ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਮੀ ਰਾਜਧਾਨੀ ਦੇ ਕਈ ਇਲਾਕੇ ਯਮੁਨਾ ਦੀ ਮਾਰ ਹੇਠ

07:08 AM Jul 14, 2023 IST
ਪੁਰਾਣੇ ਯਮੁਨਾ ਪੁਲ (ਲੋਹਾ ਪੁਲ) ਨਜ਼ਦੀਕ ਵੀਰਵਾਰ ਨੂੰ ਭਰੇ ਪਾਣੀ ਵਿੱਚ ਫਸੇ ਹੋਏ ਵਾਹਨ। -ਫੋਟੋ: ਪੀਟੀਅਾਈ

ਮਨਧੀਰ ਦਿਓਲ
ਨਵੀਂ ਦਿੱਲੀ, 13 ਜੁਲਾਈ
ਯਮੁਨਾ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਦਿੱਲੀ ਦੇ ਨੀਵੇਂ ਖੇਤਰਾਂ ਦੀ ਹਾਲਤ ਕੱਲ੍ਹ ਨਾਲੋਂ ਵੀ ਮਾੜੀ ਹੋ ਗਈ ਹੈ। ਲੋਕ ਆਪਣਾ ਘਰ-ਬਾਰ ਛੱਡ ਕੇ ਜਾ ਰਹੇ ਹਨ ਹਲਾਂਕਿ ਪ੍ਰਸ਼ਾਸਨ ਹਾਲਤ ਸਥਿਰ ਬਣਾਉਣ ਲਈ ਪੂਰੀ ਵਾਹ ਲਾ ਰਿਹਾ ਹੈ। ਲੋਕਾਂ ਭੋਜਨ ਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਪਾਣੀ ਵਾਲੀਆਂ ਥਾਂਵਾਂ ਤੋਂ ਲੋਕਾਂ ਨੂੰ ਰਾਹਤ ਕੈਂਪਾਂ ’ਚ ਲਿਜਾਇਆ ਜਾ ਰਿਹਾ ਹੈ। ਦਿੱਲੀ ਦਾ ਕਸ਼ਮੀਰੀ ਗੇਟ ਦੇ ਇਲਾਕਾ, ਅੰਤਰਰਾਜੀ ਬੱਸ ਟਰਮੀਨਲ ਕਸ਼ਮੀਰੀ ਗੇਟ (ਆਈਐਸਬੀਟੀ), ਯਮੁਨਾ ਬਾਜ਼ਾਰ, ਨਿਗਮ ਬੋਧ ਘਾਟ, ਰਿੰਗ ਰੋਡ ਦੇ ਯਮੁਨਾ ਕਨਿਾਰੇ ਦੇ ਇਲਾਕਿਆਂ ਲਾਲ ਕਿਲ੍ਹਾ, ਆਈਟੀਓ, ਭੈਰੋਂ ਸਿੰਘ ਮਾਰਗ, ਓਖਲਾ, ਕਾਲਿੰਦੀ ਕੁੰਜ, ਮਿਊਰ ਵਿਹਾਰ ਦੇ ਨੀਵੇਂ ਇਲਾਕੇ ਯਮੁਨਾ ਦਾ ਪਾਣੀ ਦੀ ਮਾਰ ਹੇਠ ਆ ਗਏ ਹਨ।

