ਸਿੱਖਾਂ ਨੂੰ ਦੋਫਾੜ ਕਰਨ ਲਈ ਕਈ ਤਾਕਤਾਂ ਸਰਗਰਮ: ਧਾਮੀ
ਦਲਬੀਰ ਸੱਖੋਵਾਲੀਆ
ਬਟਾਲਾ, 15 ਮਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਨੂੰ ਕੁਝ ਤਾਕਤਾਂ ਅੰਦਰਖਾਤੇ ਦੋਫਾੜ ਕਰਨ ਲਈ ਤਰਲੋਮੱਛੀ ਹੋ ਰਹੀਆਂ ਹਨ। ਕੌਮ ਅਜਿਹੀਆਂ ਤਾਕਤਾਂ ਦੀਆਂ ਸਾਜ਼ਿਸ਼ਾਂ ਸਫ਼ਲ ਨਹੀਂ ਹੋਣ ਦੇਵੇਗੀ। ਉਹ ਅੱਜ ਕਸਬਾ ਹਰਚੋਵਾਲ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਕਿਹਾ ਕਿ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ, ਜੋ ਪੰਜਾਬ ਦੇ ਹਿੱਤਾਂ ਲਈ ਹਮੇਸ਼ਾਂ ਆਵਾਜ਼ ਬੁਲੰਦ ਕਰਦੀ ਆ ਰਹੀ ਹੈ। ਅਕਾਲੀ ਦਲ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਇਚਾਰਜ ਰਾਜਨਬੀਰ ਸਿੰਘ ਘੁਮਾਣ ਦੁਆਰਾ ਕਰਵਾਈ ਰੈਲੀ ’ਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ‘ਆਪ’, ਕਾਂਗਰਸ ਅਤੇ ਭਾਜਪਾ ਨੂੰ ਪੰਜਾਬ ਵਿਰੋਧੀ ਐਲਾਨਦਿਆਂ ਹਲਕੇ ਦੇ ਲੋਕਾਂ ਨੂੰ ਅਕਾਲੀ ਉਮੀਦਵਾਰ ਠੰਡਲ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਕਰੋੜਾਂ ਰੁਪਏ ਦਾ ਕਰਜ਼ਾ ਲੈ ਕੇ ਪੰਜਾਬ ਨੂੰ ਗਹਿਣੇ ਰੱਖਣ ਵਰਗੇ ਇਲਜ਼ਾਮ ਲਗਾਏ। ਇਸ ਤੋਂ ਪਹਿਲਾਂ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਨੇ ਹਲਕੇ ਤੋਂ ‘ਆਪ’ ਵਿਧਾਇਕ ਦੀ ਲੰਘੇ ਦੋ ਸਾਲਾਂ ਦੀ ਕਾਰਗੁਜ਼ਾਰੀ ਨੂੰ ‘ਜ਼ੀਰੋ’ ਦੱਸਿਆ। ਇਸ ਮੌਕੇ ’ਤੇ ਸਰਕਲ ਪ੍ਰਧਾਨ ਤਰਸੇਮ ਸਿੰਘ, ਜਰਨਲ ਕੌਂਸਲ ਮੈਂਬਰ ਗਗਨਦੀਪ ਸਿੰਘ ਰਿਆੜ, ਰਾਜਸੀ ਮਾਮਲਿਆਂ ਦੇ ਮੈਂਬਰ ਕੁਲਦੀਪ ਸਿੰਘ ਮੂੜ, ਬਾਬਾ ਚੈਨ ਸਿੰਘ, ਜਨਰਲ ਕੌਂਸਲ ਮੈਂਬਰ ਗੁਰਨੇਕ ਸਿੰਘ, ਬੀਸੀ ਵਿੰਗ ਪ੍ਰਧਾਨ ਤੇਜਿੰਦਰ ਸਿੰਘ ਲੱਧਾ ਮੁੰਡਾ ਨੇ ਵੀ ਆਪਣੇ ਵਿਚਾਰ ਸਾਂਝ ਕੀਤੇ।
ਸੋਹਣ ਸਿੰਘ ਠੰਡਲ ਵੱਲੋਂ ਹਲਕੇ ਦੇ ਪਿੰਡਾਂ ਦਾ ਦੌਰਾ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਦਾ ਦੌਰਾ ਕਰਕੇ ਵੋਟਰਾਂ ਨੂੰ ਲਾਮਬੰਦ ਕੀਤਾ। ਵੱਖ-ਵੱਖ ਥਾਈਂ ਜਨਤਕ ਇਕੱਠਾਂ ਦੌਰਾਨ ਬੋਲਦਿਆਂ ਠੰਡਲ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਹੁਣ ਇਕ ਵਾਰ ਫ਼ਿਰ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਮਨ ਬਣਾ ਲਿਆ ਹੈ ਕਿਉਂਕਿ ਉਹ ਕਈ ਵਾਰ ਇਨ੍ਹਾਂ ਹੱਥੋਂ ਧੋਖਾ ਖਾ ਚੁੱਕੇ ਹਨ।