਮਨਜ਼ੂਰਸ਼ੁਦਾ ਕਲੋਨੀ ਹੈ। ਇਸ ਕਲੋਨੀ ਵਿੱਚ ਮਕਾਨ ਦੀ ਉਸਾਰੀ ਲਈ ਪਾਵਰਕੌਮ ਦੇ ਦਿਹਾਤੀ ਉਪ ਮੰਡਲ ਦਫ਼ਤਰ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਬਿਜਲੀ ਦੇ ਵੱਖਰੇ ਵੱਖਰੇ ਕੁਨੈਕਸ਼ਨ ਲਏ ਸਨ। ਉਨ੍ਹਾਂ ਮਕਾਨਾਂ ਦੀ ਉਸਾਰੀ ਮੁਕੰਮਲ ਹੋਣ ’ਤੇ ਦਿਹਾਤੀ ਉਪ ਮੰਡਲ ਨੂੰ ਕਿ ਰੈਗੂਲਰ ਕੁਨੈਕਸ਼ਨ ਦੀਆਂ ਸ਼ਰਤਾਂ ਪੂਰੀਆਂ ਕਰਵਾ ਕੇ ਰੈਗੂਲਰ ਕੁਨੈਕਸ਼ਨ ਦਿੱਤੇ ਜਾਣ ਦੀ ਅਪੀਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਐੱਸਡੀਓ ਵੱਲੋਂ ਜਾਰੀ ਪੱਤਰ ਮਿਤੀ 16-5-2024 ਰਾਹੀਂ ਕਿਹਾ ਗਿਆ ਹੈ ਕਿ ਇਹ ਪੁੱਡਾ ਅਪਰੂਵਡ ਕਲੋਨੀ ਹੈ ਪਰੰਤੂ ਕਲੋਨਾਈਜ਼ਰ ਵੱਲੋਂ ਐੱਨਓਸੀ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ ਉਨ੍ਹਾਂ ਨੂੰ ਕੁਨੈਕਸ਼ਨ ਜਾਰੀ ਨਹੀਂ ਕੀਤਾ ਜਾ ਸਕਦਾ। ਵਰਿੰਦਰ ਸ਼ਰਮਾ ਅਤੇ ਕਰਨੈਲ ਸਿੰਘ ਨੇ ਦੱਸਿਆ ਕਿ ਕਲੋਨੀ ਵਿਚ 98 ਫੀਸਦੀ ਰੈਗੂਲਰ ਕੁਨੈਕਸ਼ਨ ਚੱਲ ਰਹੇ ਹਨ ਪਰੰਤੂ ਉਨ੍ਹਾਂ ਨੂੰ ਬਿਜਲੀ ਕੁਨੈਕਸ਼ਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਾਲ 2021 ਵਿੱਚ ਮਕਾਨ ਦੀ ਉਸਾਰੀ ਲਈ ਆਰਜ਼ੀ ਕੁਨੈਕਸ਼ਨ ਲਿਆ ਸੀ। ਆਰਜ਼ੀ ਕੁਨੈਕਸ਼ਨ ਹੋਣ ਕਾਰਨ ਬਿਜਲੀ ਖਪਤ ਲਈ ਵੱਧ ਬਿਜਲੀ ਬਿੱਲ ਅਦਾ ਕਰਨਾ ਪੈਂਦਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ, ਬਿਜਲੀ ਮੰਤਰੀ ਪੰਜਾਬ, ਵਧੀਕ ਮੁੱਖ ਸਕੱਤਰ ਊਰਜਾ ਵਿਭਾਗ ਪੰਜਾਬ, ਮੈਨੇਜਿੰਗ ਡਾਇਰੈਕਟਰ ਪਾਵਰ ਕਾਰਪੋਸ਼ੇਨ, ਮੁੱਖ ਇੰਜਨੀਅਰ ਪਾਵਰ ਕਾਰਪੋਰੇਸ਼ਨ ਪਟਿਆਲਾ ਸਮੇਤ ਕਈ ਅਧਿਕਾਰੀਆਂ ਨੂੰ ਵੀ ਪੱਤਰ ਭੇਜ ਕੇ ਮੰਗ ਕਰ ਚੁੱਕੇ ਹਨ ਕਿ ਬਿਜਲੀ ਦਾ ਰੈਗੂਲਰ ਕੁਨੈਕਸ਼ਨ ਦਿੱਤਾ ਜਾਵੇ ਪਰੰਤੂ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ।
ਕਲੋਨਾਈਜ਼ਰ ਵਲੋਂ ਐੱਨਓਸੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ: ਕੇਸਰ ਸਿੰਘ
ਇਸ ਸਬੰਧ ਵਿਚ ਪਾਵਰਕੌਮ ਦੇ ਦਿਹਾਤੀ ਉਪ ਮੰਡਲ ਸੰਗਰੂਰ ਦੇ ਐੱਸਡੀਓ ਕੇਸਰ ਸਿੰਘ ਦਾ ਕਹਿਣਾ ਹੈ ਕਿ ਕਲੋਨਾਈਜ਼ਰ ਵਲੋਂ ਐੱਨਓਸੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਸ ਕਾਰਨ ਪਾਵਰਕੌਮ ਦੀ ਪਾਲਿਸੀ ਅਨੁਸਾਰ ਰੈਗੂਲਰ ਕੁਨੈਕਸ਼ਨ ਨਹੀਂ ਦਿੱਤਾ ਜਾ ਸਕਦਾ।