Advertisement

ਨਵੀਂ ਦਿੱਲੀ ਵਿੱਚ ਲਾਲ ਕਿਲੇ ਨੇੜਲੀ ਸੜਕ ’ਤੇ ਭਰੇ ਪਾਣੀ ਵਿੱਚੋਂ ਲੰਘਦਾ ਹੋਇਆ ਐਕਟਿਵਾ ਚਾਲਕ।

ਇਸ ਵਾਰ ਆਏ ਹੜ੍ਹ ਦੌਰਾਨ ਪਾਣੀ ਲਾਲ ਕਿਲ੍ਹੇ ਦੀ ਪਿਛਲੀ ਕੰਧ ਨੂੰ ਛੂਹ ਗਿਆ ਹੈ। ਕਸ਼ਮੀਰੀ ਗੇਟ ਆਈਐੱਸਬੀਟੀ, ਸਰਾਏ ਕਾਲੇ ਖਾਂ ਆਈਐਸਬੀਟੀ ਨੂੰ ਜਾਂਦੀਆਂ ਸੜਕਾਂ ਉਪਰ ਜਾਮ ਲੱਗ ਗਏ। ਆਈਪੀ ਫਲਾਈਓਵਰ ਅਤੇ ਚਾਂਦਗੀ ਰਾਮ ਅਖਾੜਾ ਦੇ ਵਿਚਕਾਰ ਮਹਾਤਮਾ ਗਾਂਧੀ ਮਾਰਗ, ਕਾਲੀਘਾਟ ਮੰਦਰ ਅਤੇ ਦਿੱਲੀ ਸਕੱਤਰੇਤ ਦੇ ਵਿਚਕਾਰ ਮਹਾਤਮਾ ਗਾਂਧੀ ਮਾਰਗ ਤੇ ਵਜ਼ੀਰਾਬਾਦ ਪੁਲ ਅਤੇ ਚਾਂਦਗੀ ਰਾਮ ਅਖਾੜਾ ਦੇ ਵਿਚਕਾਰ ਆਊਟਰ ਰਿੰਗ ਰੋਡ ’ਤੇ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ ਟਰੈਫਿਕ ਪੁਲੀਸ ਵੱਲੋਂ ਵਪਾਰਕ ਵਾਹਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਤੇ ਪੂਰਬੀ ਅਤੇ ਪੱਛਮੀ ਪੈਰੀਫਿਰਲ ਐਕਸਪ੍ਰੈੱਸ ਵੇਅ ਵੱਲ ਮੋੜ ਦਿੱਤਾ। ਕਮਰਸ਼ੀਅਲ ਵਾਹਨਾਂ ਨੂੰ ਵੀ ਮੁਕਰਬਾ ਚੌਕ ਤੋਂ ਮੋੜ ਦਿੱਤਾ। ਖੋਦਾ ਤੋਂ ਯੂਪੀ ਗੇਟ ਐਮਸੀਡੀ ਟੋਲ, ਜੀ.ਟੀ ਰੋਡ, ਸਰਾਏ ਕਾਲੇ ਖਾਂ ਤੇ ਆਈਪੀ ਫਲਾਈਓਵਰ, ਜੀਟੀਬੀ ਹਸਪਤਾਲ, ਦਿਲਸ਼ਾਦ ਗਾਰਡਨ, ਵਿਵੇਕ ਵਿਹਾਰ, ਆਨੰਦ ਵਿਹਾਰ, ਨੇੜੇ ਆਜ਼ਾਦਪੁਰ, ਮੌਜਪੁਰ-ਬਾਬਰਪੁਰ, ਸ਼ਾਹਦਰਾ ਤੋਂ ਜੀਟੀ ਰੋਡ ’ਤੇ ਆਈਐੱਸਬੀਟੀ, ਸੀਲਮਪੁਰ ਟੀ-ਪੁਆਇੰਟ, ਮਜਨੂੰ ਕਾ ਟਿੱਲਾ ਵੱਲ ਤੇ ਇਸ ਦੇ ਉਲਟ ਦੋਨਾਂ ਕੈਰੇਜਵੇਅ ਵਿੱਚ ਆਵਾਜਾਈ ਦੀ ਆਵਾਜਾਈ ਪ੍ਰਭਾਵਿਤ ਹੋਈ। ਹਾਲਤ ਇਹ ਸਨ ਕਿ ਯਮੁਨਾ ਦਾ ਪਾਣੀ ਮੁੱਖ ਮੰਤਰੀ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਤੋਂ 250 ਮੀਟਰ ਦੂਰ ਰਹਿ ਗਿਆ। ਵਿਕਾਸ ਮਾਰਗ ਤੋਂ ਲੈ ਕੇ ਆਈਟੀਓ, ਉੱਤਰੀ ਦਿੱਲੀ ਤੋਂ ਪੂਰਬੀ, ਦੱਖਣੀ ਦਿੱਲੀ ਤੱਕ ਯਮੁਨਾ ਦੇ ਪਾਣੀ ਦੀ ਮਾਰ ਹੋਈ ਅਤੇ ਸੜਕੀ ਮਾਰਗ ਬੰਦ ਹੋ ਕੇ ਰਹਿ ਗਏ।

ਮਯੂਰ ਵਿਹਾਰ ਦੇ ਫੇਜ਼ ਇੱਕ ਵਿੱਚ ਭਰੇ ਪਾਣੀ ਕਾਰਨ ਆਪਣਾ ਸਾਮਾਨ ਕੱਢ ਕੇ ਲਿਜਾਂਦੇ ਹੋਏ ਲੋਕ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਜ਼ੀਰਾਬਾਦ, ਚੰਦਰਵਾਲ ਤੇ ਓਖਲਾ ਵਾਟਰ ਟ੍ਰੀਟਮੈਂਟ ਪਲਾਂਟ ਬੰਦ ਕਰਨੇ ਪਏ ਤੇ ਪਾਣੀ ਦੀ 25 ਫੀਸਦੀ ਦੀ ਕਮੀ ਆਈ ਹੈ। ਦਿੱਲੀ ਵਿੱਚ ਵੀਰਵਾਰ ਨੂੰ ਫਿਰ ਤੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਜਿਸ ਨਾਲ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਮੱਧ ਅਤੇ ਦੱਖਣੀ ਦਿੱਲੀ ਦੇ ਕੁਝ ਹਿੱਸਿਆਂ ਜਿਵੇਂ ਲਾਜਪਤ ਨਗਰ, ਸਾਕੇਤ, ਮਾਲਵੀਆ ਨਗਰ, ਹੌਜ਼ ਖਾਸ ਅਤੇ ਜੰਗਪੁਰਾ ਵਿੱਚ ਹਲਕੀ ਬਾਰਿਸ਼ ਹੋਈ। ਘੱਟੋ-ਘੱਟ ਤਾਪਮਾਨ 26.2 ਡਿਗਰੀ ਸੈਲਸੀਅਸ ’ਤੇ ਰਿਹਾ ਜੋ ਸੀਜ਼ਨ ਦੀ ਔਸਤ ਤੋਂ ਇਕ ਡਿਗਰੀ ਘੱਟ ਹੈ ਜਦਕਿ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਸੀ। ਦਿੱਲੀ ਸ਼ਹਿਰ ਦੀ ਜੀਵਨ ਰੇਖਾ ਦਿੱਲੀ ਮੈਟਰੋ ਨੂੰ ਵੀ ਨੁਕਸਾਨ ਪਹੁੰਚਿਆ ਕਿਉਂਕਿ ਯਮੁਨਾ ਦਾ ਪਾਣੀ ਸੜਕਾਂ ’ਤੇ ਆ ਗਿਆ ਸੀ। ਡੀਐੱਮਆਰਸੀ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਮੈਟਰੋ ਰੇਲ ਗੱਡੀਆਂ ਸਾਵਧਾਨੀ ਦੇ ਤੌਰ ’ਤੇ 30 ਕਿਲੋਮੀਟਰ ਪ੍ਰਤੀ ਘੰਟਾ ਦੀ ਸੀਮਤ ਰਫਤਾਰ ਨਾਲ ਚਾਰ ਯਮੁਨਾ ਪੁਲਾਂ ਨੂੰ ਪਾਰ ਕਰ ਰਹੀਆਂ ਸਨ। ਬਲੂ ਲਾਈਨ ’ਤੇ ਯਮੁਨਾ ਬੈਂਕ ਮੈਟਰੋ ਸਟੇਸ਼ਨ ’ਤੇ ਯਾਤਰੀਆਂ ਦੀ ਐਂਟਰੀ ਅਤੇ ਨਿਕਾਸ ਦਰਿਆ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਅਸਥਾਈ ਤੌਰ ’ਤੇ ਬੰਦ ਕਰ ਦਿੱਤੀ ਗਈ ਸੀ।

Advertisement

ਆਪਣੇ ਪਸ਼ੂਆਂ ਨੂੰ ਹੜ੍ਹ ਦੇ ਪਾਣੀ ’ਚੋਂ ਬਾਹਰ ਕੱਢਦੇ ਹੋਏ ਨੌਜਵਾਨ।

ਫਰੀਦਾਬਾਦ (ਪੱਤਰ ਪ੍ਰੇਰਕ): ਜ਼ਿਲੇ ’ਚ ਭਾਰੀ ਮੀਂਹ ਕਾਰਨ ਪੈਦਾ ਹੋਈ ਸਥਿਤੀ ਦੇ ਵਿਚਕਾਰ ਨਗਰ ਨਿਗਮ ਦੇ ਕਮਿਸ਼ਨਰ ਜਤਿੰਦਰ ਦਹੀਆ ਨੇ ਵੀਰਵਾਰ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਯਮੁਨਾ ਨਦੀ ਦੇ ਨਾਲ ਲੱਗਦੇ ਇਲਾਕਿਆਂ ਦਾ ਨਿਰੀਖਣ ਕੀਤਾ। ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਆਸਪਾਸ ਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ। ਲਾਈਨ ਨੰਬਰ 4,5,6,7 ਅਤੇ 8 ਪਾਣੀ ਭਰ ਜਾਣ ਕਾਰਨ ਪ੍ਰਭਾਵਿਤ ਹੋਏ ਹਨ। ਜਿਸ ਕਾਰਨ ਅਗਲੇ 48 ਘੰਟਿਆਂ ਲਈ ਰਾਜੀਵ ਕਲੋਨੀ ਸੈਕਟਰ-55, ਐਫ ਬਲਾਕ ਸੰਜੇ ਕਲੋਨੀ, ਸੈਕਟਰ-52 ਦੇ ਦੋਵੇਂ ਪਾਸੇ, ਪਾਰਵਤੀਆ ਕਲੋਨੀ, ਜਵਾਹਰ ਕਲੋਨੀ, ਸੰਜੇ ਐਨਕਲੇਵ, ਮਸਜਿਦ ਮੁਹੱਲਾ, ਐਸ.ਜੀ.ਐਮ. ਨਗਰ, ਰਾਜਸਥਾਨੀ ਕਲੋਨੀ-1,2, ਆਦਰਸ਼ ਕਲੋਨੀ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਨਦੀ ਕਨਿਾਰੇ ਵਸੇ ਬਸੰਤਪੁਰ ਦੀ ਇੱਕ ਕਲੋਨੀ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਤੇ 78 ਲੋਕ ਨੂੰ ਕੌਮੀ ਆਫ਼ਤ ਪ੍ਰਬੰਧਨ (ਐਨਡੀਆਰਐੱਫ) ਦੀ ਟੀਮ ਨੇ ਸੁਰੱਖਿਅਤ ਕੱਢਿਆ ਗਿਆ।

ਹੜ੍ਹ ਦੇ ਪਾਣੀ ਵਿੱਚ ਫਸੇ ਕੁੱਤੇ ਨੂੰ ਸੁਰੱਖਿਅਤ ਬਾਹਰ ਕੱਢਦਾ ਹੋਇਆ ਨੌਜਵਾਨ। -ਫੋਟੋਆਂ: ਪੀਟੀਆਈ,ਏਐੱਨਆਈ, ਰਾਇਟਰਜ਼

ਮਰੀਜ਼ਾਂ ਨੂੰ ਟਰੌਮਾ ਸੈਂਟਰ ਤੋਂ ਐੱਲਐੱਨਜੇਪੀ ਹਸਪਤਾਲ ’ਚ ਤਬਦੀਲ ਕੀਤਾ

ਉੱਤਰੀ ਦਿੱਲੀ ਵਿੱਚ ਦਿੱਲੀ ਸਰਕਾਰ ਦੁਆਰਾ ਚਲਾਏ ਜਾ ਰਹੇ ਟਰੌਮਾ ਸੈਂਟਰ ਦੇ ਅਹਾਤੇ ਵਿੱਚ ਪਾਣੀ ਦਾਖਲ ਹੋਣ ਲੱਗਿਆ। ਅਧਿਕਾਰੀਆਂ ਨੇ ਵੀਰਵਾਰ ਨੂੰ ਲਗਪੱਗ 40 ਮਰੀਜ਼ਾਂ ਨੂੰ ਐੱਲਐੱਨਜੇਪੀ ਹਸਪਤਾਲ ਵਿੱਚ ਭੇਜਣਾ ਸ਼ੁਰੂ ਕੀਤਾ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਦਿੱਲੀ ਦੇ ਸਥਿਤ ਸੁਸ਼ਰੁਤਾ ਟਰੌਮਾ ਸੈਂਟਰ ਤੋਂ ਸ਼ਿਫਟ ਕੀਤੇ ਜਾਣ ਵਾਲਿਆਂ ਵਿੱਚ ਤਿੰਨ ਆਈਸੀਯੂ ਮਰੀਜ਼ ਸਨ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਟਰੌਮਾ ਸੈਂਟਰ ਦੇ ਮੁੱਖ ਗੇਟ ’ਤੇ ਪਾਣੀ ਭਰ ਗਿਆ ਕਿਉਂਕਿ ਇਸ ਦੇ ਅੰਦਰ ਪਾਣੀ ਦਾਖਲ ਹੋ ਗਿਆ ਹੈ। ਡਾਕਟਰਾਂ ਨੇ ਕਿਹਾ ਕਿ ਤਿੰਨ ਮਰੀਜ਼ਾਂ ਸਮੇਤ ਲਗਪੱਗ 40 ਮਰੀਜ਼ਾਂ ਨੂੰ ਕੇਂਦਰੀ ਦਿੱਲੀ ਦੇ ਸ਼ਹਿਰ ਸਰਕਾਰ ਦੁਆਰਾ ਚਲਾਏ ਜਾ ਰਹੇ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ (ਐੱਲਐੱਨਜੇਪੀ) ਵਿੱਚ ਭੇਜਿਆ। ਇੱਕ ਸੀਨੀਅਰ ਡਾਕਟਰ ਨੇ ਕਿਹਾ ਕਿ ਇੱਕ ਆਈਸੀਯੂ ਮਰੀਜ਼ ਨੂੰ ਦੁਪਹਿਰ 2: 30 ਵਜੇ ਤੱਕ ਸ਼ਿਫਟ ਕੀਤਾ ਗਿਆ ਅਤੇ ਬਾਕੀਆਂ ਨੂੰ ਐਂਬੂਲੈਂਸਾਂ ਵਿੱਚ ਸ਼ਿਫਟ ਕੀਤਾ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਨਿੱਤਰੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤਰੀ ਭਾਰਤ ਵਿੱਚ ਹੜ੍ਹਾਂ ਨਾਲ ਪ੍ਰਭਾਵਤ ਲੋਕਾਂ ਦੀ ਮਦਦ ਵਾਸਤੇ ਨਿੱਤਰ ਆਈ ਹੈ। ਦਿੱਲੀ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਵਾਸਤੇ ਰੋਜ਼ਾਨਾ 10 ਹਜ਼ਾਰ ਤੋਂ ਵੱਧ ਲੋਕਾਂ ਲਈ ਲੰਗਰ, ਪਾਣੀ, ਦਵਾਈਆਂ ਤੇ ਹੋਰ ਸਹਾਇਤਾ ਦਿੱਤੀ ਜਾ ਰਹੀ ਹੈ। ਪੰਜਾਬ ਵਿੱਚ ਵੀ ਹੜ੍ਹ ਪ੍ਰਭਾਵਤ ਲੋਕਾਂ ਦੀ ਮਦਦ ਵਾਸਤੇ ਟੀਮਾਂ ਰਵਾਨਾਂ ਕੀਤੀਆਂ ਗਈਆਂ ਹਨ। ਕਮੇਟੀ ਪ੍ਰਧਾਨ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਉੱਤਰੀ ਭਾਰਤ ਵਿੱਚ ਖਾਸ ਤੌਰ ’ਤੇ ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਹੜ੍ਹਾਂ ਦੇ ਹਾਲਾਤ ਗੰਭੀਰ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਾਲ 1978 ਤੋਂ ਬਾਅਦ ਪਹਿਲੀ ਵਾਰ ਹੈ ਕਿ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਇਸ ਕਿਸਮ ਨਾਲ ਖ਼ਤਰੇ ਦੇ ਪੱਧਰ ਤੋਂ ਟੱਪਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਵੀ ਯਮੁਨਾ ਨਦੀ ਵਿਚ ਪਾਣੀ ਖ਼ਤਰੇ ਦੇ ਪੱਧਰ ਤੋਂ ਵੱਧਣ ਮਗਰੋਂ ਯਮੁਨਾ ਪਾਰ ਦੇ ਇਲਾਕਿਆਂ ਗੁਰਦੁਆਰਾ ਮਜਨੂੰ ਕਾ ਟਿੱਲਾ, ਬਦਰਪੁਰ, ਜੈਤਪੁਰ ਆਦਿ ਵਿਚ ਲੋਕਾਂ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਰਾਜਘਾਟ ਵਿਖੇ ਵੀ ਅਨੇਕਾਂ ਥਾਵਾਂ ਤੋਂ ਲੋਕ ਨਿਕਲ ਕੇ ਬਾਹਰ ਆ ਗਏ ਹਨ।

ਨਗਰ ਨਿਗਮ ਹਾਈ ਅਲਰਟ ’ਤੇ

ਦਿੱਲੀ ਨਗਰ ਨਿਗਮ ਹੜ੍ਹਾਂ ਨਾਲ ਨਜਿੱਠਣ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ। ਇਸ ਦੇ ਕੁਝ ਖੇਤਰਾਂ ਵਿੱਚ ਸਥਿਤੀ ਹੜ੍ਹਾਂ ਵਰਗੀ ਬਣੀ ਹੋਈ ਹੈ, ਜਦੋਂ ਕਿ ਫੀਲਡ ਸਟਾਫ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਹਾਈ ਅਲਰਟ ’ਤੇ ਹੈ। ਆਪਣੇ ਕੇਂਦਰੀ ਜ਼ੋਨ, ਸਿਟੀ ਸਦਰ-ਪਹਾੜਗੰਜ ਜ਼ੋਨ, ਸਿਵਲ ਲਾਈਨਜ਼ ਜ਼ੋਨ, ਸ਼ਾਹਦਰਾ (ਉੱਤਰੀ) ਜ਼ੋਨ ਅਤੇ ਸ਼ਾਹਦਰਾ (ਦੱਖਣੀ) ਜ਼ੋਨ ਵਿੱਚ ਸਥਿਤ ਕੁਝ ਖੇਤਰਾਂ ਵਿੱਚ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਜੰਗੀ ਪੱਧਰ ’ਤੇ ਕੰਮ ਕਰ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਐੱਮਸੀਡੀ ਦੀ ਵਾਤਾਵਰਣ ਪ੍ਰਬੰਧਨ ਸੇਵਾ (ਡੀਈਐਮਐਸ) ਸਿੰਜਾਈ ਤੇ ਹੜ੍ਹ ਕੰਟਰੋਲ ਵਿਭਾਗ ਨਾਲ ਕੰਮ ਕਰ ਰਹੀ ਹੈ ਤੇ ਪੰਪ ਤਾਇਨਾਤ ਕੀਤੇ ਹਨ ਜਿੱਥੇ ਨਾਲੀਆਂ ਯਮੁਨਾ ਵਿੱਚ ਡਿੱਗਦੀਆਂ ਹਨ। ਉਨ੍ਹਾਂ ਦੱਸਿਆ ਕਿ ਕਾਰਪੋਰੇਸ਼ਨ ਦੇ ਹਰੇਕ ਜ਼ੋਨ ਨੂੰ 5,000 ਰੇਤ ਦੀਆਂ ਬੋਰੀਆਂ ਤਿਆਰ ਕਰਨ ਦਾ ਕੰਮ ਸੌਂਪਿਆ ਜੋ ਹੜ੍ਹਾਂ ਦੀ ਸਥਿਤੀ ਵਿੱਚ ਵਰਤੇ। ਐੱਮਸੀਡੀ ਦੇ ਜਨ ਸਿਹਤ ਵਿਭਾਗ ਨੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।

ਦਿੱਲੀ ਦੇ ਵਿਦਿਅਕ ਅਦਾਰੇ ਐਤਵਾਰ ਤੱਕ ਬੰਦ: ਕੇਜਰੀਵਾਲ

ਦਿੱਲੀ ’ਚ ਯਮੁਨਾ ਦੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਤੱਕ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਯਮੁਨਾ ’ਚ ਪਾਣੀ ਦਾ ਪੱਧਰ ਵਧਣ ਸਬੰਧੀ ਵੀਰਵਾਰ ਨੂੰ ਡੀਡੀਐੱਮਏ ਦੀ ਮੀਟਿੰਗ ਹੋਈ ਜਿਸ ’ਚ ਕਈ ਅਹਿਮ ਫ਼ੈਸਲੇ ਲਏ ਗਏ। ਦਿੱਲੀ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਵੀ ਖੜ੍ਹਾ ਹੋ ਗਿਆ ਹੈ। ਕੇਜਰੀਵਾਲ ਨੇ ਦੱਸਿਆ ਕਿ ਯਮੁਨਾ ਦੇ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਹੈ। ਇਸ ਲਈ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਦਿੱਲੀ ਸਰਕਾਰ ਦੇ ਸਾਰੇ ਦਫ਼ਤਰਾਂ ਨੂੰ ਐਤਵਾਰ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਸਾਰੇ ਕਰਮਚਾਰੀ ਐਤਵਾਰ ਤੱਕ ਘਰ ਤੋਂ ਕੰਮ ਕਰਨਗੇ। ਪ੍ਰਾਈਵੇਟ ਅਦਾਰਿਆਂ ਨੂੰ ਵੀ ਐਡਵਾਈਜ਼ਰੀ ਜਾਰੀ ਕਰ ਕੇ ਵੱਧ ਤੋਂ ਵੱਧ ਕੰਮ ਘਰੋਂ ਕਰਨ ਦੀ ਅਪੀਲ ਕੀਤੀ ਹੈ।

Advertisement
Tags :
ਇਲਾਕੇਕੌਮੀਯਮੁਨਾਰਾਜਧਾਨੀ
Advertisement